ਨੈਸ਼ਨਲ ਕਬੱਡੀ: ਨਿਊਜ਼ੀਲੈਂਡ ਤੋਂ ਮਲੇਸ਼ੀਆ

– ਵਰਲਡ ਕੱਪ ਕਬੱਡੀ ਮੀਲਾਕਾ (ਮਲੇਸ਼ੀਆ) ਦੇ ਲਈ ਤਿਆਰੀਆਂ ‘ਚ ਹੈ ਮੁੰਡਿਆ ਅਤੇ ਕੁੜੀਆਂ ਦੀ ਟੀਮ

– ਮਲੇਸ਼ੀਆ ‘ਚ ਹੋਏ ਡ੍ਰਾਅ ਸਮਾਗਮ ਤੋਂ ਬਾਅਦ ਮਿਲੀ ਹਰੀ ਝੰਡੀ-6 ਤੋਂ 14 ਅਪ੍ਰੈਲ ਤੱਕ ਹੋਣਗੇ ਦਰਜਨਾਂ ਟੂਰਨਾਮੈਂਟ

(ਵਰਲਡ ਕੱਪ ਕਬੱਡੀ ਮਲੇਸ਼ੀਆ ਦੇ ਮੈਚਾਂ ਦਾ ਐਲਾਨ ਮੌਕੇ ਇਕੱਤਰ ਵੱਖ-ਵੱਖ ਦੇਸ਼ਾਂ ਦੇ ਕਬੱਡੀ ਪ੍ਰਬੰਧਕ)
(ਵਰਲਡ ਕੱਪ ਕਬੱਡੀ ਮਲੇਸ਼ੀਆ ਦੇ ਮੈਚਾਂ ਦਾ ਐਲਾਨ ਮੌਕੇ ਇਕੱਤਰ ਵੱਖ-ਵੱਖ ਦੇਸ਼ਾਂ ਦੇ ਕਬੱਡੀ ਪ੍ਰਬੰਧਕ)

