ਕੌਮੀ ਪੱਤਰਕਾਰਤਾ ਦਿਵਸ ਤੇ ਵਿਸ਼ੇਸ਼ – ਗਦਰੀ ਸਹੀਦ ਕਰਤਾਰ ਸਿੰਘ ਸਰਾਭਾ ਤੇ ਉਹਦੇ ਸਾਥੀਆਂ ਨੂੰ ਕਦੋਂ ਮਿਲੇਗਾ ਕੌਮੀ ਸਹੀਦਾਂ ਦਾ ਦਰਜਾ

press_freedom_fists_med

ਜਦੋਂ ਅਜਾਦੀ ਦਿਹਾੜਾ ਆਉਂਦਾ ਹੈ ਤਾਂ ਖੁਸ਼ੀ ਵਿੱਚ ਪੂਰਾ ਦੇਸ ਜਸਨ ਮਨਾਉਂਦਾ ਹੈ।ਸਾਰੇ ਦੇਸ ਵਿੱਚ ਦੋ ਦਿਨ 15ਅਗੱਸਤ ਅਤੇ 26 ਜਨਵਰੀ ਦੇ ਦਿਨ ਕੌਮੀ ਅਜਾਦੀ ਦਿਵਸ ਵਜੋਂ ਮਨਾ ਕੇ ਅਜਾਦੀ ਦੇ ਸਹੀਦਾਂ ਨੂੰ ਯਾਦ ਕਰਨ ਦੀ ਰਸਮ ਪੂਰੀ ਕੀਤੀ ਜਾਂਦੀ ਹੈ।ਉਪਰੋਕਤ ਦੋਨਾਂ ਦਿਨਾਂ ਦੀ ਮਹੱਤਤਾ ਜਿੰਨਾਂ ਸੂਰਵੀਰਾਂ ਕਰਕੇ ਹੈ ਅਸਲ ਵਿੱਚ ਉਹਨਾਂ ਨੂੰ ਯਾਦ ਨਹੀ ਕੀਤਾ ਜਾਂਦਾ,ਯਾਦ ਸਿਰਫ ਤੇ ਸਿਰਫ ਕੁੱਝ ਸਲੈਕਟਡ ਦੇਸ ਭਗਤਾਂ ਨੂੰ ਹੀ ਕੀਤਾ ਜਾਂਦਾ ਹੈ।ਦੇਸ ਦਾ ਸੰਵਿਧਾਂਨ ਲਿਖਣ ਵਾਲੇ ਡਾ.ਭੀਮ ਰਾਓ ਅੰਬੇਦਕਰ ਨੂੰ ਤਾਂ ਮਰਨ ਤੋਂ ਪਹਿਲਾਂ ਅਪਣਾ ਧਰਮ ਤਬਦੀਲ ਕਰਨ ਵਾਲਾ ਬੜਾ ਸਖਤ ਤੇ ਕਠਨ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਸੀ।ਜਿਹੜਾ ਦੇਸ ਤੇ ਅਜਾਦੀ ਤੋਂ ਵਾਅਦ ਕਾਬਿਜ ਰਹੀ ਬਹੁਗਿਣਤੀ ਦੀ ਹਕੂਮਤ ਦੇ ਮੱਥੇ ਤੇ ਨਾਂ ਮਿਟਣਯੋਗ ਕਾਲਾ ਧੱਬਾ ਹੈ।ਡਾ.ਅੰਬੇਦਕਰ ਦੀ ਮਿਹਨਤ ਦਾ ਕੀ ਮੁੱਲ ਪਿਆ,ਅਸੀਂ ਸਹਿਜੇ ਹੀ ਅੰਦਾਜਾ ਲਾ ਸਕਦੇ ਹਾਂ।ਏਸੇ ਤਰਾਂ ਦੇਸ ਦਾ ਸਾਤਰ ਹਾਕਮ ਟੋਲਾ ਬੜੀ ਮਕਾਰੀ ਤੇ ਚਲਾਕੀ ਨਾਲ ਭਾਰਤ ਲਈ ਸਹਾਦਤਾਂ ਦੇਣ ਵਾਲਿਆਂ ਨੂੰ ਅਜਾਦੀ ਦੀ ਲੜਾਈ ਚੋਂ ਵੀ ਮਨਫੀ ਕਰ ਦਿੰਦਾ ਹੈ।ਅਜਾਦੀ ਦੀ ਲੜਾਈ ਵਿੱਚ ਜਿੱਤ ਪਰਾਪਤੀ ਦਾ ਸਾਰਾ ਕਰੈਡਿਟ ਸਿਰਫ ਤੇ ਸਿਰਫ ਮਹਾਤਮਾ ਗਾਂਧੀ ਅਤੇ ਉਹਦੇ ਸਾਥੀਆਂ ਨਹਿਰੂ,ਪਟੇਲ ਆਦਿ ਨੂੰ ਹੀ ਦੇ ਦਿੱਤਾ ਜਾਂਦਾ ਹੈ।
ਅਸੀਂ ਕਦੇ ਇਹਨਾਂ ਗੱਲਾਂ ਦੀ ਡੁੰਘਾਈ ਵਿੱਚ ਜਾਣ ਦੀ ਕੋਸਿਸ ਹੀ ਨਹੀ ਕੀਤੀ।ਇਸ ਸਾਜਿਸ਼ ਪਿੱਛੇ ਬਹੁਤ ਗਹਿਰੇ ਭੇਦ ਛੁਪੇ ਹੋਏ ਹਨ।ਜਿੰਨਾਂ ਨੂੰ ਜਾਨਣ ਤੇ ਬੇਪਰਦ ਕਰਨ ਦੀ ਬੇ ਹੱਦ ਲੋੜ ਹੈ।ਪਰੰਤੂ ਜਿਹੜੀਆਂ ਕੌਮਾਂ ਖੁਦ ਹੀ ਆਪਣੇ ਪੁਰਖਿਆਂ ਨੂੰ ਵਿਸਾਰ ਦੇਣ ਉਹਨਾਂ ਵੱਲੋਂ ਘਾਲੀਆਂ ਘਾਲਣਾਵਾਂ ਨੂੰ ਭੁੱਲ ਜਾਣ ਫਿਰ ਦੂਜਿਆਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ।  ।ਸਾਡੇ ਸਿਆਸਤਦਾਨ ਆਪਣੀਆਂ ਰੋਟੀਆਂ ਸੇਕਣ ਲਈ ਜਦੋਂ ਕਿਤੇ ਇਹਨਾ ਕੁਰਬਾਨੀਆਂ ਦੀ ਗੱਲ ਕਰਦੇ ਕਹਿੰਦੇ ਹਨ ਕਿ ਪੰਜਾਬ ਨੇ ਸਾਰੇ ਦੇਸ ਤੋਂ ਵੱਧ ਕੁਰਬਾਨੀਆਂ ਦੇਸ ਦੀ ਅਜਾਦੀ ਲਈ ਕੀਤੀਆਂ ਹਨ।90 ਫੀਸਦੀ ਸਹੀਦੀਆਂ ਅਜਾਦੀ ਦੀ ਲੜਾਈ ਵਿੱਚ ਇਕੱਲੇ ਪੰਜਾਬੀ ਸੂਰਵੀਰਾਂ ਨੇ ਦਿੱਤੀਆਂ ਹਨ ।ਉਦੋਂ ਸਿੱਖ ਕੌਂਮ ਨੇ ਕਦੇ ਵੀ ਇਹ ਸੁਆਲ ਉਹਨਾਂ ਸਿਆਸਤਦਾਨਾਂ ਨੂੰ ਨਹੀ ਕੀਤਾ ਜੋ ਇਹਨਾਂ ਸਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੱਟਣਾ ਤਾਂ ਜਾਂਣਦੇ ਹਨ ਪਰ ਅਪਣੇ ਕੌਮੀ ਸਹੀਦਾਂ ਦਾ ਮੁੱਲ ਪਾਉਂਣਾ ਜਾਂ ਪਵਾਉਂਣਾ ਨਹੀ ਜਾਣਦੇ।ਅਸੀ ਕਦੇ ਵੀ ਇਹ ਨਹੀ ਪੁੱਛਿਆ ਕਿ ਅਕਸਰ ਉਹ ਯੋਧੇ ਕੌਣ ਸਨ? ਉਹਨਾਂ ਦਾ ਇਤਿਹਾਸ ਕੀ ਹੈ? ਉਹਨਾਂ ਨੂੰ ਅਜਾਦੀ ਦੀ ਲੜਾਈ ਜਿੱਤਣ ਤੋਂ ਵਾਅਦ ਹਾਸੀਏ ਤੇ ਖੜਾ ਕਰਨ ਵਾਲੇ ਲੋਕ ਕੌਣ ਹਨ ?
ਅਸੀਂ ਉਹਨਾਂ ਨੂੰ ਯਾਦ ਕਿਉਂ ਨਹੀ ਕਰਦੇ?ਸਰਕਾਰਾਂ ਉਹਨਾਂ ਦਾ ਨਾਮ ਤੱਕ ਲੈਣ ਤੋਂ ਕਿਉਂ ਕਤਰਾਉਂਦੀਆਂ ਹਨ? ਸਾਡੀ ਆਪਣੀ ਕੌਂਮ ਦੇ ਆਗੂਆਂ ਤੋਂ ਸਾਨੂੰ ਇਹ ਸੁਆਲ ਜਰੂਰ ਪੁੱਛਣੇ ਬਣਦੇ ਹਨ। ਅੱਜ ਜਦੋਂ ਅਸੀਂ ਅਜਾਦੀ ਦੇ ਓਸ ਪਰਵਾਨੇ ਦੀ ਗੱਲ ਕਰਨ ਲੱਗੇ ਹਾਂ ਜੀਹਨੇ ਬਹੁਤ ਛੋਟੀ ਉਮਰ ਵਿੱਚ ਬਹੁਤ ਵੱਡਾ ਯੋਗਦਾਨ ਅਜਾਦੀ ਦੀ ਲੜਾਈ ਵਿੱਚ ਪਾਇਆ ਤੇ ਪੱਤਰਕਾਰਤਾ ਦੇ ਖੇਤਰ ਵਿੱਚ ਦੂਸਰੀ ਲਾਸਾਂਨੀ ਸ਼ਹਾਦਤ ਦੇਣ ਦਾ ਮਾਣ ਹਾਸਲ ਕੀਤਾ ( ਪੱਤਰਕਾਰਤਾ ਦੇ ਪਹਿਲੇ ਸਹੀਦ ਸਹਿਬ ਸ੍ਰੀ ਗੁਰੂ ਅਰਜਣ ਦੇਵ ਜੀ ਹਨ ਜਿੰਨਾਂ ਨੇ ਜੁਗੋ ਜੁਗ ਅਟੱਲ ਗੁਰੂ ਗਰੰਥ ਸਹਿਬ ਦੀ ਸੰਪਾਦਨਾ ਕਰਕੇ ਦੁਨੀਆਂ ਨੂੰ ਹਰ ਚੜਦੇ ਸੂਰਜ ਨਵੀਂ ਸਿਖਿਆ ਦੇਣ ਵਾਲੀ ਤੇ ਰਹਿੰਦੀ ਦੁਨੀਆਂ ਤੱਕ ਰੋਜਾਨਾ ਹੀ ਨਵੀਂ ਜਾਣਕਾਰੀ ਪਰਦਾਨ ਕਰਨ ਵਾਲੀ ਸਰਬ ਸਾਂਝੀ ਗੁਰਬਾਣੀ ਲੋਕਤਾਂ ਨੂੰ ਅਰਪਣ ਕੀਤੀ। )ਤਾਂ ਸਾਡਾ ਇਹ ਵੀ ਫਰਜ ਬਣਦਾ ਹੈ ਕਿ ਅਸੀਂ ਇਤਿਹਾਸ ਦੇ ਉਹਨਾਂ ਪੰਨਿਆਂ ਤੇ ਵੀ ਝਾਤ ਜਰੂਰ ਮਾਰੀਏ ਜਿਹੜੇ ਹੁਣ ਤੱਕ ਅਣ ਦੇਖੀ ਦਾ ਸਿਕਾਰ ਹੁੰਦੇ ਰਹੇ ਹਨ। ਅਮਰੀਕਾ ਦੇ ਸਾਨਫਰਾਂਸਿਸਕੋ ਸਹਿਰ ਵਿੱਚ ਨਵੰਬਰ 1913 ਨੂੰ ਗਦਰ ਪਾਰਟੀ ਦੀ ਸਥਾਪਨਾਂ ਹੋਈ  ਇਸ ਪਾਰਟੀ ਦਾ ਪਹਿਲਾ  ਪਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ ਬਣਾਇਆ ਗਿਆ।
ਇਸ ਪਾਰਟੀ ਦੇ ਪਰੋਗਰਾਮ ਵਿੱਚ ਅਜਾਦੀ ਦੀ ਲੜਾਈ ਦੇ ਨਾਲ ਨਾਲ ਗੁਰਬਾਣੀ ਦੇ ਮੂਲ ਸਿਧਾਂਤ ਅਨੁਸਾਰ ਔਰਤਾਂ ਨੂੰ ਬਰਾਬਰ ਦੇ ਅਧਿਕਾਰ, ਸਰਬ ਸਾਂਝੀਵਾਲਤਾ,ਅਤੇ ਕਿਸਮਤਵਾਦ ਤੇ ਅੰਧ ਵਿਸਵਾਸ ਨੂੰ ਖਤਮ ਕਰਨ ਦੇ ਉਪਰਾਲੇ ਕਰਨਾ ਵੀ ਸਾਮਲ ਹੈ ।ਇੱਕ ਬਹੁਤ ਛੋਟੀ ਉਮਰ ਦਾ ਹੋਣਹਾਰ ਦੇਸ ਭਗਤ ਸਿੱਖ ਬੱਚਾ ਸੀ ਕਰਤਾਰ ਸਿੰਘ ਸਰਾਭਾ, ਜਿਸਦੀ ਕਾਬਲੀਅਤ ਨੂੰ ਪਛਾਣਦਿਆਂ ਗਦਰ ਪਾਰਟੀ ਨੇ ਉਹਨੂੰ ਅਪਣਾ ਪਰਚਾਰਕ ਨਿਯੁਕਤ ਕਰਕੇ ਉਰਦੂ ਅਤੇ ਪੰਜਾਬੀ ਵਿੱਚ ਨਿਕਲਣ ਵਾਲੇ ਹਫਤਾਵਰੀ ਅਖਵਾਰ “ਗਦਰ ਦੀ ਗੂੰਜ”ਦੇ ਸੰਪਾਦਕ ਦੀ ਵੱਡੀ ਜੁੰਮੇਵਾਰੀ ਵੀ ਦਿੱਤੀ ਤਾਂ ਕਿ ਲੋਕਾਂ ਨੂੰ ਇਸ ਲੜਾਈ ਵਿੱਚ ਅਪਣੇ ਨਾਲ ਜੋੜਿਆ ਜਾ ਸਕੇ।ਕਰਤਾਰ ਸਿੰਘ ਸਰਾਭੇ ਦੀਆਂ ਲਿਖਤਾਂ ਕਰਕੇ ਇਹ ਅਖਵਾਰ ਐਨਾ ਮਕਬੂਲ ਹੋਇਆ ਕਿ ਹਰ ਪਾਸੇ ਗਦਰ ਦੀ ਗੂੰਜ ਪੈਣ ਲੱਗੀ। ਲੋਕ ਇਸ ਪਰਚੇ ਦੀ ਬੇ ਸਬਰੀ ਨਾਲ ਉਡੀਕ ਕਰਦੇ।ਕਰਤਾਰ ਸਿੰਘ ਸਰਾਭੇ ਦੀਆਂ ਸੰਪਾਦਕੀਆਂ ਤੇ ਕਵਿਤਾਵਾਂ ਨੇ ਉਹਦੀ ਹਰਮਨ ਪਿਆਰਤਾ ਵਿੱਚ ਅਥਾਹ ਵਾਧਾ ਕੀਤਾ।ਜਦੋਂ ਗਦਰੀ ਦੇਸ ਭਗਤਾਂ ਨੇ ਭਾਰਤ ਨੂੰ ਅਜਾਦ ਕਰਵਾਉਂਣ ਲਈ ਐਸੋ ਇਸ਼ਰਤ ਵਾਲਾ ਜੀਵਨ ਤਿਆਗਕੇ ਵਤਨ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਸੀ ਉਸ ਸਮੇ ਇਤਿਹਾਸਿਕ ਤੱਥਾਂ ਅਨੁਸਾਰ ਤਕਰੀਬਨ 80੦੦ਭਾਰਤੀਆਂ ਨੇ ਵੱਖ ਵੱਖ ਦੇਸਾਂ ਚੋਂ ਇਕੱਠੇ ਹੋਕੇ ਗਦਰੀ ਬਾਬਿਆਂ ਨਾਲ ਭਾਰਤ ਦੀ ਜੰਗ ਏ ਅਜਾਦੀ ਵਿੱਚ ਸਾਮਲ ਹੋਣ ਲਈ ਕੂਚ ਕਰ ਦਿੱਤਾ ਸੀ।