ਵੀਜ਼ੇ ਤੋਂ ਨਾਂਹ ਉਂਜ ਕਿਤਾਬਾਂ ’ਚ ਪੀ.ਐਮ. ਤੇ ਸਿੱਖਾਂ ਦੀ ਸਾਂਝ

ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਸਮਾਗਮਾਂ ਲਈ ਵੀਜ਼ਿਆਂ ਦੀ ਮਨਾਹੀ ਈਰਖਾ ਦੀ ਨਿਸ਼ਾਨੀ ਹੈ -ਭਾਈ ਸਰਵਣ ਸਿੰਘ ਅਗਵਾਨ

ਸੁਰੱਖਿਆ, ਕਰੋਨਾ ਅਤੇ ਬਾਰਡਰ ਬੰਦ ਦਾ ਕਾਰਨ ਦੱਸਣਾ ਹੁਣ ਹਾਸੋਹੀਣਾ ਕਿਉਂਕਿ ਬਹੁਤੀਆਂ ਅੰਤਰਰਾਸ਼ਟਰੀ ਉਡਾਣਾਂ ਰਾਹੀਂ ਆਵਾਜ਼ਾਈ ਖੁੱਲ੍ਹੀ

ਆਕਲੈਂਡ:- ਬੀਤੇ ਕੁਝ ਹਫਤਿਆਂ ਤੋਂ ਜਿੱਥੇ ਵੱਖ-ਵੱਖ ਦੇਸ਼ਾਂ ਦੇ ਹਾਈ ਕਮਿਸ਼ਨਾਂ ਰਾਹੀਂ ਇਕ ਤਿੰਨ ਭਾਸ਼ਾਈ ਕਿਤਾਬ ‘ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਖਾਸ ਰਿਸ਼ਤਾ’ ਭੇਜੀ ਜਾ ਰਹੀ ਹੈ, ਜਿਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੇ ਹੁਣ ਤੱਕ ਦੇ ਸਿੱਖਾਂ ਲਈ ਕੀਤੇ ਕੰਮਾਂ ਦਾ ਵੇਰਵਾ ਦਿੱਤਾ ਹੈ ਉਥੇ ਅੱਜਕੱਲ੍ਹ ਦੇ ਅੜੀਅਲ ਸੁਭਾਆ ਕਰਕੇ ਸਿਰ ਵਿਚ ਸੁਆਹ ਪੁਆਈ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ ਇਥੇ ਵਸਦੇ ਭਾਈ ਸਰਵਣ ਸਿੰਘ ਅਗਵਾਨ (ਛੋਟੇ ਭਰਾਤਾ ਸ਼ਹੀਦ ਸਤਵੰਤ ਸਿੰਘ) ਨੇ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ‘‘ਕਿ 20 ਫਰਵਰੀ 1921 ਨੂੰ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਵਾਪਰਿਆ ਸੀ ਜਿੱਥੇ 260 ਦੇ ਕਰੀਬ ਸੰਗਤ ਹਿੰਦੂ ਮਹੰਤਾਂ ਦੇ ਅਚਨਚੇਤ ਕੀਤੇ ਮਾਰੂ ਹਮਲੇ ਕਰਕੇ ਸ਼ਹੀਦੀਆਂ ਪਾ ਗਈ ਸੀ। ਐਨਾ ਹੀ ਨਹੀਂ ਹਿੰਦੂ ਮਹੰਤਾਂ ਨੇ ਭਾਈ ਲਛਮਣ ਸਿੰਘ ਨੂੰ ਜੰਢ ਨਾਲ ਪੁੱਠਾ ਲਮਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਸੀ। ਇਕ ਹੋਰ ਸਿੰਘ ਭਾਈ ਦਲੀਪ ਸਿੰਘ ਨੇ ਮਹੰਤਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮਹੰਤਾਂ ਦੇ ਗੁੰਡਿਆਂ ਨੇ ਉਸਨੂੰ ਅਕਾਲੀ-ਅਕਾਲੀ ਪੁਕਾਰ ਕੇ ਬਲਦੀ ਭੱਠੀ ਦੇ ਵਿਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ। ਇਹ ਸ਼ਹੀਦੀ ਸਾਕਾ ਪਾਕਿਸਤਾਨ ਦੇ ਵਿਚ ਇਸ ਸਾਲ 100 ਸਾਲ ਪੂਰੇ ਕਰ ਰਿਹਾ ਸੀ ਅਤੇ ਸਿੱਖ ਧਰਮ ਦੇ ਲਈ ਇਤਿਹਾਸਕ ਦਿਨ ਸੀ। ਪਰ ਭਾਰਤ ਸਰਕਾਰ ਨੇ ਸ਼੍ਰੋਮਣੀ ਕਮੇਟੀ ਵੱਲੋਂ 600 ਦੇ ਕਰੀਬ ਭੇਜੇ ਜਾਣ ਵਾਲੇ ਜੱਥੇ ਨੂੰ ਵੀਜ਼ੇ ਦੇਣ ਤੋਂ ਨਾਂਹ ਕਰਕੇ ਈਰਖਾ ਦੀ ਉਦਾਹਰਣ ਪੇਸ਼ ਕੀਤੀ ਹੈ।  