ਪੁਸਤਕ ਪੜਚੋਲ -ਅਨੰਤ ਅਪਣੱਤ ਦੇ ਧਾਗੇ ‘ਚ ਪਰੋਏ ਮਨੁੱਖੀ ਭਾਈਚਾਰੇ ਦਾ ਲਿਖਾਇਕ ਹੈ -”ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ”

ਆਈਨਸਟਾਈਨ ਲਿਖਦਾ ਹੈ ਕਿ ਇਸ ਦੁਨੀਆ ਵਿੱਚ ਮਨੁੱਖ ਦਾ ਆਉਣਾ ਅਸਲ ਵਿੱਚ ਦੂਜਿਆਂ ਲਈ ਹੀ ਹੈ-ਖ਼ਾਸ ਕਰਕੇ ਉਹਨਾ ਲਈ, ਜਿਹਨਾਂ ਦੀ ਖ਼ੁਸ਼ੀ ‘ਤੇ ਸਾਡੀ ਆਪਣੀ ਖ਼ੁਸ਼ੀ ਨਿਰਭਰ ਹੈ। ਅਨੇਕਾਂ ਰੂਪਾਂ ਵਿੱਚ ਖਿੰਡਰਿਆ ਇਹ ਸਾਡਾ ਮਨੁੱਖੀ ਭਾਈਚਾਰਾ ਕਿਸੇ ਅਨੰਤ ਅਪਣੱਤ ਦੇ ਧਾਗੇ ਨਾਲ ਹੀ ਤਾਂ ਬੱਝਾ ਹੋਇਆ ਹੈ।
ਗੁਰੂ ਨਾਨਕ ਦੇਵ-ਗੁਰੂ ਗੋਬਿੰਦ ਸਿੰਘ ਵਿਚਾਰਧਾਰਾ ਦੀ ਪਰਿਕਰਮਾ ਕਰਨ ਵਾਲਾ ਪੰਜਾਬੀ ਦਾ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਸੰਸਾਰ ਦੇ ਉੱਘੇ ਸਾਇੰਸਦਾਨ ਅਤੇ ਸਮਾਜਿਕ ਚਿੰਤਕ ਆਈਨਸਟਾਈਨ ਦੇ ਵਿਚਾਰਾਂ ਦੀ ਤਰਜ਼ਮਾਨੀ ਕਰਦਾ ਹੈ। ਸ਼ੇਰਗਿੱਲ ਨਿਰੰਤਰਤਾ ਨਾਲ ਵਿਸ਼ਵੀ ਭਾਈਚਾਰੇ ਨੂੰ ਇੱਕ ਲੜੀ ‘ਚ ਪ੍ਰੋਰਦਿਆਂ, ਉਹਨਾ ਦੇ ਸਮਾਜਿਕ ਅਤੇ ਸਿਆਸੀ ਮੁੱਦਿਆਂ-ਮਸਲਿਆਂ-ਸਮੱਸਿਆਵਾਂ ‘ਤੇ ਬੇਬਾਕ, ਇਤਹਾਸਿਕ ਲੇਖ ਲਿਖਦਾ ਹੈ ਅਤੇ ਵਿਸ਼ਵ ਭਾਈਚਾਰੇ ਨੂੰ ”ਅਨੰਤ ਅਪਣੱਤ” ਦੇ ਧਾਗੇ ‘ਚ ਪਰੋਣ ਦਾ ਯਤਨ ਕਰਦਾ ਹੈ।
ਨਰਪਾਲ ਸਿੰਘ ਸ਼ੇਰਗਿੱਲ ਨੇ ਇੱਕ ਹਜ਼ਾਰ ਤੋਂ ਵੱਧ ਲੇਖ ਲਿਖੇ ਹਨ, ਜਿਹਨਾ ਵਿੱਚੋਂ ਚੋਣ ਕਰਦਿਆਂ ਪੁਸਤਕ ”ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ” ਵਿੱਚ ਉਸਦੇ ਦਹਿਸ਼ਤਵਾਦ, ਪੱਤਰਕਾਰੀ, ਗੈਰ-ਕਾਨੂੰਨੀ ਪਰਵਾਸ, ਚਲੰਤ ਮਾਮਲਿਆਂ ਸਬੰਧੀ 33 ਲੇਖਾਂ ਦੀ ਚੋਣ ਸੰਪਾਦਕ ਨੇ ਕੀਤੀ ਹੈ, ਜੋ ਉਸਦੀ ਪ੍ਰਪੱਕ ਲੇਖਣੀ ਦੇ ਲਿਖਾਇਕ ਹਨ। ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦਾ ਪੱਤਰਕਾਰੀ ਦਾ ਸਮਾਂ ਪੰਜ ਦਹਾਕਿਆਂ ਦਾ ਹੈ। ਇਸ ਸਮੇਂ ਦੌਰਾਨ ਉਸਨੇ ਅੰਗਰੇਜੀ, ਪੰਜਾਬੀ ਪੱਤਰਕਾਰੀ ‘ਚ ਨਵੀਆਂ ਪੈੜਾਂ ਪਾਈਆਂ ਹਨ। ਦੇਸ਼, ਵਿਦੇਸ਼ ਦੀਆਂ ਦਰਜ਼ਨਾਂ ਪੰਜਾਬੀ ਅਖ਼ਬਾਰਾਂ, ਰਸਾਲਿਆਂ ‘ਚ ਉਸਦੇ ਲੇਖ ਛਪਦੇ ਹਨ। ਉਸਦੀ ਲੇਖਨੀ ਦਾ ਇਹ ਪ੍ਰਵਾਹ ਹੁਣ ਤੱਕ ਨਿਰੰਤਰ ਜਾਰੀ ਹੈ।
ਇਸ ਪੁਸਤਕ ਵਿੱਚ ਜਿਥੇ ਪੱਤਰਕਾਰੀ ਸਬੰਧੀ ”ਪ੍ਰਵਾਸੀਆਂ ਦੇ ਵਿਕਾਸ ਵਿੱਚ ਪੱਤਰਕਾਰੀ ਦਾ ਯੋਗਦਾਨ”, ”ਜਾਨਲੇਵਾ ਬਣ ਰਿਹਾ ਪੱਤਰਕਾਰੀ ਕਿੱਤਾ”, ਵਿਸ਼ੇਸ਼ ਲੇਖ ਸ਼ਾਮਲ ਹਨ, ਉਥੇ ਦਹਿਸ਼ਤਵਾਦ ਸਬੰਧੀ ”2014 ਵਿੱਚ ਇਸਲਾਮੀ ਦਹਿਸ਼ਤਵਾਦ”, ”ਭਾਰਤ ਵਿੱਚ ਦਹਿਸ਼ਤਵਾਦ”, ਗੈਰ-ਕਾਨੂੰਨੀ ਪਰਵਾਸ ਸਬੰਧੀ ”ਸਮੁੰਦਰਾਂ ਅਤੇ ਮਾਰੂਥਲਾਂ ਰਾਹੀਂ ਪਰਵਾਸ”, ”ਪੰਜਾਬ ਵਿੱਚੋਂ ਗੈਰ-ਕਾਨੂੰਨੀ ਪਰਵਾਸ”, ”ਪੰਜਾਬੀ ਸਿਆਸਤ ਦਾ ਪ੍ਰਵਾਸੀਆਂ ‘ਤੇ ਪ੍ਰਭਾਵ”, ”ਕਬੂਤਰਬਾਜ਼ੀ ਨੂੰ ਕੌਮਾਂਤਰੀ ਸ਼ਹਿ” ਅਤੇ ਚਲੰਤ ਮਾਮਲਿਆਂ ਸਬੰਧੀ ”ਭਾਰਤ ਦਾ ਕੌਮਾਂਤਰੀ ਵਪਾਰ ਅਤੇ ਵਕਾਰ”, ”ਨਿਲਾਮ ਹੋ ਰਿਹਾ ਭਾਰਤੀ ਵਿਰਸਾ” ਜਿਹੇ ਲੇਖ ਵਿਸ਼ਵ ਪੱਧਰੀ ਮਨੁੱਖੀ ਵਰਤਾਰੇ ਸਬੰਧੀ ਲੇਖ ਹਨ। ਇਹਨਾ ਲੇਖਾਂ ਨੇ ਸਮੇਂ-ਸਮੇਂ ਤੇ ਵਿਸ਼ਵ ਪੱਧਰੀ ਵਿਚਾਰਧਾਰਕ ਚਰਚਾ ਛੇੜੀ ਹੈ ਅਤੇ ਇਹ ਲੇਖ ਉਹਨਾ ਦੀ ਸਾਰਥਿਕ ਲੋਕ-ਹਿਤੈਸ਼ੀ ਲੇਖਣੀ ਦੀਆਂ ਉਦਾਹਰਨ ਹਨ।