ਔਕਲੈਂਡ 25 ਫਰਵਰੀ -ਕਹਿੰਦੇ ਨੇ ਜਿਸ ਨੂੰ ਖੇਡਣ ਜਾਂ ਖਿਡਾਉਣ ਦੀ ਤਰਲੋਮੱਛੀ ਲੱਗ ਜਾਵੇ ਫਿਰ ਉਹ ਨਾ ਆਪ ਬੈਠਦਾ ਤੇ ਨਾ ਹੀ ਖਿਡਾਰੀਆਂ ਨੂੰ ਬੈਠਣ ਦਿੰਦਾ। ਸ. ਤਾਰਾ ਸਿੰਘ ਬੈਂਸ ਵੀ ਸ਼ਾਇਦ ਇਸ ਕਰਕੇ ਨਹੀਂ ਬੈਠਦਾ। ਇਨ੍ਹਾਂ ਨੇ ਪਹਿਲਾਂ ਨਿਊਜ਼ੀਲੈਂਡ ਦੇ ਵਿਚ ਪਹਿਲਾਂ ਕੁੜੀਆਂ ਦੀ ਕਬੱਡੀ ਟੀਮ ਨੂੰ ਤਿੰਨ ‘ਭਾਰਤੀ ਵਿਸ਼ਵ ਕੱਪਾਂ’ ਦੇ ਵਿਚ ਲਿਜਾ ਕੇ ਪੂਰੇ ਨਿਊਜ਼ੀਲੈਂਡ ਵਸਦੇ ਭਾਈਚਾਰੇ ਅਤੇ ਦੇਸ਼ ਦਾ ਝੰਡਾ ਬੁਲੰਦ ਕੀਤਾ ਫਿਰ ਵਿਸ਼ਵ ਪੱਧਰ ਉਤੇ ਹਰਮਨ ਪਿਆਰੀ ਹੋ ਰਹੀ ਖੇਡ ‘ਨੈਸ਼ਨਲ ਕਬੱਡੀ’ ਉਤੇ ਵੀ ਅਜਿਹੀ ਨਿਗ੍ਹਾ ਰੱਖੀ ਕਿ ਨਿਊਜ਼ੀਲੈਂਡ ਦੇ ਮੂਲ ਮਾਓਰੀ ਮੁੰਡਿਆਂ ਅਤੇ ਕੁੜੀਆਂ ਦੇ ਵਿਚੋਂ ਇਹ ਪ੍ਰਤਿਭਾ ਖੋਜਣ ਦੀ ਕਾਰਵਾਈ ਸ਼ੁਰੂ ਕੀਤੀ। ਮਹੀਨੇ-ਦੋ ਮਹੀਨੇ ਦੇ ਵਿਚ ਇਥੋਂ ਦੇ ਮੁੰਡੇ ਕਬੱਡੀ ਖੇਡ ਨੂੰ ਸਮਝਣ ਲੱਗੇ ਅਤੇ ਟ੍ਰਾਇਲ ਦੇ ਤੌਰ ‘ਤੇ ਪਹਿਲੀ ਵਾਰ ਨੈਸ਼ਨਲ ਕਬੱਡੀ ਦੇ ਮੈਚ ਨਿਊਜ਼ੀਲੈਂਡ ‘ਚ ਪਿਛਲੇ ਸਾਲ ਅਕਤੂਬਰ ਕਰਵਾ ਦਿੱਤੇ। ਇਥੇ ਆਸਟਰੇਲੀਆ ਤੋਂ ਟੀਮ ਵੀ ਖੇਡਣ ਪਹੁੰਚੀ ਸੀ ਤੇ ਕੁੱਲ 6 ਟੀਮਾਂ ਸਨ। ਇਸ ਤੋਂ ਬਾਅਦ ਸ. ਤਾਰਾ ਸਿੰਘ ਦੀ ਨਜ਼ਰ ਵਿਸ਼ਵ ਪੱਧਰ ਉਤੇ ਹੋ ਰਹੇ ਨੈਸ਼ਨਲ ਕਬੱਡੀ ਮੈਚਾਂ ਲਈ ਇਧਰ ਉਧਰ ਘੁੰਮਣ ਲੱਗੀ। ਜਲਦੀ ਹੀ ਉਨ੍ਹਾਂ ਇੰਡੀਆ ਵਿਖੇ ਪਿਛਲੇ ਸਾਲ ਨਵੰਬਰ ‘ਚ ਹੋਏ ਨੈਸ਼ਨਲ ਮੈਚਾਂ ਵਿਚ ਕੁੜੀਆਂ ਲਿਜਾ ਕੇ ਹੋਰ ਪ੍ਰੈਕਟਿਸ ਕਰਵਾ ਦਿੱਤੀ। ਨਿਸ਼ਾਨਾ ਸੀ ਕਿ ਇਕ ਦਿਨ ਇਥੇ ਦੇ ਮੁੰਡੇ ਅਤੇ ਕੁੜੀਆਂ ਮਲੇਸ਼ੀਆ ਵਿਖੇ ਹੋਣ ਵਾਲੇ ਵਿਸ਼ਵ ਕਬੱਡੀ ਮੈਚਾਂ ਦੇ ਵਿਚ ਲੈ ਕੇ ਜਾਣੇ ਹਨ। ਬੀਤੀ 23 ਫਰਵਰੀ ਨੂੰ ਉਹ ਮਲੇਸ਼ੀਆ ਵਿਖੇ ਹੋਏ ਡ੍ਰਾਅ ਸਮਾਗਮ ਦੇ ਵਿਚ ਪਹੁੰਚੇ ਅਤੇ ਆਪਣੀਆਂ ਦੋਹਾਂ ਟੀਮਾਂ ਦੀ ਐਂਟਰੀ ਵਾਪਿਸ ਲੈ ਕੇ ਪਰਤੇ। ਨਿਊਜ਼ੀਲੈਂਡ ਟੀਮ ਰਜਿਸਟਰ ਕਰਵਾ ਲੈਣੀ ਇਕ ਵੱਡੀ ਪ੍ਰਾਪਤੀ ਹੈ, ਆਉਣ ਵਾਲੇ ਸਮੇਂ ਵਿਚ ਸਰਕਾਰਾਂ ਨੂੰ ਮਾਨਤਾ ਦੇਣੀ ਸੌਖੀ ਹੋ ਸਕੇਗੀ। ਮੀਲਾਕਾ ਰਾਜ ਦੇ ਮੁੱਖ ਮੰਤਰੀ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਸੀ ਤੇ ਸ. ਤਾਰਾ ਸਿੰਘ ਬੈਂਸ ਇਸ ਮੌਕੇ ਵਰਲਡ ਕਬੱਡੀ ਓਸ਼ੀਆਨਾ ਦੀ ਤਰਫ ਤੋਂ ਹਾਜ਼ਿਰ ਹੋਏ ਅਤੇ ਆਪਣੀ ਟੀਮ ਦੇ ਸਰਪ੍ਰਸਤੀ ਕੀਤੀ।

