ਨੈਸ਼ਨਲ ਆਰਟ ਸਕੂਲ, ਰਾਜ ਸਰਕਾਰ ਦੀ ਵਿਰਾਸਤੀ ਸੂਚੀ ਵਿੱਚ ਸ਼ਾਮਿਲ

ਨਿਊ ਸਾਊਥ ਵੇਲਜ਼ ਸਰਕਾਰ ਦੇ ਵਿਰਾਸਤੀ ਰਜਿਸਟਰ ਅੰਦਰ ਹੁਣ ਨੈਸ਼ਨਲ ਆਰਟ ਸਕੂਲ (ਸਿਡਨੀ) ਨੂੰ ਦਾਖਿਲ ਕਰ ਲਿਆ ਗਿਆ ਹੈ ਅਤੇ 1820 ਵਿਆਂ ਵਿੱਚ ਬਣੀ ਇਹ ਇਮਾਰਤ ਹੁਣ ਯਾਤਰੀਆਂ ਅਤੇ ਪਾਰਖੀਆਂ ਲਈ ਹੋਰ ਵੀ ਖਿੱਚ ਦਾ ਕੇਂਦਰ ਬਣ ਗਈ ਹੈ। ਕਲ਼ਾ ਖੇਤਰ ਵਾਲੇ ਵਿਭਾਗਾਂ ਦੇ ਮੰਤਰੀ ਡਾਨ ਹਾਰਵਿਨ ਨੇ ਕਿਹਾ ਹੈ ਕਿ ਇਸ ਸਰਕਾਰ ਦੇ ਇਸ ਕਦਮ ਨਾਲ ਹੁਣ ਇਸ ਇਮਾਰਤ -ਜਿਹੜੀ ਕਿ ਸਮੁੱਚੇ ਤੌਰ ਤੇ ਹੀ ਸੈਂਡਸਟੋਨ ਨਾਲ ਵਧੀਆ ਕਾਰੀਗਰੀ ਦੇ ਨਮੂਨੇ ਵੱਜੋਂ ਬਣਾਈ ਗਹੀ ਸੀ, ਨੂੰ ਹੋਰ ਵੀ ਸੇਵਾ-ਸੰਭਾਲ ਮਿਲੇਗੀ ਅਤੇ ਅਗਲੀਆਂ ਕਈ ਪੀੜ੍ਹੀਆਂ ਇਸ ਇਮਾਰਤ ਨੂੰ ਦੇਖਦੀਆਂ ਅਤੇ ਪਰਖਦੀਆਂ ਰਹਿਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਅਗਲੇ ਸਾਲ ਇਸ ਇਮਾਰਤ ਦੇ ਸਦੀ ਦੇ ਸਮਾਰੋਹ ਦੌਰਾਨ, ਇਸ ਦੇ ਵਿਰਾਸਤੀ ਸੂਚੀ ਵਿੱਚ ਸ਼ਾਮਿਲ ਹੋਣਾ ਬਹੁਤ ਹੀ ਉਤਸਾਹ ਪੂਰਵਕ ਰਹੇਗਾ ਅਤੇ ਇਸ ਸਮਾਰੋਹ ਨੂੰ ਹੁਣ ਹੋਰ ਵੀ ਚਾਰ ਚੰਨ ਲਗਦੇ ਦਿਖਾਈ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕਲ਼ਾ ਦੇ ਇਸ ਕੇਂਦਰ ਤੋਂ ਬਹੁਤ ਸਾਰੇ ਕਲ਼ਾਕਾਰ ਆਪਣੀਆਂ ਡਿਗਰੀਆਂ ਲੈ ਕੇ ਨਿਕਲੇ ਅਤੇ ਸੰਸਾਰ ਪ੍ਰਸਿੱਧੀ ਹਾਸਲ ਕੀਤੀ -ਜਿਨ੍ਹਾਂ ਵਿੱਚ ਮੈਕਸ ਡੂਪੇਨ, ਜੋਹਨ ਓਲਸਨ, ਮਾਰਗ੍ਰੈਟ ਓਲੇ ਅਤੇ ਟਿਮ ਸਟੋਰੀਅਰ ਆਦਿ ਸ਼ਾਮਿਲ ਹਨ ਅਤੇ ਸੰਸਾਰ ਪ੍ਰਸਿੱਧ ਇਨ੍ਹਾਂ ਕਲ਼ਾਕਾਰਾਂ ਨੇ ਦੇਸ਼ ਵਿਚਲੀਆਂ ਕਲ਼ਾਵਾਂ ਨੂੰ ਨਵੀਆਂ ਪੈੜਾਂ ਅਤੇ ਮੰਜ਼ਿਲਾਂ ਪ੍ਰਦਾਨ ਕੀਤੀਆਂ। ਇਸਤੋਂ ਇਲਾਵਾ ਇੱਥੋਂ ਕਈ ਕਲ਼ਾਕਾਰ ਅਜਿਹੇ ਵੀ ਨਿਕਲੇ ਜੋ ਕਿ ਅਧਿਆਪਕ ਬਣੇ, ਕਲ਼ਾਕਾਰ ਬਣੇ, ਅਤੇ 19ਵੀਂ ਅਤੇ 20ਵੀਂ ਸਦੀਆਂ ਦੌਰਾਨ ਕਈਆਂ ਨੇ ਬਹੁਤ ਸਾਰੇ ਹੋਰ ਖੇਤਰਾਂ ਅੰਦਰ ਵੀ ਬਹੁਤ ਉਚੇ ਉਚੇ ਮੁਕਾਮ ਹਾਸਿਲ ਕੀਤੇ ਅਤੇ ਇਨ੍ਹਾਂ ਦੇ ਨਾਲ ਨਾਲ ਹਮੇਸ਼ਾ ਇੱਕ ਕਲ਼ਾਕਾਰ ਵੀ ਬਣੇ ਰਹੇ।
ਇਸ ਇਮਾਰਤ ਦੇ ਰੱਖ ਰਖਾਉ ਅਤੇ ਸੇਵਾ ਸੰਭਾਲ ਵਾਸਤੇ ਹੁਣ 18 ਮਿਲੀਅਨ ਡਾਲਰਾਂ ਦਾ ਫੰਡ ਵੀ ਬੀਤੇ ਸਾਲ ਰਾਜ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ ਅਤੇ ਇਸ ਨਾਲ ਇਸ ਦੀ ਬਾਹਰੀ ਅਤੇ ਅੰਦਰੂਨੀ ਦਿੱਖ ਅਤੇ ਸਾਫ ਸਫਾਈ ਕਾਇਮ ਰੱਖਣ ਵਾਸਤੇ ਕੰਮ ਲਗਾਤਾਰ ਜਾਰੀ ਹਨ।

Install Punjabi Akhbar App

Install
×