ਗਲੈਡੀਜ਼ ਬਰਜਿਕਲਿਅਨ ਦੇਸ਼ ਦੇ ਕੌਮੀ ਗਾਣ ਨੂੰ ਇੰਡੀਜੀਨਸ ਆਸਟ੍ਰੇਲੀਆਈ ਲੋਕਾਂ ਲਈ ਬਦਲਣ ਦੇ ਹੱਕ ਵਿੱਚ

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ 60,000 ਸਾਲ ਪੁਰਾਣੀ ਆਸਟ੍ਰੇਲੀਆਈ ਮੂਲ ਨਿਵਾਸੀਆਂ ਦੀ ਸਭਿਅਤਾ ਦੇ ਪ੍ਰਤੀ ਆਭਾਰ ਜਤਾਉਣ ਵਾਸਤੇ, ਮੌਜੂਦਾ ਚਲ ਰਹੇ ਕੌਮੀ ਗਾਣ ( “we are young and free” to “one and free” ) ‘ਅਸੀਂ ਜਵਾਨ ਹਾਂ ਅਤੇ ਆਜ਼ਾਦ ਹਾਂ’ ਤੋਂ ‘ਅਸੀਂ ਇੱਕ ਹਾਂ ਅਤੇ ਆਜ਼ਾਦ ਹਾਂ…’ ਵਿੱਚ ਬਦਲਣ ਦੀ ਤਜਵੀਜ਼ ਵਿੱਚ ਸਹਿਮਤੀ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਇਸ ਮਹਾਂਦੀਪ ਉਪਰ ਦੁਨੀਆਂ ਦੀ ਸਭ ਤੋਂ ਪੁਰਾਣੀ ਸਭਿਅਤਾ ਨੂੰ ਮਾਣ ਸਨਮਾਨ ਦੇਣ ਲਈ ਇਹ ਬਦਲਾਅ ਹੁਣ ਜ਼ਰੂਰੀ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਹਫਤੇ ਇੱਕ ਮੈਚ ਦੀ ਸ਼ੁਰੂਆਤ ਦੌਰਾਨ ਕੁੱਝ ਖਿਡਾਰੀਆਂ ਨੇ ਉਕਤ ਮੌਜੂਦਾ ਕੌਮੀ ਗਾਣ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਹਫ਼ਤੇ ਨਾਇਡੋਕ ਹਫਤੇ ਦੇ ਪ੍ਰੋਗਰਾਮਾਂ ਨੂੰ ਮਨਾਉਣ ਦੀ ਸ਼ੁਰੂਆਤ ਕਰਨ ਵੇਲੇ ਵੀ ਅਜਿਹਾ ਹੀ ਹੋਇਆ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਵਾਰੀ ਨਹੀਂ ਹੋਵੇਗਾ ਕਿ ਕੌਮੀ ਗਾਣ ਵਿੱਚ ਬਦਲਾਅ ਕੀਤਾ ਜਾਵੇ ਸਗੋਂ ਮੌਜੂਦਾ ਗਾਣ ਤੋਂ ਪਹਿਲਾਂ ਇਹ ਕੁੱਝ ਇਸ ਤਰ੍ਹਾਂ ਨਾਲ ਸੀ (“Australia’s sons let us rejoice”) ‘ਆਸਟ੍ਰੇਲੀਆ ਦੇ ਬੱਚਿਉ… ਆਉ ਮਿਲ ਕੇ ਆਨੰਦ ਮਾਣੀਏ…..’ ਅਤੇ ਫੇਰ ਇਸਨੂੰ ਬਦਲ ਕੇ ਮੌਜੂਦਾ ਹਰਫ਼ ਦੇ ਦਿੱਤੇ ਗਏ ਸਨ। ਜ਼ਿਕਰਯੋਗ ਇਹ ਵੀ ਹੈ ਕਿ ਇਸਤੋਂ ਪਹਿਲਾਂ 2019 ਵਿੱਚ ਐਮ.ਪੀ. ਕਰੇਗ ਕੈਲੀ ਨੇ ਵੀ ਅਜਿਹੀ ਹੀ ਮੰਗ ਲੈ ਕੇ ਮੁੱਦੇ ਨੂੰ ਚੁੱਕਿਆ ਸੀ ਅਤੇ ਉਨ੍ਹਾਂ ਨੇ ਇਸ ਮੌਜੂਦਾ ਗਾਣ ਨੂੰ ‘ਤਾਕਤਵਰ ਅਤੇ ਆਜ਼ਾਦ’ ਦੇ ਲਫ਼ਜ਼ ਦੇਣ ਦੀ ਮੰਗ ਕੀਤੀ ਸੀ। ਵੈਸੇ ਬੀਤੇ ਕੱਲ੍ਹ ਪਾਰਲੀਮੈਂਟ ਅੰਦਰ ਇੰਡੀਜੀਨਸ ਸੈਨੇਟਰਾਂ ਦੀ ਮੰਗ -ਕਿ ਸੈਨੇਟਰ ਚੈਂਬਰ ਅੰਦਰ ਐਬੋਰਿਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰਾਂ ਵਾਲਾ ਝੰਡਾ ਵੀ ਝੁਲਾਇਆ ਜਾਵੇ, ਫੈਡਰਲ ਸਰਕਾਰ ਨੇ ਉਕਤ ਮੋਸ਼ਨ ਨੂੰ ਵੋਟਾਂ ਰਾਹੀਂ ਫੇਲ੍ਹ ਵੀ ਕਰ ਦਿੱਤਾ ਹੈ ਪਰੰਤੂ ਉਕਤ ਮੰਗਾਂ ਹਾਲੇ ਵੀ ਉਠ ਰਹੀਆਂ ਹਨ।

Install Punjabi Akhbar App

Install
×