
(ਬ੍ਰਿਸਬੇਨ) ਇੱਥੇ ਆਸਟਰੇਲੀਆ ਨੇ ਮੂਲ ਨਿਵਾਸੀਆਂ ਨੂੰ ਸਨਮਾਨ ਦੇਣ ਅਤੇ ਸਵਦੇਸ਼ੀ ਇਤਿਹਾਸ ਨੂੰ ਪਛਾਣਨ ਲਈ ਦੇਸ਼ ਦੇ ਰਾਸ਼ਟਰੀ ਗੀਤ ਦੇ ਬੋਲ ਬਦਲ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਪਣੇ ਰਾਸ਼ਟਰੀ ਸੰਬੋਧਨ ‘ਚ ਇਸਨੂੰ ਏਕਤਾ ਦੀ ਭਾਵਨਾ ਕਰਾਰ ਦਿੱਤਾ ਹੈ। ਰਾਸ਼ਟਰੀ ਗੀਤ ‘ਐਡਵਾਂਸ ਆਸਟਰੇਲੀਆ ਫੇਅਰ’ ਦੀ ਦੂਜੀ ਲਾਈਨ ‘ਫੌਰ ਵੁਈ ਆਰ ਯੰਗ ਐਂਡ ਫ੍ਰੀ’ ਭਾਵ ਅਸੀਂ ਜਵਾਨ ਹਾਂ ਅਤੇ ਸੁਤੰਤਰ ਹਾਂ, ਨੂੰ ਬਦਲ ਕੇ ‘ਫੌਰ ਵੁਈ ਆਰ ਵਨ ਐਂਡ ਫ੍ਰੀ’ ਭਾਵ ਅਸੀਂ ਇਕ ਅਤੇ ਸੁਤੰਤਰ ਹਾਂ, ਕਰਨ ਦੀ ਘੋਸ਼ਣਾ ਕੀਤੀ ਹੈ। ਮੌਰੀਸਨ ਦਾ ਕਹਿਣਾ ਹੈ ਕਿ ਇਹ ਸ਼ਬਦੀ ਤਬਦੀਲੀ ਸਮੇਂ ਦੀ ਮੰਗ ਸੀ ਅਤੇ ਇਸ ਨਾਲ ਮਹਾਨ ਏਕਤਾ ਅਤੇ ਸਾਂਝੀਵਾਲਤਾ ਸਾਡੇ ਰਾਸ਼ਟਰੀ ਗੀਤ ਵਿਚ ਹੁਣ ਪੂਰੀ ਤਰ੍ਹਾਂ ਝਲਕੇਗੀ।

ਉਹਨਾਂ ਨੇ ਕਿਹਾ ਕਿ ਆਸਟਰੇਲੀਆ ਧਰਤੀ ਉੱਤੇ ਸਭ ਤੋਂ ਸਫ਼ਲ ਬਹੁ ਸੱਭਿਆਚਾਰਕ ਰਾਸ਼ਟਰ ਹੈ ਅਤੇ ਅਸੀਂ ਯਕੀਨੀ ਕਰਦੇ ਹਾਂ ਕਿ ਸਾਡਾ ਰਾਸ਼ਟਰੀ ਗੀਤ ਇਸ ਸੱਚਾਈ ਅਤੇ ਸਾਂਝੀ ਪ੍ਰਸ਼ੰਸਾ ਨੂੰ ਦਰਸਾਉਂਦਾ ਹੈ। ਆਸਟਰੇਲੀਆ ਦੇ ਮੂਲ ਵਸਨੀਕਾਂ ਸੰਬੰਧੀ ਮਾਮਲਿਆਂ ਦੇ ਮੰਤਰੀ ਕੇਨ ਵਯਾਟ ਨੇ ਵੀ ਇਸ ਨਵੀਂ ਤਬਦੀਲੀ ਨੂੰ ਚੰਗਾ ਸੰਵਿਧਾਨਿਕ ਕਾਰਜ ਮੰਨਿਆ ਹੈ।