ਵਿਛੜੇ ਗੁਰਧਾਮਾਂ ਪ੍ਰਤੀ ਨਿਊਜ਼ੀਲੈਂਡ ਵਸਦੇ ਸਿੱਖਾਂ ਦੀ ਪਹਿਲ ਕਦਮੀ

– ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਨੂੰ ‘ਵੈਟੀਕਨ ਸਿ’ਟੀ’ ਦੀ ਤਰਜ਼ ਉਤੇ ਵੀਜ਼ਾ ਮੁਕਤ ਐਲਾਨਿਆ ਜਾਵੇ

– ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਸਿੱਖ ਸੰਸਥਾਵਾਂ ਵੱਲੋਂ ਦਿੱਤਾ ਗਿਆ ਸਾਂਝਾ ਮੰਗ-ਪੱਤਰ ਤੇ ਪਾਕਿਸਤਾਨ ਸਰਕਾਰ ਦਾ ਕੀਤਾ ਧੰਨਵਾਦ

(ਪਾਕਿਸਤਾਨ ਹਾਈ ਕਮਿਸ਼ਨਰ ਸ੍ਰੀ ਅਬਦੁਲ ਮਲਿਕ ਨੂੰ ਮੰਗ ਪੱਤਰ ਸੌਂਪਣ ਸਮੇਂ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਸ. ਰਣਵੀਰ ਸਿੰਘ ਲਾਲੀ ਅਤੇ ਹੋਰ)
(ਪਾਕਿਸਤਾਨ ਹਾਈ ਕਮਿਸ਼ਨਰ ਸ੍ਰੀ ਅਬਦੁਲ ਮਲਿਕ ਨੂੰ ਮੰਗ ਪੱਤਰ ਸੌਂਪਣ ਸਮੇਂ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਸ. ਰਣਵੀਰ ਸਿੰਘ ਲਾਲੀ ਅਤੇ ਹੋਰ)

