ਆਸਟ੍ਰੇਲੀਆ ਵਿਚਲੇ ਕੋਵਿਡ-19 ਪ੍ਰਤੀ ਕਦਮਾਂ ਵਾਸਤੇ ਨੈਸ਼ਨਲ ਕੈਬਨਿਟ ਕਰੇਗੀ ਹਫ਼ਤੇ ਵਿੱਚ ਦੋ ਵਾਰੀ ਮੀਟਿੰਗ -ਪ੍ਰਧਾਨ ਮੰਤਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਅੰਦਰ ਕੋਵਿਡ ਵੈਕਸੀਨ ਦੇ ਵਿਤਰਣ ਸਬੰਧੀ ਦਬਾਅ ਨੂੰ ਮਹਿਸੂਸ ਕਰਦਿਆਂ, ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਉਹ ਅਤੇ ਨੈਸ਼ਨਲ ਕੈਬਨਿਟ ਆਪਸ ਵਿਚ ਮਿਲ ਕੇ ਹਫ਼ਤੇ ਵਿੱਚ ਦੋ ਵਾਰੀ ਮੀਟਿੰਗ ਲਾਜ਼ਮੀ ਕਰਿਆ ਕਰਨਗੇ ਜਿਸ ਵਿੱਚ ਕਿ ਸਾਰੇ ਰਾਜਾਂ ਦੇ ਪ੍ਰੀਮੀਅਰ ਭਾਗ ਲੈਣਗੇ ਅਤੇ ਕੋਵਿਡ-19 ਪ੍ਰਤੀ ਹਰ ਤਰ੍ਹਾਂ ਦੇ ਚੁੱਕੇ ਜਾਣ ਵਾਲੇ ਕਦਮਾਂ, ਕੀਤੇ ਜਾਣ ਵਾਲੇ ਕੰਮਾਂ ਕਾਰਾਂ ਆਦਿ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਇਸ ਵਿੱਚ ਕੋਵਿਡ ਵੈਕਸੀਨ ਦੇ ਵਿਤਰਣ ਸਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਮਈ 7 ਨੂੰ ਹੋਣ ਵਾਲੀ ਮੀਟਿੰਗ ਹੁਣ ਇਸੇ ਮਹੀਨੇ ਦੀ 19 ਤਾਰੀਖ ਨੂੰ ਹੋਵੇਗੀ ਅਤੇ ਇਸਤੋਂ ਬਾਅਦ ਹਫਤੇ ਵਿੱਚ ਦੋ ਵਾਰੀ ਮੀਟਿੰਗਾਂ ਦਾ ਚਲਨ ਸ਼ੁਰੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਰੇ ਰਾਜਾਂ ਦੇ ਸਿਹਤ ਮੰਤਰੀ ਵੀ ਸਾਰਿਆਂ ਨਾਲ ਸਾਂਝੇ ਤੌਰ ਤੇ ਕਦਮ ਨਾਲ ਕਦਮ ਮਿਲਾ ਕੇ ਕੰਮ ਕਰਨ ਅਤੇ ਪੇਸ਼ ਆ ਰਹੀਆਂ ਦਿੱਕਤਾਂ ਦੇ ਹਲ ਵਾਸਤੇ ਤੁਰੰਤ ਕਾਰਜਸ਼ੀਲ ਹੋਣ ਤਾਂ ਕਿ ਵੈਕਸੀਨ ਦਾ ਵਿਤਰਣ ਸਮਾਂਬੱਧ ਅਤੇ ਸਹੀ ਤਰੀਕਿਆਂ ਦੇ ਨਾਲ ਕੀਤਾ ਜਾ ਸਕੇ।
ਵਿਤਰਣ ਸਬੰਧੀ ਆਂਕੜਿਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੌਮੀ ਪੱਧਰ ਉਪਰ ਇਸ ਸਮੇਂ 1.234 ਮਿਲੀਅਨ ਵੈਕਸੀਨ ਡੋਜ਼ਾਂ ਦਾ ਵਿਤਰਣ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਬੀਤੇ ਦਿਨ ਦੀਆਂ 56,000 ਡੋਜ਼ਾਂ ਵੀ ਸ਼ਾਮਿਲ ਹਨ।
ਪਾਪੂਆ ਨਿਊ ਗਿਨੀ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਉਨ੍ਹਾਂ ਦੀ ਮਦਦ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਇੱਕ ਮਿਲੀਅਨ ਐਸਟ੍ਰਾਜੈਨੈਕਾ (ਯੂਰੋਪ ਤੋਂ ਆਉਣ ਵਾਲੀ) ਵੈਕਸੀਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯੁਰੋਪ ਵਿੱਚ ਹੀ ਤਿਆਰ ਹੋਈ ਨੋਵਾਵੈਕਸ ਵੀ ਹੁਣ ਅਗਲੀਆਂ ਆਉਣ ਵਾਲੀਆਂ ਖੇਪਾਂ ਵਿੱਚ ਸ਼ਾਮਿਲ ਹੋ ਜਾਵੇਗੀ ਜੋ ਕਿ ਇਸੇ ਸਾਲ ਦੇ ਜੂਨ ਮਹੀਨੇ ਤੱਕ ਆਸਟ੍ਰੇਲੀਆ ਆਉਣੀਆਂ ਹਨ।

Install Punjabi Akhbar App

Install
×