ਜਾਰੀ ਚਿੱਠੀ ਦੇ ਵਿਚ ਨਿਖਿੱਧ ਜਿਹੇ ਕਾਰਨ ਦੱਸੇ ਗਏ ਕਿ ਉਥੇ ਜਾਣ ਵਾਲਿਆਂ ਨੂੰ ਸੁਰੱਖਿਆ ਦਾ ਖਤਰਾ ਹੈ, ਉਥੇ ਕਰੋਨਾ ਫੈਲਿਆ ਹੋਇਆ ਹੈ ਅਤੇ ਬਾਰਡਰ ਬੰਦ ਦੀਆਂ ਸ਼ਰਤਾਂ ਲਾਗੂ ਹਨ। ਜਦ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਪਾਕਿਸਤਾਨ ਸਰਕਾਰ ਵੱਲੋਂ ਇਸ ਇਤਿਹਾਸਕ ਦਿਨ ਵਾਸਤੇ ਵੱਡੇ ਪ੍ਰਬੰਧ ਕੀਤੇ ਗਏ ਸਨ, ਸੁਰੱਖਿਆ ਦਾ ਇੰਤਜ਼ਾਮ ਸੀ। ਉਨ੍ਹਾਂ 1000 ਵਿਅਕਤੀਆਂ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਕਰੋਨਾ ਦਾ ਟੈਸਟ ਕਰਵਾ ਕੇ ਹੀ ਸੰਗਤ ਨੇ ਜਾਣਾ ਸੀ। ਮੋਦੀ ਸਾਹਿਬ ਨੇ ਸ੍ਰੀ ਕਰਤਾਰਪੁਰ ਦੇ ਲਾਂਘੇ ਵੇਲੇ ਕੀਤੇ ਕੰਮ ਨੂੰ ਆਪਣੀਆਂ ਕਿਤਾਬਾਂ ਦੇ ਵਿਚ ਤਾਂ ਸਲਾਹਿਆ ਹੈ ਪਰ ਜੇਕਰ ਇਸਨੂੰ ਨਿਰੰਤਰ ਜਾਰੀ ਨਹੀਂ ਰੱਖਣਾ ਤਾਂ ਇਸ ਵਿਚ ਵੱਡੀ ਸਾਜ਼ਿਸ਼ ਅਤੇ ਸਿੱਖਾਂ ਪ੍ਰਤੀ ਕੁੜੱਤਣ ਦੀ ਭਾਵਨਾ ਪ੍ਰਗਟ ਹੋਈ ਨਜ਼ਰ ਆਉਂਦੀ ਹੈ। ਕਿਸਾਨੀ ਅੰਦੋਲਨ ਤੋਂ ਖਾਰ ਖਾਣ ਕਰਕੇ ਉਨ੍ਹਾਂ ਹਜ਼ਾਰਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਦਰਕਿਨਾਰ ਕੀਤਾ ਹੈ ਜੋ ਕਿ ਪ੍ਰਧਾਨ ਮੰਤਰੀ ਦੇ ਭਗਵਾਂ ਚਿਹਰੇ ਨੂੰ ਹੋਰ ਸਾਫ ਕਰਦੀਆਂ ਹਨ। ਅਜਿਹੇ ਇਤਿਹਾਸਕ ਦਿਨ ਕੌਮਾਂ ਲਈ ਵਾਰ-ਵਾਰ ਨਹੀਂ ਆਉਂਦੇ ਅਤੇ ਮੈਂ ਸਿੱਖ ਭਾਈਚਾਰੇ ਵੱਲੋਂ ਭਾਰਤ ਸਰਕਾਰ ਦੇ ਇਸ ਫੈਸਲੇ ਦੀ ਸਖਤ ਨਿੰਦਾ ਕਰਦਾ ਹਾਂ।’’
ਸ਼ਹੀਦੀ ਸਾਕਾ ਨਨਕਾਣਾ ਸਾਹਿਬ ਦੇ ਸਮਾਗਮਾਂ ਵਿਚ ਸ਼ਾਮਿਲ ਹੋਣ ਦੀ ਇਜ਼ਾਜਤ ਨਾ ਦੇਣ ਦਾ ਸਾਰੇ ਸਿੱਖ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਤੋਂ ਪ੍ਰਧਾਨ ਅਤੇ ਸੀਨੀਅਰ ਮੈਂਬਰ ਸ. ਕਰਨੈਲ ਸਿੰਘ ਪੰਜੋਲੀ ਨੇ ਵੀ ਇਸ ਸਬੰਧੀ ਆਪਣਾ ਬਿਆਨ ਦਿੱਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਭਾਈ ਲਛਮਣ ਸਿੰਘ ਦੀ ਤਸਵੀਰ ਕੇਂਦਰੀ ਅਜਾਇਬ ਘਰ ਵਿਚ ਸਥਾਪਿਤ ਕਰਨ ਉਤੇ ਉਨ੍ਹਾਂ ਕਮੇਟੀ ਦਾ ਧੰਨਵਾਦ ਕੀਤਾ ਹੈ ਅਤੇ ਪੰਜਾਬ ਦੇ ਵਿਚ ਭਾਈ ਲਛਮਣ ਸਿੰਘ ਦੇ ਪਰਿਵਾਰ ਵੱਲੋਂ ਵੱਡੇ ਸਮਾਗਮ ਉਲੀਕੇ ਗਏ ਹਨ।

Install Punjabi Akhbar App

Install
×