ਔਕਲੈਂਡ 29 ਨਵੰਬਰ -ਭਾਰਤ ਅਤੇ ਪਾਕਿਸਤਾਨ ਸਰਕਾਰ ਵੱਲੋਂ ਜਿੱਥੇ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਵੀਜ਼ਾ ਮੁਕਤ ਲਾਂਘਾ ਸ਼ੁਰੂ ਕੀਤਾ ਜਾ ਰਿਹਾ ਹੈ ਉਥੇ ਨਿਊਜ਼ੀਲੈਂਡ ਵਸਦੇ ਸਿੱਖਾਂ ਨੇ ਇਕ ਹੋਰ ਪਹਿਲ ਕਦਮੀ ਕਰਦੇ ਹੋਏ ਪਾਕਿਸਤਾਨ ਸਥਿਤ ਵਿਛੜੇ ਗੁਰਧਾਮਾਂ ਲਈ ਇਕ ਨਵੀਂ ਪਹਿਲ ਕਦਮੀ ਕੀਤੀ ਹੈ। ਅੱਜ ਇਕ ਮੰਗ ਪੱਤਰ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਨੂੰ ‘ਵੈਟੀਕਨ ਸਿਟੀ’ ਦੀ ਤਰਜ਼ ‘ਤੇ ਵੀਜਾ ਮੁਕਤ ਸ਼ਹਿਰ ਐਲਾਨਣ ਦੀ ਮੰਗ ਕੀਤੀ ਹੈ। ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਨਿਊਜ਼ੀਲੈਂਡ ਦੀਆਂ ਸਿੱਖ ਸੰਸਥਾਵਾਂ ਦੀ ਤਰਫ ਤੋਂ ਇਕ ਸਾਂਝਾ ਮੰਗ ਪੱਤਰ ਵਲਿੰਗਟਨ ਸਥਿਤ ਪਾਕਿਸਤਾਨ ਹਾਈ ਕਮਿਸ਼ਨਰ ਸ੍ਰੀ ਅਬਦੁਲ ਮਲਿਕ ਨੂੰ ਸੌਂਪਿਆ। ਪੱਤਰ ਦੇ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖਾਨ ਦਾ ਸ੍ਰੀ ਕਰਤਾਰ ਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੇ ਫੈਸਲੇ ਦਾ ਧੰਨਵਾਦ ਵੀ ਕੀਤਾ ਗਿਆ। ਪੱਤਰ ਵਿਚ ਮੰਗ ਕੀਤੀ ਗਈ ਕਿ ਸ੍ਰੀ ਨਨਕਾਣਾ ਸਾਹਿਬ ਨੂੰ ‘ਵੈਟੀਕਨ ਸਟੇਟਸ’ ਦਾ ਦਰਜਾ ਦਿੱਤਾ ਜਾਵੇ ਤਾਂ ਕਿ ਲੋਕ ਬਿਨਾਂ ਕਿਸੇ ਰੋਕ-ਟੋਕ ਦੇ ਬਿਨਾਂ ਵੀਜ਼ਾ ਤੇ ਬਿਨਾਂ ਪਾਸਪੋਰਟ ਜਾ ਸਕਣ। ਮੰਗ ਪੱਤਰ ਦੇ ਵਿਚ ਕਿਹਾ ਗਿਆ ਹੈ ਕਿ ”ਪੂਰੀ ਮਨੁੱਖਤਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਗਲੇ ਸਾਲ 550ਵਾਂ ਪ੍ਰਕਾਸ਼ ਦਿਵਸ ਮਨਾ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਰਾਹ ਦੱਸਣ ਵਾਲੇ ਰਹਿਬਰ ਸਨ ਅਤੇ ਉਨ੍ਹਾਂ ਦੇ ਧਾਰਮਿਕ ਸਥਾਨ ਉਤੇ ਸ਼ਰਧਾਲੂਆਂ ਨੂੰ ਬਿਨਾਂ ਸ਼ਰਤ ਆਣ-ਜਾਣ ਦੀ ਆਗਿਆ ਦੇਣਾ ਪਾਕਿਸਤਾਨ ਸਰਕਾਰ ਦੀ ਮਨੁੱਖਤਾ ਪ੍ਰਤੀ ਇਕ ਹੋਰ ਵੱਡੀ ਪ੍ਰਾਪਤੀ ਹੋਵੇਗੀ।” ਮੰਗ ਪੱਤਰ ਦੇ ਵਿਚ ਲਿਖਿਆ ਗਿਆ ਹੈ ਕਿ ”ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਣਗਿਣਤ ਸ਼ਰਧਾਲੂ ਭਾਰਤ ਤੋਂ ਬਾਹਰ ਵਸਦੇ ਹਨ ਅਤੇ ਵਿਦੇਸ਼ੀ ਨਾਗਰਿਕ ਹਨ। ਨਿਊਜ਼ੀਲੈਂਡ ਤੋਂ ਪਾਕਿਸਤਾਨ ਗਏ ਲੋਕਾਂ ਦਾ ਪਿਛਲਾ ਤਜ਼ਰਬਾ ਦਸਦਾ ਹੈ ਕਿ ਮੌਜੂਦਾ ਸਮੇਂ ਦੇ ਵਿਚ ਪਾਕਿਸਤਾਨ ਦਾ ਵੀਜ਼ਾ ਲੈਣ ਨੂੰ 10 ਮਹੀਨੇ ਤੱਕ ਦਾ ਸਮਾਂ ਤੱਕ ਲੱਗ ਜਾਂਦਾ ਹੈ ਸੋ ਬੇਨਤੀ ਹੈ ਕਿ ਸ੍ਰੀ ਨਨਕਾਣਾ ਸਾਹਿਬ ਜਾਣ ਵਾਲਿਆਂ ਨੂੰ ਵੀਜ਼ਾ ਰਹਿਤ ਦਾਖਲਾ ਦਿੱਤਾ ਜਾਵੇ।” ਮੰਗ ਪੱਤਰ ਦੇਣ ਵੇਲੇ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਸ. ਰਣਵੀਰ ਸਿੰਘ ਲਾਲੀ ਵੀ ਹਾਜ਼ਿਰ ਸਨ।
ਮੰਗ ਪੱਤਰ ਦੇ ਵਿਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਸਿੱਖ ਸੰਗਤ ਉਟਾਹੂਹੂ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ, ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਐਵਨਡੇਲ, ਗੁਰਦੁਆਰਾ ਸਾਹਿਬ ਨਾਰਥ ਸ਼ੋਰ, ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ, ਗੁਰਦੁਆਰਾ ਸਾਹਿਬ ਪਾਲਮਰਸਨ ਨਾਰਥ, ਗੁਰਦੁਆਰਾ ਸਾਹਿਬ ਵਲਿੰਗਟਨ, ਗੁਰਦੁਆਰਾ ਸਾਹਿਬ ਕ੍ਰਾਈਸਟਚਰਚ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ, ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ, ਗੁਰਦੁਆਰਾ ਨਾਨਕਸਰ ਠਾਠ ਮੈਨੁਰੇਵਾ ਅਤੇ ਏਕਤਾ ਨਿਊਜ਼ੀਲੈਂਡ ਵੱਲੋਂ ਇਸ ਮੰਗ ਪੱਤਰ ਦਾ ਸਮਰਥਨ ਸ਼ਾਮਿਲ ਕੀਤਾ ਗਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks