ਸਿੱਖ ਵਿਰਾਸਤ ਦਾ ਪਹਿਰੇਦਾਰ: ਨਰਪਾਲ ਸਿੰਘ ਸ਼ੇਰਗਿਲ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਿੱਖ ਕੌਮ ਦੀ 550 ਸਾਲ ਦੀ ਵਿਰਾਸਤ ਬਾਰੇ ਨਰਪਾਲ ਸਿੰਘ ਸ਼ੇਗਰਗਿਲ ਨੇ ਆਪਣੀ ਅਕੀਦਤ ਦੇ ਫੁੱਲ ਭੇਂਟ ਕਰਨ ਲਈ ਇਹ ਵਿਰਾਸਤੀ ਅੰਕ-2020 ਪ੍ਰਕਾਸ਼ਤ ਕੀਤਾ ਹੈ। ਉਹ ਹਮੇਸ਼ਾ ਹੀ ਗੁਰੂ ਸਾਹਿਬਾਨ, ਖਾਲਸਾ ਦੇ ਸਿਰਜਨਾ ਦਿਵਸ ਅਤੇ ਸਿੱਖ ਧਰਮ ਨਾਲ ਸੰਬੰਧਤ ਹੋਰ ਧਾਰਮਿਕ ਅਤੇ ਇਤਿਹਾਸਕ ਸ਼ਤਾਬਦੀਆਂ ਬਾਰੇ ਵਿਸ਼ੇਸ਼ ਅੰਕ ਪ੍ਰਕਾਸ਼ਤ ਕਰਦੇ ਰਹਿੰਦੇ ਹਨ। ਉਹ ਸਿੱਖ ਸੋਚ, ਕਿਰਦਾਰ ਅਤੇ ਦਸਤਾਰ ਦੀ ਪਵਿਤਰਤਾ ਦੀ ਰਾਖੀ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਇਨ੍ਹਾਂ ਸ਼ਤਾਬਦੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਆਪਣੀ ਪੁਸਤਕ ਪ੍ਰਕਾਸ਼ਤ ਕਰ ਦਿੰਦੇ ਹਨ। ਸਿੱਖ ਅਤੇ ਸਿੱਖੀ ਨਾਲ ਸੰਬੰਧਤ ਕੋਈ ਵੀ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਘਟਨਾਵਾਂ ਦੇ ਵਾਪਰਨ ਦੇ ਹੰਦੇਸ਼ੇ ਸੰਬੰਧੀ ਉਹ ਅਗਾਊਂ ਆਪਣੀ ਦੂਰਅੰਦੇਸ਼ੀ ਪ੍ਰਵਿਰਤੀ ਹੋਣ ਕਰਕੇ ਸਿੱਖਾਂ ਨੂੰ ਜਾਗ੍ਰਤ ਕਰਨ ਦੇ ਇਰਾਦੇ ਨਾਲ ਸੋਵੀਨੀਅਰ ਪ੍ਰਕਾਸ਼ਤ ਕਰ ਦਿੰਦੇ ਹਨ। ਪਟਿਆਲਾ ਜਿਲ੍ਹੇ ਦੇ ਮਜਾਲ ਖੁਰਦ ਵਿਚ ਜਨਮ ਲੈਣ ਦੀ ਅਹਿਮੀਅਤ ਨੂੰ ਸਮਝਦੇ ਹੋਏ ਆਪਣੀ  ਵਿਰਾਸਤ ਦੀ ਮਿੱਟੀ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ। ਇੰਗਲੈਂਡ ਉਨ੍ਹਾਂ ਦੀ ਕਰਮ ਭੂਮੀ ਹੈ ਇਸ ਲਈ ਇੰਗਲੈਂਡ ਵਿਚ ਪਿਛਲੇ 55 ਸਾਲ ਤੋਂ ਆਉਂਦੇ ਜਾਂਦੇ ਰਹਿੰਦੇ ਹਨ ਪ੍ਰੰਤੂ ਦੇਸ਼ ਪਿਆਰ ਦੀ ਭਾਵਨਾ ਵਿਚ ਲਬਰੇਜ਼ ਹੋਣ ਕਰਕੇ ਇੰਗਲੈਂਡ ਦੀ ਨਾਗਰਿਕਤਾ ਨਹੀਂ ਲਈ। ਹੱਕ ਅਤੇ ਸੱਚ ਤੇ ਪਹਿਰਾ ਦੇਣ ਲਈ ਬਚਨਵੱਧ ਹਨ। ਨਰਪਾਲ ਸਿੰਘ ਸ਼ੇਰਗਿੱਲ ਨੇ ਆਪਣੀ ਇੰਡੀਅਨਜ਼ ਅਬਰਾਡ ਐਂਡ ਪੰਜਾਬ ਇੰਪੈਕਟ ਦੇ ਵਿਰਾਸਤੀ ਅੰਕ 2020 ਰਾਹੀਂ ਸੰਸਾਰ ਵਿਚ ਪੰਜਾਬੀਆਂ ਅਤੇ ਖਾਸ ਤੌਰ ‘ਤੇ ਸਿੱਖਾਂ ਵੱਲੋਂ ਸਿੱਖ ਵਿਰਾਸਤ ‘ਤੇ ਪਹਿਰਾ ਦੇਣ ਦੇ ਗੱਡੇ ਝੰਡਿਆਂ ਦੇ ਦਰਸ਼ਨ ਕਰਵਾ ਦਿੱਤੇ ਹਨ। ਇਸ ਪੁਸਤਕ ਨੂੰ ਪੜ੍ਹਕੇ ਪੰਜਾਬੀਆਂ ਅਤੇ ਖਾਸ ਤੌਰ ‘ਤੇ ਸਿੱਖਾਂ ਦੀਆਂ ਬੁਲੰਦੀਆਂ ਤੇ ਨਜ਼ਰਾਂ ਪੈਣ ਨਾਲ ਉਨ੍ਹਾਂ ਦੇ ਸਿਰ ਮਾਣ ਨਾਲ ਉਚੇ ਹੋ ਜਾਂਦੇ ਹਨ। ਹਰ ਸਾਲ ਦੀ ਤਰ੍ਹਾਂ ਉਨ੍ਹਾਂ ਆਪਣੀ ਇਸ ਪੁਸਤਕ ਵਿਚ ਵੀ ਨਵੇਕਲਾ ਕੰਮ ਕੀਤਾ ਹੈ।

ਨਰਪਾਲ ਸਿੰਘ ਸ਼ੇਰਗਿੱਲ ਹਮੇਸ਼ਾ ਪੁਰਾਣੀਆਂ ਪਗਡੰਡੀਆਂ ‘ਤੇ ਚਲਣ ਦੀ ਥਾਂ ਨਵੇਂ ਰਾਹ ਬਣਾਕੇ ਚਲਣ ਦਾ ਆਦੀ ਹੈ। ਇਸ ਵਾਰ ਇਸ ਪੁਸਤਕ ਵਿਚ ਪੰਜਾਬੀ ਅਤੇ ਅੰਗਰੇਜ਼ੀ ਵਿਚ ਜਿਹੜੇ ਲੇਖ ਪ੍ਰਕਾਸ਼ਤ ਕੀਤੇ ਹਨ, ਉਨ੍ਹਾਂ ਵਿਚ ਪੰਜਾਬ ਦੀ ਵਿਰਾਸਤ ਦੀਆਂ ਧਰੋਹਰਾਂ ਬਾਰੇ ਅਜਿਹੀ ਜਾਣਕਾਰੀ ਦਿੱਤੀ ਹੈ, ਜਿਹੜੀ ਪਹਿਲਾਂ ਛੁਪੀ ਰਹੀ ਹੈ। ਦਸਤਾਰ ਦੀ ਆਨ ਅਤੇ ਸ਼ਾਨ, ਸਿੱਖੀ ਸਰੂਪ ਕਿਉਂ ਜ਼ਰੂਰੀ, ਸ੍ਰੀ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣਾ ਅਜੋਕੇ ਸਮੇਂ ਲੋੜ ਅਤੇ ਪਵਾਸ ਵਿਚ ਗੁਰੂ ਘਰ ਸਿੱਖਾਂ ਨੂੰ ਚੜ੍ਹਦੀ ਕਲਾ ਵਿਚ ਰਹਿਣ ਦਾ ਸੰਦੇਸ਼ ਦਿੰਦੇ ਹੋਏ ਸਿੱਖਾਂ ਦੀ ਸਰਦਾਰੀ ਦੀ ਪਹਿਚਾਣ ਬਣਾਉਂਦੇ ਹਨ। ਸਿੱਖ ਧਰਮ ਦੇ ਵਿਕਾਸ ਦੀ ਜਦੋਜਹਿਦ ਦਾ ਦਰਸਾਉਣ ਵਾਲਾ ਲੇਖ ਸਾਡੀ ਅੰਤਹਕਰਨ ਦੀ ਆਵਾਜ਼ ਸੁਣਨ ਦਾ ਪ੍ਰਤੀਕ ਵਜੋਂ ਮਹਿਸੂਸ ਕਰਨ ਵਾਲਾ ਹੈ। ਜਿਸ ਕੌਮ ਦਾ ਇਤਿਹਾਸ ਇਤਨੀਆਂ ਕੁਰਬਾਨੀਆਂ ਵਾਲਾ ਹੋਵੇ ਉਸ ਕੌਮ ਨੂੰ ਵਿਰਾਸਤ ‘ਤੇ ਪਹਿਰਾ ਹੀ ਨਹੀਂ ਦੇਣਾ ਚਾਹੀਦਾ ਸਗੋਂ ਹੋਰ ਉਤਸ਼ਾਹ ਨਾਲ ਅਕੀਦਤ ਦੇ ਫੁਲ ਭੇਂਟ ਕਰਨੇ ਚਾਹੀਦੇ ਹਨ। ਇਹ ਸੋਚ ਹੈ ਨਰਪਾਲ ਸਿੰਘ ਸ਼ੇਰਗਿਲ ਦੀ ਜੋ ਇਸ ਪੁਸਤਕ ਵਿਚੋਂ ਸ਼ਪਸ਼ਟ ਹੁੰਦੀ ਹੈ। ਇਸ ਵਿਰਾਸਤੀ ਅੰਕ ਨੂੰ ਆਮ ਪੁਸਤਕ ਨਾ ਸਮਝਿਆ ਜਾਵੇ, ਸਗੋਂ ਇਸ ਦੀ ਸੋਚ ਨੂੰ ਸਮਝਿਆ ਜਾਵੇ। ਸਲਾਮ ਹੈ ਨਰਪਾਲ ਸਿੰਘ ਸ਼ੇਰਗਿਲ ਦੀ ਤੀਖਣ ਬੁੱਧੀ ਵਾਲੀ ਸੋਚ ਨੂੰ। ਅਜਿਹੇ ਕੁਝ ਨੁਕਤੇ ਹਨ ਜਿਨ੍ਹਾਂ ਨੂੰ ਇਸ ਪੁਸਤਕ ਦੇ ਅਹਿਮ ਹਿੱਸੇ ਵਜੋਂ ਵੇਖਿਆ ਜਾ ਸਕਦਾ ਹੈ। ਉਨ੍ਹਾਂ ਉਚ ਕੋਟੀ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਵਰਨਣ ਕਰਕੇ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨੂੰ ਸਾਂਭਣ ਲਈ ਸੁਚੇਤ ਕੀਤਾ ਹੈ। ਪੁਸਤਕ ਦਾ ਬਹੁਰੰਗੀ ਸਚਿਤਰ ਦਿਲਕਸ਼ ਮੁੱਖ ਕਵਰ ਹੀ ਸੂਝਵਾਨ ਪਾਠਕ ਨੂੰ ਇਸ ਵਿਚਲੀ ਸਮਗਰੀ ਬਾਰੇ ਇਸ਼ਾਰੇ ਕਰ ਜਾਂਦਾ ਹੈ।

ਨਰਪਾਲ ਸਿੰਘ ਸ਼ੇਰਗਿੱਲ ਦਾ ਸੁਭਾਅ ਹੀ ਨਵੀਆਂ ਪਿ੍ਰਤਾਂ ਪਾਉਣ ਨੂੰ ਤਰਜ਼ੀਹ ਦਿੰਦਾ ਹੈ। ਉਹ ਲਕੀਰ ਦਾ ਫ਼ਕੀਰ ਨਹੀਂ ਬਣਦਾ। ਉਹ ਸਥਾਪਤ ਪਰੰਪਰਾਵਾਂ ਦਾ ਵਿਰੋਧੀ ਵੀ ਨਹੀਂ ਪ੍ਰੰਤੂ ਉਨ੍ਹਾਂ ਨੂੰ ਨਵੇਂ ਢੰਗ ਨਾਲ ਆਧੁਨਿਕਤਾ ਦੇ ਗਿਲਾਫ਼ ਵਿਚ ਲਪੇਟ ਕੇ ਪ੍ਰਗਟਾਉਣ ਵਾਲਾ ਦੂਰ ਅੰਦੇਸ਼ ਵਿਅਕਤੀ ਹੈ। ਉਨ੍ਹਾਂ ਨੇ ਇਸ ਪੁਸਤਕ ਦੇ ਮੁੱਖ ਕਵਰ ‘ਤੇ ਆਜ਼ਾਦੀ ਸੰਗਰਾਮ ਦਾ ਕੈਨੇਡਾ ਅਤੇ ਅਮਰੀਕਾ ਵਿਚ ਮੁੱਢ ਬੰਨ੍ਹਣ ਵਾਲੇ ਮੁਹਿੰਮਕਾਰੀ ਗ਼ਦਰ ਅਖ਼ਬਾਰ ਦੇ ਪਹਿਲੇ ਪੰਨੇ ਦੀ ਤਸਵੀਰ ਲਗਾਕੇ ਪਰਵਾਸ ਵਿਚ ਪੰਜਾਬੀਆਂ ਵੱਲੋਂ ਆਜ਼ਾਦੀ ਸੰਗਰਾਮ ਦੇ ਯੋਗਦਾਨ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਸਦੇ ਨਾਲ ਹੀ ਬਾਬਾ ਸੋਹਣ ਸਿੰਘ ਭਕਨਾ ਅਤੇ ਗ਼ਦਰੀ ਬਾਬਿਆਂ ਦੀ ਤਸਵੀਰ ਲਗਾਈ ਹੈ ਤਾਂ ਜੋ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾ ਸਕੇ। ਨਰਪਾਲ ਸਿੰਘ ਸ਼ੇਰਗਿੱਲ ਨੇ ਗ਼ਦਰ ਮੈਮੋਰੀਅਲ ਦਾ ਦੌਰਾ ਕਰਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ, ਜਿਸਦੀ ਤਸਵੀਰ ਵੀ ਮੁੱਖ ਕਵਰ ਤੇ ਲੱਗੀ ਹੋਈ ਹੈ। ਇੰਡੀਅਨ ਬਿ੍ਰਟਿਸ਼ ਸਮੇਂ ਸਿੱਖਾਂ ਵੱਲੋਂ ਫ਼ੌਜ ਵਿਚ ਨੌਕਰੀ ਕਰਦਿਆਂ ਮਾਰੇ ਗਏ ਮਾਅਰਕਿਆਂ ਨੂੰ ਦਰਸਾਉਂਦੀਆਂ ਫ਼ੌਜੀ ਜਵਾਨਾ ਦੀਆਂ ਤਸਵੀਰਾਂ ਵੀ ਉਨ੍ਹਾਂ ਦੀ ਬਹਾਦਰੀ ਦੀਆਂ ਬਾਤਾਂ ਪਾ ਰਹੀਆਂ ਹਨ।

ਮਹਾਰਾਜਾ ਦਲੀਪ ਸਿੰਘ ਦੇ ਇੰਗਲੈਂਡ ਵਿਚ ਲਗਾਏ ਬੁੱਤ ਦੀ ਤਸਵੀਰ ਪੰਜਾਬੀਆਂ ਨੂੰ ਝੰਜੋੜਨ ਦਾ ਕੰਮ ਕਰੇਗੀ ਤਾਂ ਜੋ ਅੱਗੋਂ ਤੋਂ ਪੰਜਾਬੀ ਉਸ ਗ਼ਲਤੀ ਨੂੰ ਮੁੜ ਦੁਹਰਾਉਣ ਦੀ ਹਿੰਮਤ ਨਾ ਕਰਨ। ਭੁਪਿੰਦਰ ਸਿੰਘ ਹਾਲੈਂਡ ਸਿੱਖ ਇਤਿਹਾਸਕਾਰ ਆਪਣੀ ਅੰਗਰੇਜ਼ੀ ਵਿਚ ਪੁਸਤਕ ਕੈਪਟਨ ਅਮਰਿੰਦਰ ਸਿੰਘ ਤੋਂ ਜਾਰੀ ਕਰਵਾਉਂਦੇ ਹੋਏ ਵੀ ਮੁੱਖ ਕਵਰ ਦਾ ਹਿੱਸਾ ਹਨ। ਮਹਾਰਾਜਾ ਭੁਪਿੰਦਰ ਸਿੰਘ ਜਦੋਂ ਪ੍ਰੀਵੀ ਕੌਂਸਲ ਦੀ ਮੀਟਿੰਗ ਕਰਨ ਇੰਗਲੈਂਡ ਗਏ ਸਨ, ਉਦੋਂ ਦੀ ਤਸਵੀਰ ਵੀ ਲਗਾਈ ਗਈ ਹੈ ਕਿਉਂਕਿ ਉਹ ਵੀ ਇਤਿਹਾਸਕ ਘਟਨਾ ਸੀ। ਉਹ ਸਾਰੀਆਂ ਰਿਆਸਤਾਂ ਦੀ ਨੁਮਾਇੰਦਗੀ ਕਰ ਰਹੇ ਸਨ। ਇਸ ਸੰਬੰਧੀ ਲੇਖ ਪੁਸਤਕ ਦੇ ਪੰਨਾ ਨੰਬਰ 164-67 ‘ਤੇ ਹੈ। ਉਨ੍ਹਾ ਦੇ ਨਾਲ ਹੀ ਸਿੱਖ ਫ਼ੌਜੀ ਦਾ ਬੁੱਤ ਜੋ ਪਰਵਾਸ ਵਿਚ ਲਗਿਆ ਹੋਇਆ ਹੈ, ਉਹ ਸਿੱਖਾਂ ਦੇ ਯੋਗਦਾਨ ਦੀ ਮੂੰਹ ਬੋਲਦੀ ਤਸਵੀਰ ਦਾ ਸਬੂਤ ਹੈ। ਸਿੱਖ ਧਰਮ ਦੇ ਪੰਜੇ ਤਖ਼ਤਾਂ ਅਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀਆਂ ਤਸਵੀਰਾਂ ਪੰਜਾਬੀ ਵਿਰਾਸਤ ਦੀਆਂ ਅਨਮੋਲ ਧਰੋਹਰਾਂ ਹਨ। ਇਹ ਤਸਵੀਰਾਂ ਇਸ ਕਰਕੇ ਲਗਾਈਆਂ ਗਈਆਂ ਹਨ ਤਾਂ ਜੋ ਸਿੱਖ ਆਪਣੀ ਬੇਸ਼ਕੀਮਤੀ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਮਨੁੱਖੀ ਹੱਕਾਂ ਅਤੇ ਸਰਬਤ ਦੇ ਭਲੇ ਉਪਰ ਪਹਿਰਾ ਦਿੰਦੇ ਰਹਿਣ।

ਸਿੱਖ ਧਰਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦਾ ਪਲੜਚਿੜ੍ਹੀ ਵਿਖੇ ਲੱਗਿਆ ਬੁੱਤ ਸਿੱਖਾਂ ਨੂੰ ਆਪਣੀ ਅਣਖ਼ ਨਾਲ ਜ਼ਿੰਦਗੀ ਜਿਓਣ ਦਾ ਸੰਦੇਸ਼ ਦਿੰਦਾ ਹੋਇਆ ਜ਼ੁਲਮ ਦਾ ਟਾਕਰਾ ਕਰਨ ਲਈ ਪ੍ਰੇਰਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਘੋੜ ਸਵਾਰੀ ਵਾਲਾ ਬੁੱਤ ਪੰਜਾਬੀਆਂ ਨੂੰ ਪਰਜਾ ਦੇ ਹਿੱਤਾਂ ‘ਤੇ ਪਹਿਰਾ ਦੇਣ ਵਾਲਾ ਰਾਜ ਸਥਾਪਤ ਕਰਨ ਦੀ ਪ੍ਰੇਰਨਾ ਦੇਣ ਦੇ ਮਕਸਦ ਦੀ ਪੂਰਤੀ ਕਰਦਾ ਹੈ। ਇਸ ਤੋਂ ਇਲਾਵਾ 550 ਪੰਜਾਬੀਆਂ ਦੀਆਂ ਰੰਗਦਾਰ ਤਸਵੀਰਾਂ ਪੁਸਤਕ ਦੇ ਵਿਚ ਲਗਾਈਆਂ ਹਨ, ਜਿਹੜੇ ਆਪੋ ਆਪਣੇ ਖੇਤਰਾਂ ਵਿਚ ਨਾਮਣਾ ਖੱਟ ਰਹੇ ਹਨ। ਇਹ ਤਸਵੀਰਾਂ ਵੀ ਨੌਜਵਾਨ ਪੀੜ੍ਹੀ ਲਈ ਉਤਸ਼ਾਹ ਜਨਕ ਸਾਬਤ ਹੋਣਗੀਆਂ। ਇਹੋ ਜਿਹਾ ਉਦਮ ਚੇਤਨ ਅਤੇ ਤੀਖਣ ਬੁਧੀ ਵਾਲਾ ਨਰਪਾਲ ਸਿੰਘ ਸ਼ੇਰਗਿੱਲ ਵਰਗਾ ਦਲੇਰ ਅਤੇ ਉਤਸ਼ਾਹੀ ਵਿਅਕਤੀ ਹੀ ਕਰ ਸਕਦਾ ਹੈ। ਉਹ ਵੀ ਆਪਣੇ ਖ਼ਰਚੇ ‘ਤੇ 384 ਪੰਨਿਆਂ ਵਾਲੀ ਰੰਗਦਾਰ ਪੁਸਤਕ ਪ੍ਰਕਾਸ਼ਤ ਕਰਕੇ ਆਪਣੀ ਵਿਰਾਸਤ ਨੂੰ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦੇਣ ਦੇ ਇਰਾਦੇ ਨਾਲ ਆਪਣਾ ਘਰ ਫੂਕ ਕੇ ਤਮਾਸ਼ਾ ਵੇਖਦਾ ਹੈ। ਇਸ ਪੁਸਤਕ ਵਿਚ ਪੰਜਾਬੀ ਉਦਮੀਆਂ, ਜਿਨ੍ਹਾਂ ਨੇ ਪ੍ਰਵਾਸ ਵਿਚ ਆਪਣੇ ਕਾਰੋਬਾਰਾਂ ਵਿਚ ਸਫਲਤਾ ਪ੍ਰਾਪਤ ਕਰਕੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ, ਉਨ੍ਹਾਂ ਬਾਰੇ ਵੀ ਦਿੱਤਾ ਗਿਆ ਹੈ। ਉਨ੍ਹਾਂ ਦੇ ਟੈਲੀਫੋਨ ਨੰਬਰ ਅਤੇ ਅਡਰੈਸ ਦਿੱਤੇ ਗਏ ਹਨ। ਸੰਸਾਰ ਵਿਚ ਜਿਤਨੇ ਗੁਰੂ ਘਰ ਹਨ, ਉਨ੍ਹਾਂ ਸਾਰਿਆਂ ਦੇ ਐਡਰੈਸ ਅਤੇ ਟੈਲੀਫੋਨ ਵੀ ਦਿੱਤੇ ਗਏ ਹਨ। ਸਾਰੇ ਦੇਸ਼ਾਂ ਦੇ ਹਾਈ ਕਮਿਸ਼ਨਰਜ਼ ਦੇ ਦਫ਼ਤਰਾਂ ਦੇ ਪਤੇ ਅਤੇ ਟੈਲੀਫੋਨ ਵੀ ਦਿੱਤੇ ਗਏ। ਇਨ੍ਹਾਂ ਦਾ ਭਾਵ ਪੰਜਾਬੀਆਂ ਨੂੰ ਪਰਵਾਸ ਵਿਚ ਕਿਸੇ ਵੀ ਕੰਮ ਲਈ ਕੋਈ ਮੁਸ਼ਕਲ ਪੇਸ਼ ਨਾ ਹੋਵੇ। ਪੰਜਾਬੀ ਦੇ ਸਾਹਿਤਕਾਰਾਂ, ਖਿਡਾਰੀਆਂ, ਆਰਟਿਸਟਾਂ, ਪ੍ਰਵਾਸ ਦੇ ਸਿਆਸਤਦਾਨਾ, ਸਿੱਖ ਧਰਮ ਦੀ ਅਮੀਰ ਵਿਰਾਸਤ ਅਤੇ ਕੁਰਬਾਨੀਆਂ ਬਾਰੇ ਲੇਖ ਦਿੱਤੇ ਗਏ ਹਨ। ਭਵਿਖ ਵਿਚ ਨਰਪਾਲ ਸਿੰਘ ਸ਼ੇਰਗਿਲ ਤੋਂ ਹੋਰ ਵਧੇਰੇ ਉਦਮ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ।

(ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ)

Install Punjabi Akhbar App

Install
×