ਆਕਲੈਂਡ ਇੰਟਰ-ਫੇਥ ਕੌਂਸਿਲ ਵੱਲੋਂ ਕਰਵਾਏ ‘ਮਿਊਜ਼ਕ ਐਂਡ ਪ੍ਰੇਅਰ’ ਦੇ ਵਿਚ ਰਾਗੀ ਸਿੰਘਾਂ ਕੀਰਤਨ ਕੀਤਾ ਤੇ ਮੰਗਿਆ ਸਰਬੱਤ ਦਾ ਭਲਾ

NZ PIC 12 Nov-1

ਪਿਛਲੇ ਦਿਨੀਂ ਆਕਲੈਂਡ ਇੰਟਰ-ਫੇਥ ਕੌਂਸਿਲ ਵੱਲੋਂ ਕਰਵਾਏ ਗਏ ਸਰਬ ਸਾਂਝੇ ‘ਮਿਊਜ਼ਕ ਐਂਡ ਪ੍ਰੇਅਰ’ ਸਮਾਗਮ ਦੇ ਵਿਚ ਜਿੱਥੇ ਮਾਓਰੀ, ਹਿੰਦੂ, ਮੁਸਲਿਮ, ਇਸਾਈ ਮੱਤ ਬਾਰੇ ਵੱਖ-ਵੱਖ ਪ੍ਰਤੀਨਿਧੀਆਂ ਨੇ ਆਪਣੇ-ਆਪਣੇ ਧਾਰਮਿਕ ਸੰਗੀਤ ਅਤੇ ਵਿਚਾਰਾਂ ਦੇ ਨਾਲ ਸਾਂਝ ਪਾਈ ਉਥੇ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊ ਲਿਨ ਤੋਂ ਹਜ਼ੂਰੀ ਰਾਗੀ ਭਾਈ ਹਰਪ੍ਰੀਤ ਸਿੰਘ ਪਟਿਆਲਾ (ਐਮ.ਬੀ.ਏ) ਵਾਲਿਆਂ ਨੇ ਗੁਰਬਾਣੀ ਸੰਗੀਤ ਦੇ ਰਾਹੀਂ ਸਰਬੱਤ ਦਾ ਭਲਾ ਮੰਗਿਆ। ਉਨ੍ਹਾਂ ਗੁਰਬਾਣੀ ਸ਼ਬਦ ‘ਕੋਈ ਬੋਲੇ ਰਾਮ ਰਾਮ ਕੋਈ ਖੁਦਾਇ’ ਦਾ ਜਿੱਥੇ ਸੁੰਦਰ ਗਾਇਨ ਕੀਤਾ ਉਥੇ ਅੰਗਰੇਜ਼ੀ  ਦੇ ਵਿਚ ਸਿੱਖ ਧਰਮ ਦੇ ਯੂਨੀਵਰਸਲ ਸਿਧਾਂਤ ‘ਸਰਬੱਤ ਦੇ ਭਲੇ’ ਦਾ ਸੰਦੇਸ਼ ਵੀ ਦਿੱਤਾ।  ਪ੍ਰੋਜੈਕਟਰ ਦੇ ਰਾਹੀਂ ਅੰਗਰੇਜ਼ੀ ਦੇ ਵਿਚ ਸ਼ਬਦ ਅਰਥ ਵੀ ਵਿਖਾਏ ਗਏ ਤਾਂ ਕਿ ਸਥਾਨਕ ਲੋਕਾਂ ਨੂੰ ਸਮਝ ਆ ਸਕੇ। ਛੋਟੇ-ਛੋਟੇ ਸਿੱਖ ਬੱਚੀਆਂ ਨੇ ਵੀ ਇਸ ਸਮਾਗਮ ਦੇ ਵਿਚ ਭਾਗ ਲਿਆ। ਸਮਾਗਮ ਦੇ ਵਿਚ ਆਕਲੈਂਡ ਇੰਟਰਫੇਥ ਕੌਂਸਿਲ ਦੇ ਪ੍ਰਧਾਨ ਸ੍ਰੀ ਐਮ.ਸੀ. ਰੁੱਥ ਕਲੀਵਰ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਕੀਤਾ। ਅਖੀਰ ਦੇ ਵਿਚ ਸਾਰੇ ਧਰਮਾਂ ਦੇ ਲੋਕਾਂ ਨੇ ਇਕ ਦੂਜੇ ਦੇ ਹੱਥ ਫੜਕੇ ਇਕ ਜੰਜੀਰ ਨੁਮਾ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਅਤੇ ਵਿਚਕਾਰ ‘ਪੀਸ ਡਾਂਸ’ ਯਾਨਿ ਕਿ ਵਿਸ਼ਵ ਸ਼ਾਂਤੀ ਦੇ ਲਈ ਸੰਗੀਤਕ ਨ੍ਰਿਤ ਕੀਤਾ ਗਿਆ।
ਸਿੱਖ ਧਰਮ ਦੀ ਹਾਜ਼ਰੀ ਇੰਟਰ-ਫੇਥ ਕੌਂਸਿਲ ਦੇ ਰਾਹੀਂ ਲਗਵਾਉਣ ਦੇ ਗੁਰਦੁਆਰਾ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਪ੍ਰਬੰਧਕ ਵਧਾਈ ਦੇ ਹੱਕਦਾਰ ਹਨ।