ਪੁਸਤਕ ਵਿੱਚ ਸੰਪਾਦਕ ਅਤੇ ਚੋਣਕਾਰ ਨੇ ਨਰਪਾਲ ਸਿੰਘ ਸ਼ੇਰਗਿੱਲ ਦੇ ਜੀਵਨ, ਉਹਨਾ ਦੀ ਲੇਖਣੀ ਸਬੰਧੀ, ਉਹਨਾਂ ਵਲੋਂ ਜਾਰੀ ਸਲਾਨਾ ਪੁਸਤਕ ”ਇੰਡੀਅਨ ਐਵਰੌਡ ਐਂਡ ਪੰਜਾਬ ਇਮਪੈਕਟ” ਸਬੰਧੀ ਵਿਚਾਰਵਾਨਾਂ, ਲੇਖਕਾਂ ਦੇ ਵਿਚਾਰ ਵੀ ਸ਼ਾਮਲ ਕੀਤੇ ਹਨ। ਜਿਹਨਾ ਵਿੱਚ ਪ੍ਰਸਿੱਧ ਪੱਤਰਕਾਰ ਉਜਾਗਰ ਸਿੰਘ, ਬਲਵੀਰ ਸਿੰਘ ਕੰਵਲ (ਲੰਡਨ), ਪ੍ਰੋ: ਕੁਲਵੰਤ ਸਿੰਘ ਗਰੇਵਾਲ, ਡਾ: ਹਰਜਿੰਦਰ ਸਿੰਘ ਵਾਲੀਆ ਦੇ ਲੇਖ ਸ਼ਾਮਲ ਹਨ। ਪੁਸਤਕ ਵਿੱਚ ਉਹਨਾ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ, ਉਹਨਾ ਨੂੰ ਮਿਲੇ ਮਾਣ-ਸਨਮਾਨ ਸਬੰਧੀ ਇਤਹਾਸਕ ਪਲਾਂ ਨੂੰ ਬਿਆਨ ਕਰਦੀਆਂ ਫੋਟੋ 8 ਰੰਗਦਾਰ ਸਫ਼ਿਆਂ ‘ਚ ਛਾਪੀਆਂ ਹਨ।
ਹੱਥਲੀ ਰੰਗਦਾਰ, ਸੁਚਿੱਤਰ ਪੁਸਤਕ ”ਗੁਰੂ ਨਾਨਕ ਦੇਵ – ਗੁਰੁ ਗੋਬਿੰਦ ਸਿੰਘ ਵਿਚਾਰਧਾਰਾ ਦੀ ਪਰਿਕਰਮਾ ਕਰਨ ਵਾਲਾ ਪੰਜਾਬੀ ਦਾ ਕੌਮਾਂਤਰੀ ਪੱਤਰਕਾਰ-ਨਰਪਾਲ ਸਿੰਘ ਸ਼ੇਰਗਿੱਲ ” ਦੇ 184 ਸਫ਼ੇ ਹਨ। ਕੀਮਤ 500 ਰੁਪਏ (ਭਾਰਤੀ), 10 ਪੌਂਡ (ਬਰਤਾਨੀਆ), 20 ਡਾਲਰ (ਕੈਨੇਡਾ, ਅਮਰੀਕਾ) ਹੈ ਅਤੇ ਪ੍ਰਕਾਸ਼ਕ ਹਨ ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ। ਪੁਸਤਕ ਦਾ ਆਈਐਸਬੀਐਨ ਨੰਬਰ 978-81-956091-2-3 ਹੈ।
ਪੁਸਤਕ ਯਾਦਗਾਰੀ ਹੈ। ਸਾਂਭਣਯੋਗ ਅਤੇ ਪੜ੍ਹਣਯੋਗ ਹੈ। ਇਹ ਪੁਸਤਕ ”ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ, ਫੋਨ ਨੰ: 9815802070 ਤੇ ਉਪਲੱਬਧ ਹੈ।

(ਗੁਰਮੀਤ ਸਿੰਘ ਪਲਾਹੀ)
+91 9815802070

Install Punjabi Akhbar App

Install
×