ਗਦਰ ਅਸਫਲ ਹੋਂਣ ਤੋਂ ਵਾਅਦ ਵੱਖ ਵੱਖ ਮੁਲਕਾਂ ਵਿੱਚ ਇਹਨਾਂ ਜੋਧਿਆਂ ਤੇ ਮੁਕੱਦਮੇ ਚੱਲੇ,ਜਿੰਨਾਂ ਵਿੱਚੋਂ ਸੈਂਕੜੇ ਸੂਰਵੀਰ ਗਦਰੀਆਂ ਨੇ ਆਪਣੀਆਂ ਜਾਂਨਾਂ ਦੀ ਅਹੂਤੀ ਦਿੱਤੀ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਸਖਤ ਸਜਾਾਵਾਂ ਹੋਈਆਂ।
ਇਹਨਾਂ ਲਾਮਿਸਾਲ ਕੁਰਬਾਨੀਆਂ ਵਿੱਚ ਕਰਤਾਰ ਸਿੰਘ ਸਰਾਭੇ ਦੀ ਸਹੀਦੀ ਦੀ ਵੱਧ ਮਹੱਤਤਾ ਉਹਦਾ ਛੋਟੀ ਉਮਰੇ ਵੱਡੇ ਪੂਰਨੇ ਪਾਉਂਣ ਕਰਕੇ ਹੈ।ਇਹ ਕੁਰਬਾਨੀ ਦਾ ਜਜਬਾ ਉਹਨੂੰ ਆਪਣੇ ਸਾਨਾਮੱਤੇ ਪੁਰਾਤਨ ਸਿੱਖ ਵਿਰਸੇ ਤੋਂ ਮਿਲਿਆ।ਇਹੋ ਕਾਰਨ ਹੈ ਜਿਹੜਾ ਭਾਰਤੀ ਹੁਕਮਰਾਂਨਾਂ ਨੂੰ ਕਰਤਾਰ ਸਿੰਘ ਸਰਾਭੇ ਸਮੇਤ ਅਜਾਦੀ ਦੇ ਸੈਂਕੜੇ ਸਹੀਦਾਂ ਦੀ ਅਣਦੇਖੀ ਕਰਨ ਲਈ ਪਰੇਰਿਤ ਕਰਦਾ ਹੈ। ਗੁਰਬਾਣੀ ਦੀ ਵਿਚਾਰਧਾਰਾ ਜਿਹੜੀ ਸਮੁੱਚੇ ਬਰਿਹਮੰਡ ਨੂੰ ਕਲਾਵੇ ਵਿੱਚ ਲੈਣ ਦੇ ਸਦਗੁਣ ਆਪਣੇ ਅੰਦਰ  ਛੁਪਾਈ ਬੈਠੀ ਹੈ ਉਹਦੇ ਤੇਜ ਤੋਂ ਘਬਰਾਇਆ ਬਹੁ ਗਿਣਤੀ ਦਾ ਕੱਟੜਵਾਦੀ ਸਾਸਕ ਦੇਸ ਦੀ ਅਜਾਦੀ ਲਈ ਹੱਸ ਹੱਸਕੇ ਫਾਂਸੀਆਂ ਤੇ ਚੜ੍ਹਨ ਵਾਲੇ ਗਦਰੀ ਬਾਬਿਆਂ ਨੂੰ ਦੇਸ ਦੇ ਕੌਮੀ ਸਹੀਦਾਂ ਵਜੋਂ ਮਾਨਤਾ ਨਹੀ ਦਿੰਦਾ।ਦੁਨੀਆ ਦੇ ਵੱਡੇ ਲੋਕਤੰਤਰ ਵਜੋਂ ਜਾਣੇ ਜਾਂਦੇ ਮੁਲਕ ਦੇ ਹਾਕਮਾਂ ਵੱਲੋ ਸਹੀਦਾਂ ਨਾਲ ਵਿਤਕਰਾ ਉਹਨਾਂ ਦੀ ਸੌੜੀ ਤੇ ਬੇਈਮਾਨ ਸੋਚ ਨੂੰ ਜੱਗ ਜਾਹਰ ਕਰਦਾ ਹੈ।ਸਹੀਦ ਕਰਤਾਰ ਸਿੰਘ ਸਰਾਭੇ ਦੇ ਬਰਸੀ ਸਮਾਗਮ  ਮੌਕੇ ਸੂਬੇ ਦੀ ਸਰਕਾਰ ਦੇ ਨੁਮਾਇੰਦੇ ਹਾਜਰੀ ਭਰਦੇ ਹਨ ਤੇ ਮੁੜ ਜਾਂਦੇ ਹਨ ।ਇਹਨਾਂ ਸਹੀਦਾਂ ਨੂੰ ਕੌਮੀ ਰੁਤਬਾ ਦਿਵਾਉਂਣ ਲਈ ਨਾਂ ਹੀ ਕਦੇ ਕੋਈ ਪਹੁੰਚ ਕੀਤੀ ਹੈ ਤੇ ਨਾ ਹੀ ਕਿਸੇ ਵੀ ਸੂਬਾ ਸਰਕਾਰ ਨੇ ਕਿਤੇ ਇਹਨਾਂ ਸਹੀਦਾਂ ਨੂੰ ਰਾਜ ਪੱਧਰੀ ਸਮਾਗਮ ਕਰਕੇ ਅਪਣੇ ਕੌਮੀ ਸਹੀਦਾਂ ਵਜੋਂ ਮਾਨਤਾ ਦਿੱਤੀ ਹੈ।
ਪਿਛਲੇ 10 ਸਾਲ ਸੂਬੇ ਦੀ ਤਤਕਾਲੀ ਪੰਥਕ ਸਰਕਾਰ ਸਿਰਫ ਐਲਾਂਨਾਂ ਤੱਕ ਹੀ ਸੀਮਤ ਰਹੀ ਹੈ।ਵਿਧਾਨ ਸਭਾ ਵਿੱਚ ਇਹਨਾਂ ਸਹੀਦਾਂ ਨੂੰ ਕੌਮੀ ਸਹੀਦ ਐਲਾਨ ਕੇ ਮਤਾ ਪਾਸ ਕਰਨ ਦੀ ਹਿੰਮਤ ਵੀ ਅਖੌਤੀ ਪੰਥਕ ਸਰਕਾਰ ਨਹੀ ਕਰ ਸਕੀ।ਸੂਬੇ ਦੀ ਮੌਜੂਦਾ ਕਾਂਗਰਸ ਸਰਕਾਰ ਤੋ ਵੀ ਕੋਈ  ਅਜਿਹੀ ਆਸ ਨਹੀ ਕੀਤੀ ਜਾ ਸਕਦੀ ਹੈ ਕਿਉਕਿ ਉਹਨਾਂ  ਦੀ ਲਗਾਮ ਵੀ ਕੇਂਦਰ ਵਿੱਚ ਬੈਠੀ ਪੰਜਾਬ ਵਿਰੋਧੀ ਕਾਂਗਰਸ ਹਾਈ ਕਮਾਂਡ ਕੋਲ ਹੈ। ਸੋ ਸਾਡੀ ਅਜਾਦੀ ਦੀ ਲੜਾਈ ਵਿੱਚ ਸਭ ਤੋਂ ਛੋਟੀ ਉਮਰ ਦੇ ਇਸ ਗਦਰੀ ਸਹੀਦ ਨੂੰ ਸੱਚੀ ਸਰਧਾਂਜਲੀ ਇਹ ਹੀ ਹੋਵੇਗੀ ਕਿ ਅਸੀਂ ਇਹਨਾਂ ਸਹੀਦਾਂ ਦੇ ਪਾਏ ਪੂਰਨਿਆਂ ਨੂੰ ਹਿਰਦਿਆਂ ਚ ਵਸਾਕੇ ਰੱਖੀਏ ਤਾਂ ਕਿ ਇਹਨਾਂ ਦੀ ਅਦੁੱਤੀ ਕੁਰਬਾਨੀ ਸਾਡਾ ਮਾਰਗ ਦਰਸਣ ਕਰਦੀ ਰਹੇ।

Install Punjabi Akhbar App

Install
×