ਛੋਟੇ ਬੱਚਿਆਂ ਲਈ ਕ੍ਰਿਸਮਿਸ ਦੇ ਮਿਊਜ਼ੀਕਲ ਕਾਰਡ ਹੋ ਸਕਦੇ ਹਨ ”ਖ਼ਤਰਨਾਕ”

ਕੁਈਨਜ਼ਲੈਂਡ ਸਿਹਤ ਵਿਭਾਗ ਵੱਲੋਂ ਚਿਤਾਵਨੀਆਂ ਜਾਰੀ

ਕ੍ਰਿਸਮਿਸ ਦੇ ਤਿਉਹਾਰ ਦੇ ਸਮੇਂ ਮਿਊਜ਼ੀਕਲ ਕਾਰਡਾਂ ਦਾ ਆਦਾਨ ਪ੍ਰਦਾਨ ਆਮ ਹੀ ਹੁੰਦਾ ਹੈ। ਪਰੰਤੂ ਕੁਈਨਜ਼ਲੈਂਡ ਸਿਹਤ ਵਿਭਾਗ ਨੇ ਇੱਕ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਉਕਤ ਕਾਰਡਾਂ ਵਿੱਚ ਇਸਤੇਮਾਲ ਹੋਣ ਵਾਲੇ ਛੋਟੇ ਛੋਟੇ ਬਟਨਾਂ ਦੇ ਆਕਾਰ ਵਾਲੇ ਸੈੱਲ, ਛੋਟੇ ਬੱਚਿਆਂ ਲਈ ਕਾਫ਼ੀ ਖ਼ਤਰਨਾਕ ਹੋ ਸਕਦੇ ਹਨ ਕਿਉਂਕਿ ਛੋਟੇ ਬੱਚੇ ਇਨ੍ਹਾਂ ਨੂੰ ਆਪਣੇ ਮੂੰਹ ਵਿੱਚ ਲੈ ਲੈਂਦੇ ਹਨ ਅਤੇ ਨਿਗਲ ਵੀ ਜਾਂਦੇ ਹਨ।
ਵਿਭਾਗ ਨੇ ਇਹ ਵੀ ਕਿਹਾ ਕਿ ਹਰ ਹਫ਼ਤੇ ਘੱਟੋ ਘੱਟ ਚਾਰ ਅਜਿਹੇ ਮਾਮਲੇ ਹਸਪਤਾਲਾਂ ਵਿੱਚ ਆਉਂਦੇ ਹਨ ਜਿੱਥੇ ਕਿ ਬੱਚਿਆਂ ਨੇ ਉਹੀ ਛੋਟੇ ਸੈੱਲ ਨਿਗਲ ਲਏ ਹੁੰਦੇ ਹਨ ਅਤੇ ਉਨ੍ਹਾਂ ਨੂੰ ਆਪਾਤਕਾਲੀਨ ਵਿਭਾਗਾਂ ਵਿੱਚ ਦਾਖਲ ਕਰਵਾਇਆ ਜਾਂਦਾ ਹੈ।
ਉਨ੍ਹਾਂ ਇਹ ਵੀ ਕਿਹਾ ਹੈ ਕਿ ਅਜਿਹੀਆਂ ਛੋਟੀਆਂ ਬੈਟਰੀਆਂ ਕ੍ਰਿਸਮਿਸ ਦੇ ਕਾਰਡਾਂ ਵਿੱਚ ਹੁੰਦੀਆਂ ਹਨ ਅਤੇ ਨਾਲ ਹੀ ਹੋਰ ਕਈ ਤਰ੍ਹਾਂ ਦੇ ਦੀਵਿਆਂ, ਮੋਮਬੱਤੀਆਂ ਅਤੇ ਹੋਰ ਛੋਟੇ ਛੋਟੇ ਖਿਡੌਣਿਆਂ ਜਾਂ ਬੱਚਿਆਂ ਦੇ ਬੂਟਾਂ ਆਦਿ ਵਿੱਚ ਵੀ ਪਾਈਆਂ ਜਾਂਦੀਆਂ ਹਨ ਅਤੇ ਇਸਤੋਂ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੁੰਦੀ ਹੈ ਅਤੇ ਇਹੋ ਛੋਟੀ ਜਿਹੀ ਸਾਵਧਾਨੀ ਸਾਨੂੰ ਵੱਡੇ ਖ਼ਤਰਿਆਂ ਤੋਂ ਬਚਾ ਸਕਦੀ ਹੈ।