ਸ਼ੌਂਕ ਦੇ ਸਫਰ ਨੂੰ ਸਮਾਜਿਕ ਕੰਮਾਂ ਦੀ ਮੰਜ਼ਿਲ: ਨਿਊਜ਼ੀਲੈਂਡ ‘ਚ ਮਿਸ ਐਨ. ਆਰ. ਆਈ. ਪੰਜਾਬਣ ਗਗਨਦੀਪ ਕੌਰ ਵੱਲੋਂ ਪੰਜਾਬੀ ਅਤੇ ਲੋਕ ਨ੍ਰਿਤ ਕਲਾਸਾਂ ਸ਼ੁਰੂ

NZ PIC 15 July-1ਜੇਕਰ ਸ਼ੌਕ ਦੇ ਸਫਰ ਨੂੰ ਸਮਾਜਿਕ ਕੰਮਾਂ ਦੀ ਮੰਜ਼ਿਲ ਵੱਲ ਵਧਾ ਲਿਆ ਜਾਵੇ ਤਾਂ ਇਹ ਜਿੱਥੇ ਮਨ ਨੂੰ ਸਕੂਨ ਦਿੰਦਾ ਹੈ ਉਥੇ ਸਮਾਜ ਦੇ ਵਿਚ ਇਨਸਾਨ ਦੇ ਕੱਦ ਨੂੰ ਹੋਰ ਉਚਾ ਕਰਦਾ ਹੈ। ਜੇਕਰ ਕੋਈ ਪੰਜਾਬੀ ਸਭਿਆਚਾਰਕ ਦੂਤ ਵਜੋਂ ਨਾਮਣਾ ਖੱਟ ਚੁੱਕਿਆ ਇਸ ਪਾਸੇ ਲੱਗ ਜਾਵੇ ਤਾਂ ਫਿਰ ਨਵੀਂ ਪੀੜ੍ਹੀ ਅਤੇ ਵਿਦੇਸ਼ੀ ਬੈਠੇ ਲੋਕ ਉਸਤੋਂ ਜਰੂਰ ਪ੍ਰਭਾਵਿਤ ਹੁੰਦੇ ਹਨ। ਬੀਤੀ 21 ਮਾਰਚ ਨੂੰ ਜਲੰਧਰ ਵਿਖੇ ਹੋਏ 12ਵੇਂ ਮਿਸ ਵਰਲਡ ਪੰਜਾਬਣ ਮੁਕਾਬਲੇ ਦੇ ਵਿਚ ‘ਮਿਸ ਐਨ.ਆਰ.ਆਈ. ਪੰਜਾਬਣ’ ਦਾ ਖਿਤਾਬ ਜਿੱਤਣ ਵਾਲੀ 23 ਸਾਲਾ ਕੁੜੀ ਗਗਨਦੀਪ ਕੌਰ ਰੰਧਾਵਾ ਨੇ ਆਪਣੇ ਸ਼ੌਕ ਦੇ ਸਫਰ ਨੂੰ ਜਾਰੀ ਰੱਖਦਿਆਂ ਸਮਾਜਿਕ ਕੰਮਾਂ ਦੀ ਮੰਜ਼ਿਲ ਵੱਲ ਤੋਰਿਆ ਹੈ। ਪਹਿਲਾ ਕੰਮ ਉਸਦਾ ਇਥੇ ਵਸਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਨਾਲ ਜੋੜਨਾ ਹੈ ਤਾਂ ਕਿ ਉਹ ਜਿੱਥੇ ਗੁਰਬਾਣੀ ਦੀ ਗੁੜਤੀ ਲੈਣ ਲਈ ਪਾਠ ਕਰਨ ਦੇ ਕਾਬਿਲ ਬਣ ਸਕਣ ਉਥੇ ਪੰਜਾਬ, ਪੰਜਾਬੀ ਅਤੇ ਪੰਜਾਬੀ ਸਭਿਆਚਾਰ ਨੂੰ ਸਮਝਣ ਵਿਚ ਸੌਖ ਮਹਿਸੂਸ ਕਰਨਗੇ। ਉਸ ਦਾ ਮੰਨਣਾ ਹੈ ਕਿ ਪੰਜਾਬੀ ਆਉਣ ਦੇ ਨਾਲ ਉਹ ਪੰਜਾਬ ਦੇ ਨਾਲ ਵੀ ਜੁੜੇ ਰਹਿਣਗੇ। ਇਹ ਕਲਾਸਾਂ ਹਰ ਸੋਮਵਾਰ ਅਤੇ ਵੀਰਵਾਰ ਸ਼ਾਮ ਨੂੰ ਆਪਣੇ ਗੁਆਂਢ ਪੰਜਾਬੀ ਪਰਿਵਾਰ ਦੇ ਘਰ ਵਿਚ ਹੀ ਅਜੇ ਲਗਾ ਰਹੀ ਹੈ।  ਦੂਜਾ ਕੰਮ ਉਸਨੇ ਪੰਜਾਬੀ ਸਭਿਆਚਾਰ ਅਤੇ ਲੋਕ ਨ੍ਰਿਤ ਦੇ ਇਕ ਨਮੂਨੇ ਭੰਗੜੇ ਨੂੰ ਚੁਣਿਆ ਹੈ। ਇਹ ਭੰਗੜੇ ਦੀ ਕਲਾਸ ਉਸਨੇ ਕੈਂਬਰਿਜ਼ ਫਿੱਟਨੈਸ ਸੈਂਟਰ’ ਵਿਖੇ ਹਰ ਮੰਗਲਵਾਰ ਸ਼ਾਮ ਨੂੰ 7 ਵਜੇ ਲੈ ਰਹੀ ਹੈ ਜਿਸ ਦੇ ਵਿਚ ਗੋਰੇ ਅਤੇ ਗੋਰੀਆਂ ਜ਼ਿੱਮ ਦੇ ਵਿਚ ਆ ਕੇ ਭੰਗੜਾ ਸਿੱਖਦੇ-ਸਿੱਖਦੇ ਕਸਰਤ ਕਰਨ ਦਾ ਲਾਭ ਵੀ ਪ੍ਰਾਪਤ ਕਰਦੇ ਹਨ। ਇਨ੍ਹਾਂ ਲੋਕਾਂ ਨੂੰ ਆਪਣੇ ਲੋਕ-ਨ੍ਰਿਤ ਦੱਸਣ ਦਾ ਮਤਲਬ ਆਪਣੇ ਸਭਿਆਚਾਰ ਬਾਰੇ ਜਾਣੂ ਕਰਵਾਉਣਾ ਹੈ। ਗਗਨਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਉਂਜ ਉਹ ਫਿੱਟਨੈਸ ਸੈਂਟਰ ਦੀਆਂ ਕਲਾਸਾਂ ਫ੍ਰੀ ਦੇ ਵਿਚ ਦੇ ਰਹੀ ਹੈ, ਪਰ ਜੇਕਰ ਕੋਈ ਰਾਸ਼ੀ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਰੈਡ ਕ੍ਰਾਸ ਨੂੰ ਦਾਨ ਵੱਜੋਂ ਦਿੱਤੀ ਜਾਏਗੀ। ਇਸ ਕਾਰਜ ਵਾਸਤੇ ਰੈਡ ਕ੍ਰਾਸ ਵੱਲੋਂ ਗਗਨਦੀਪ ਨੂੰ ਇਕ ਵਿਸ਼ੇਸ਼ ਡੋਨੇਸ਼ਨ ਬਾਕਸ ਦਿੱਤਾ ਗਿਆ ਹੈ।  ਸੁੰਦਰਤਾ ਮੁਕਾਬਲੇ ਦੀਆਂ ਸਟੇਜਾਂ ਉਤੇ ਆਮ ਤੌਰ ‘ਤੇ ਕੁੜੀਆਂ ਅਜਿਹੇ ਸਮਾਜਿਕ ਕੰਮ ਕਰਨ ਦੀਆਂ ਗੱਲਾਂ ਤਾਂ ਕਰਦੀਆਂ ਬਹੁਤਿਆਂ ਨੇ ਸੁਣੀਆਂ ਹੋਣਗੀਆਂ ਪਰ ਇਨ੍ਹਾਂ ਨੂੰ ਅਮਲੀ ਰੂਪ ਕੋਈ ਹੀ ਦੇ ਪਾਉਂਦੀ ਹੈ। ਗਗਨਦੀਰ ਕੌਰ ਰੰਧਾਵਾ ਦਾ ਇਹ ਮੁੱਢਲਾ ਕਦਮ ਭਾਵੇਂ ਸ਼ੁਰੂਆਤ ਹੈ ਪਰ ਉਸਨੂੰ ਆਸ ਹੈ ਇਕ ਦਿਨ ਉਹ ਆਪਣੇ ਭਾਈਚਾਰੇ ਦੇ ਸਹਿਯੋਗ ਨਾਲ ਬੱਚਿਆਂ ਦੇ ਲਈ ਪੰਜਾਬੀ ਸਕੂਲ ਖੋਲਣ ਦੇ ਸਮਰੱਥ ਹੋ ਜਾਵੇਗੀ। ਸ਼ਾਲਾ! ਗਗਨਦੀਪ ਪ੍ਰਭ ਲਗਨ ਦੇ ਨਾਲ ਗਗਨ ਨੂੰ ਛੋਹੇ।