ਕੈਨੇਡਾ ਵਲੋਂ ਨਾਦਿਰ ਪਟੇਲ ਭਾਰਤ ਵਿਚ ਆਪਣਾ ਰਾਜਦੂਤ ਨਿਯੁਕਤ

nadir-patel

ਭਾਰਤ-ਕੈਨੇਡਾ ਵਿਚਕਾਰ ਸਬੰਧਾਂ ਨੂੰ ਮਜਬੂਤ ਕਰਨ ਦੇ ਉਦੇਸ਼ ਨਾਲ ਭਾਰਤੀ-ਕੈਨੇਡੀਅਨ ਨਾਦਿਰ ਪਟੇਲ ਨੂੰ ਭਾਰਤ ਵਿਚ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। 44 ਸਾਲਾ ਪਟੇਲ ਦੀ ਨਿਯੁਕਤ ਦਾ ਐਲਾਨ ਕਲ੍ਹ ਵਿਦੇਸ਼ ਮੰਤਰੀ ਜਾਹਨ ਬੇਅਰਡ ਅਤੇ ਅੰਤਰਰਾਸ਼ਟਰੀ ਵਪਾਰ ਮੰਤਰੀ ਐਡ ਫਾਸਟ ਨੇ ਕੀਤਾ। ਕੈਨੇਡਾ ਦੇ ਵਿਦੇਸ਼ ਮਾਮਲੇ, ਵਪਾਰ ਅਤੇ ਵਿਕਾਸ ਵਿਭਾਗ ਵਲੋਂ ਜਾਰੀ ਇਕ ਸਾਂਝੇ ਬਿਆਨ ਵਿਚ ਉਨ੍ਹਾਂ ਕਿਹਾ ਕਿ ਭਾਰਤ ਗਣਰਾਜ ਵਿਚ ਨਾਦਿਰ ਪਟੇਲ ਨੂੰ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕਰਨ ਦਾ ਐਲਾਨ ਕਰਕੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਪਟੇਲ ਕੋਲ ਵਧੀਆ ਤਜਰਬਾ ਹੈ ਅਤੇ ਉਹ ਦੁਵੱਲੇ ਵਪਾਰ ਅਤੇ ਅੰਤਰਰਾਸ਼ਟਰੀ ਸੁਰੱਖਿਆ ਸਮੇਤ ਕੈਨੇਡਾ-ਭਾਰਤ ਸਬੰਧਾਂ ਨੂੰ ਹੋਰ ਮਜਬੂਤ ਕਰਨਗੇ। ਸ੍ਰੀ ਪਟੇਲ ਜਿਹੜੇ 2009 ਤੋਂ 2011 ਤਕ ਸ਼ੰਘਾਈ ਵਿਚ ਕੈਨੇਡਾ ਦੇ ਕੌਂਸਲ ਜਨਰਲ ਰਹੇ, ਸਟੇਵਾਰਟ ਬੈਕ ਦੀ ਥਾਂ ਲੈਣਗੇ। ਸ੍ਰੀ ਪਟੇਲ ਜਿਹੜੇ ਗੁਜਰਾਤ ਵਿਚ ਜਨਮੇ ਸਨ ਛੋਟੀ ਉਮਰ ਵਿਚ ਆਪਣੇ ਮਾਪਿਆਂ ਨਾਲ ਕੈਨੇਡਾ ਚਲੇ ਗਏ ਸਨ। ਉਨ੍ਹਾਂ ਵਾਟਰਲੂ (ਓਂਟਾਰੀਓ) ਵਿਚ ਵਿਲਫਰਡ ਲਾਰੀਅਰ ਯੂਨੀਵਰਸਿਟੀ ਤੋਂ ਅੰਡਰਗਰੈਜੂਏਸ਼ਨ ਅਤੇ ਨਿਊਯਾਰਕ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਐਮ. ਬੀ. ਏ. ਦੀ ਪੜ੍ਹਾਈ ਕੀਤੀ ਸੀ। ਹੁਣ ਤਕ ਉਹ ਕੰਪਨੀ ਯੋਜਨਾ, ਵਿਤ ਅਤੇ ਸੂਚਨਾ ਤਕਨਾਲੋਜੀ ਲਈ ਸਹਾਇਕ ਡਿਪਟੀ ਮੰਤਰੀ ਅਤੇ ਕੈਨੇਡਾ ਵਿਚ ਵਿਦੇਸ਼ ਮਾਮਲੇ, ਵਪਾਰ ਅਤੇ ਵਿਕਾਸ ਵਿਭਾਗ ਵਿਚ ਮੁੱਖ ਵਿਤ ਅਧਿਕਾਰੀ ਵਜੋਂ ਕੰਮ ਕਰਦੇ ਰਹੇ ਹਨ।