ਇਹ ਵਿਸ਼ਵ ਕੱਪ ਕਬੱਡੀ ਦੇ ਮੈਚ 6 ਅਪ੍ਰੈਲ ਤੋਂ 14 ਅਪ੍ਰੈਲ ਤੱਕ ਕਰਵਾਏ ਜਾ ਰਹੇ ਹਨ ਜਿਸ ਵਿਚ 32 ਟੀਮਾਂ ਮੁੰਡਿਆਂ ਦੀਆਂ ਅਤੇ ਕੁੜੀਆਂ ਦੀਆਂ 17 ਟੀਮਾਂ ਭਾਗ ਲੈ ਰਹੀਆਂ ਹਨ। ਇਨ੍ਹਾਂ ਵਿਚ ਨਿਊਜ਼ੀਲੈਂਡ, ਅਰਜਟੀਨਾ, ਹਾਂਗਕਾਂਗ, ਸਕਾਟਲੈਂਡ, ਇਜਪਟ, ਸ੍ਰੀਲੰਕਾ, ਕੀਨੀਆ, ਕੈਨੇਡਾ, ਲਿਬਲਾਨ, ਪਾਕਿਸਤਾਨ, ਇੰਗਲੈਂਡ, ਕੋਲੰਬੀਆ, ਉਗਾਂਡਾ, ਚਾਈਨੀਜ ਤਾਇਪੀ, ਤਨਜਾਨੀਆ, ਜਰਮਨ, ਮਲੇਸ਼ੀਆ, ਅਫਗਾਨਿਸਤਾਨ, ਡੈਨਮਾਰਕ, ਮਾਰੀਸ਼ਸ਼, ਇਰਾਕ, ਨਾਰਵੇ, ਫਿਲੀਪੀਨਜ਼, ਪੋਲੈਂਡ, ਯੂ.ਐਸ.ਏ, ਇਟਲੀ, ਜਿੰਬਾਬੇ, ਇੰਡੀਆ, ਆਸਟਰੇਲੀਆ, ਮੈਕਸੀਕੋ, ਬੁਲਗਾਰੀਆ, ਪੀਰੂ ਤੇ ਅਸਟਰੀਆ ਦੇਸ਼ ਭਾਗ ਲੈ ਰਹੇ ਹਨ।

ਨਿਊਜ਼ੀਲੈਂਡ ਦਾ ਖੇਡ ਦਲ: ਨਿਊਜ਼ੀਲੈਂਡ ਤੋਂ 12 ਪੁਰਸ਼ ਕੱਬਡੀ ਖਿਡਾਰੀ ਅਤੇ 12 ਮਹਿਲਾ ਕਬੱਡੀ ਖਿਡਾਰੀ ਤੇ ਪ੍ਰਬੰਧਕ ਜਾਣਗੇ।  ਖਿਡਾਰੀਆਂ ਦੀ ਟ੍ਰੇਨਿੰਗ ਲਗਾਤਾਰ ਜਾਰੀ ਹੈ। ਮੁੰਡਿਆਂ ਦੀ ਟੀਮ ਦੇ ਵਿਚ ਦੋ ਪੰਜਾਬੀ ਖਿਡਾਰੀ ਪਿੰਦਰ ਚਮਿਆਰਾ ਵਾਲਾ ਅਤੇ ਇਕਬਾਲ ਸਿੰਘ ਬਾਲਾ ਕਾਹਰੀ-ਸਾਹਰੀ ਜਾ ਰਿਹਾ ਹੈ। ਮੁੰਡਿਆਂ ਦਾ ਭਾਰ 85 ਕਿਲੋ ਤੱਕ ਰਹੇਗਾ ਜਦ ਕਿ ਕੁੜੀਆਂ ਦਾ 75 ਕਿਲੋ ਰਹੇਗਾ। ਕੁੜੀਆਂ ਦੀ ਕੋਚ ਐਲਿਜ਼ਾਬੇਥ ਮੋਟੋ ਰਹੇਗੀ ਜਦ ਕਿ ਮੁੰਡਿਆ ਦਾ ਕੋਚ ਮਨਜੀਤ ਸਿੰਘ ਬੱਲ੍ਹਾ ਰਹੇਗਾ। ਜੋ ਕਿ ਲੰਬੇ ਸਮੇਂ ਤੋਂ ਕੱਬਡੀ ਦੀ ਸੇਵਾ ਵਿਚ ਹਨ। ਇਹ ਵਰਲਲ ਕੱਪ ਕਬੱਡੀ ਮਲੇਸ਼ੀਆ ਦੀ ਸੈਂਟਰ ਤੇ ਰਾਜ ਸਰਕਾਰ ਵੱਲੋਂ ਹੋਵੇਗਾ।

Welcome to Punjabi Akhbar

Install Punjabi Akhbar
×