
ਵਾਤਾਵਰਣ ਮੰਤਰੀ ਸ੍ਰੀ ਮੈਟ ਕੀਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਇੱਥੋਂ ਦੇ ਨੈਸ਼ਨਲ ਪਾਰਕ ਦੇ ਖੇਤਰ ਅੰਦਰ ਵਾਧਾ ਕਰਦਿਆਂ ਇਸ ਵਿੱਚ 270,000 ਹੈਕਟੇਅਰ ਦੇ ਖੇਤਰ ਦਾ ਇਜ਼ਾਫ਼ਾ ਕੀਤਾ ਹੈ ਜਦੋਂ ਕਿ ਪਹਿਲਾਂ ਤੋਂ ਸਰਕਾਰ ਦਾ 2021 ਤੱਕ ਦਾ 200,000 ਹੈਕਟੇਅਰ ਦਾ ਟੀਚਾ ਮਿੱਥਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 2005 ਤੋਂ ਬਾਅਦ ਇਸ ਤਰਾ੍ਹਂ ਦਾ ਵਾਧਾ ਪਹਿਲੀ ਵਾਰ ਇੱਕ ਦਿਨ ਵਿੱਚ ਹੋਣ ਵਾਲਾ ਸਭ ਤੋਂ ਵੱਡਾ ਵਾਧਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਸਰਕਾਰ ਨੇ 2022 ਤੱਕ ਇਸ ਖੇਤਰ ਅੰਦਰ ਆਪਣੇ ਪਹਿਲੇ ਤੋਂ ਮਿੱਥੇ ਟੀਚਿਆਂ ਨੂੰ ਦੁਗਣਾ ਕਰਦਿਆਂ 400,000 ਹੈਕਟੇਅਰ ਤੱਕ ਕਰ ਦਿੱਤਾ ਹੈ। ਇਸ ਦੀ ਤਰਤੀਬ ਇਸ ਪ੍ਰਕਾਰ ਹੈ ਕਿ ਨੈਰੀਐਰਾ ਕੈਰਿਆਪੁੰਡੀ ਸਵੈਂਪ ਨੈਸ਼ਨਲ ਪਾਰਕ ਦਾ 153,682 ਹੈਕਟੇਅਰ, ਕੇਪਰਟਰੀ ਨੈਸ਼ਨਲ ਪਾਰਕ ਦਾ 1,057 ਹੈਕਟੇਅਰ, ਮਾਰੀਆ ਨੈਸ਼ਨਲ ਪਾਰਕ ਦਾ 66 ਹੈਕਟੇਅਰ, ਮੂੰਗੋ ਨੈਸ਼ਨਲ ਪਾਰਕ (Travelling Stock Reserves) (ਟੀ.ਐਸ.ਆਰ.) ਦਾ 7,074 ਹੈਕਟੇਅਰ, ਸਟਰਟ ਨੈਸ਼ਨਲ ਪਾਰਕ (ਟੀ.ਐਸ.ਆਰ.) ਦਾ 17,479 ਹੈਕਟੇਅਰ ਆਦਿ ਇਲਾਕੇ ਸ਼ਾਮਿਲ ਹਨ। ਉਨ੍ਹਾਂ ਇਹ ਵੀ ਕਿਹਾ ਸਰਕਾਰ, ਸਥਾਨਕ ਲੋਕਾਂ, ਕਿਸਾਨਾਂ, ਅਤੇ ਹੋਰਾਂ ਨਾਲ ਮਿਲ ਕੇ ਇੱਥੋਂ ਦੇ ਇਲਾਕਿਆਂ ਦੀ ਡਿਵੈਲਪਮੈਂਟ ਵਾਸਤੇ ਅਜਿਹਾ ਕਦਮ ਚੁੱਕ ਰਹੀ ਹੈ ਕਿਉਂਕਿ ਸਮੇਂ ਦੀ ਸਰਕਾਰ ਹਰ ਤਰਫੋਂ ਸਮੁੱਚੇ ਰਾਜ ਦੀ ਡਿਵੈਲਪਮੈਂਟ ਵਾਸਤੇ ਵਚਨਬੱਧ ਹੈ ਅਤੇ ਲਗਾਤਾਰ ਕਿਰਿਆਸ਼ੀਲ ਵੀ ਹੈ।