ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਵੱਲੋਂ ਗਲੈਨਰਾਇ ਵਿਖੇ ਕਰਵਾਇਆ ਗਿਆ ਨਾਟਕ ਮੇਲਾ ਤੇ ਸੱਭਿਆਚਾਰਕ ਸਮਾਗਮ

ਬੀਤੇ ਦਿਨੀਂ ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਵੱਲੋਂ ਗਲੈਨਰਾਇ ਵਿਖੇ ਇੱਕ ਨਾਟਕ ਮੇਲਾ ਤੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਅਸਟਰੇਲੀਆ ਵਿੱਚ ਜੰਮੇ ਪਲ਼ੇ ਬੱਚਿਆਂ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਦਰਸ਼ਕਾਂ ਤੋਂ ਵਾਹ ਵਾਹ ਖੱਟੀ। ਅਮਰਦੀਪ ਕੌਰ ਹੁਰਾਂ ਦੀ ਨਿਰਦੇਸ਼ਨਾ ਹੇਠ “ਨਾਟਕ ਨਹੀਂ” ਅਤੇ “ਸਿਸਟਮ ਹੀ ਖਰਾਬ ਹੈ” ਨਾਟਕ ਦਾ ਮੰਚਨ ਕੀਤਾ ਗਿਆ। ਇਹਨਾਂ ਪੇਸ਼ਕਾਰੀਆਂ ਵਿੱਚ ਭਾਈਚਾਰੇ ਨੂੰ ਸਮਾਜਿਕ ਜੀਵਨ ਵਿੱਚ ਆ ਰਹੀਆਂ  ਸਮੱਸਿਆਵਾਂ  ਅਤੇ ਚੱਲ ਰਹੇ ਮੁੱਦਿਆਂ ਨੂੰ ਲੋਕਾਂ ਸਾਹਵੇਂ ਰੱਖਿਆ ਗਿਆ ਅਤੇ ਇਸ ਬਾਬਤ ਸੁਚੇਤ ਹੋਣ ਦੀ ਗੁਹਾਰ ਵੀ ਲਾਈ ਗਈ। 

ਸਮਾਰੋਹ ਦੀ ਸ਼ੁਰੂਆਤ “ਆਪਣਾ ਵਿਰਸਾ ਆਪਣੀ ਬੋਲੀ” ਸੰਸਥਾ ਦੀਆਂ ਨਿੱਕੀਆਂ ਬੱਚੀਆਂ ਵਲੋਂ “ਅਰਦਾਸ”  ਕੋਰੀਓਗ੍ਰਾਫੀ ਨਾਲ ਕੀਤੀ ਗਈ। ਮੈਲਬੌਰਨ ਤੋਂ ਬੁਲੰਦ ਅਵਾਜ਼ ਦੇ ਗਾਇਕ ਕਲਾਕਾਰ ਬਾਗ਼ੀ ਭੰਗੂ ਨੇ ਗੀਤ ਨਾਲ ਹਾਜ਼ਰੀ ਲਗਵਾਈ। 

ਇਕ ਸੋਲੋ ਨਾਚ ਤੋਂ ਇਲਾਵਾ “Wife is always right” ਨਾਮੀ ਸਕਿੱਟ ਵੀ ਪੇਸ਼ ਕੀਤੀ ਗਈ। 

ਫੋਕ ਲਵਰ ਅਕੈਡਮੀ ਦੇ ਬੱਚਿਆਂ ਵਲੋਂ ਵੀ ਮਲਵਈ ਗਿੱਧੇ ਅਤੇ ਲੋਕ ਸਾਜ਼ਾਂ ਦੀ ਬਹੁਤ ਸੋਹਣੀ ਪੇਸ਼ਕਾਰੀ ਕੀਤੀ ਗਈ। ਮੈਲਬੌਰਨ ਭੰਗੜਾ ਸਕੁਐਡ ਵਲੋਂ ਭੰਗੜਾ ਅਤੇ ਸ਼ੈਰਨ ਰਾਏ ਦੀ ਟੀਮ ਵਲੋਂ ਗਿੱਧਾ ਪੇਸ਼ ਕੀਤਾ । ਚਲਦੇ ਪਰੋਗਰਾਮ ਨੂੰ ਹੋਰ ਦਿਲਚਸਪ ਬਣਾਉਣ ਦੇ ਲਈ ਪੇਸ਼ਕਾਰੀ ਵਕਫਿਆਂ ਮੌਕੇ ਦਰਸ਼ਕਾਂ ਲਈ ਰੱਖੇ ਸਵਾਲ-ਜਵਾਬ ਦੇ ਸਿਲਸਿਲਿਆਂ ਵਿੱਚ ਸਹੀ ਜਵਾਬ ਦੇਣ ਵਾਲਿਆਂ ਨੂੰ ਖ਼ਾਸ ਇਨਾਮ ਦਿੱਤੇ ਗਏ। 

ਪੰਜਾਬੋਂ ਉਚੇਚੇ ਤੌਰ ਤੇ ਪਹੁੰਚੇ ਪ੍ਰਸਿੱਧ ਕਮੇਡੀਅਨ ਜਸਵੰਤ ਰਾਠੌਰ ਨੇ ਆਪਣੀ ਹਾਸ ਕਲਾ ਨਾਲ ਲੋਕਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ । ਵੱਖ ਵੱਖ ਕਲਾਕਾਰਾਂ ਦੀ ਆਵਾਜ ਦੀ ਹੂ ਬ ਹੂ ਨਕਲ ਲਾਹ ਕੇ ਦਰਸ਼ਕਾਂ ਤੋ ਵਾਹ ਵਾਹ ਖੱਟੀ। ਆਪਣੇ ਜੀਵਨ ਦੇ ਤਜਰਬਿਆਂ ਅਤੇ ਸ਼ੁਰੂਆਤੀ ਦੌਰ ਦੇ ਸੰਘਰਸ਼ ਨੂੰ ਕਾਮੇਡੀ ਰੰਗਤ ਵਿੱਚ ਦਰਸ਼ਕਾਂ ਦੇ ਸਨਮੁੱਖ ਕੀਤਾ।

ਇਸ ਮੌਕੇ ਸਕੈੱਚ ਆਰਟਿਸਟ ਰਾਜੀ ਮੁਸੱਵਰ ਵਲੋਂ ਤਸਵੀਰਾਂ ਦੀ ਇਕ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਰੋਹ ਦੌਰਾਨ ਕਲਾਕਾਰਾਂ, ਸਹਿਯੋਗੀ ਸੱਜਣਾਂ ਅਤੇ ਮੀਡੀਆ ਕਰਮੀਆਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ।

ਹਰਮੰਦਰ ਕੰਗ ਤੇ ਅਮਰਦੀਪ ਕੌਰ ਵੱਲੋਂ ਮੰਚ ਦਾ ਸੰਚਾਲਨ ਕੀਤਾ ਗਿਆ।