ਨਿਊ ਸਾਊਥ ਵੇਲਜ਼ ਦੀ ਡਾਰਲਿੰਗ ਨਦੀ ਵਿੱਚ 60,000 ਮੁੱਰੇ ਕੋਡ ਛੱਡੇ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਨਾਲ ਮਿਲ ਕੇ ਨਿਊ ਸਾਊਥ ਵੇਲਜ਼ ਦੇ ਮੈਨਿਨਡੀਅ ਵਿਖੇ ਡਾਰਲਿੰਗ ਨਦੀ ਅੰਦਰ 60,000 ਦੇ ਕਰੀਬ ਮੁੱਰੇ ਕੋਡ (ਮੱਛੀਆਂ ਦੀ ਪੁੰਗ) ਛੱਡੀ। ਇਸ ਮੌਕੇ ਉਪਰ ੳਨ੍ਹਾਂ ਕਿਹਾ ਕਿ ਦੋ ਸਾਲਾਂ ਦੇ ਭਿਆਨਕ ਸੋਕੇ ਕਾਰਨ ਨਦੀ ਬਿਲਕੁਲ ਹੀ ਸੁੱਕ ਗਈ ਸੀ ਅਤੇ ਇਸ ਵਿੱਚਲੀਆਂ ਮੁੱਰੇ ਕੋਡ ਮੱਛੀਆਂ ਦੀ ਮੌਤ ਹੋ ਗਈ ਸੀ। ਹੁਣ ਨਦੀ ਵਿੱਚ ਦੋਬਾਰਾ ਤੋਂ ਪਾਣੀ ਆਉਣ ਨਾਲ ਨਦੀ ਫੇਰ ਤੋਂ ਪਾਣੀ ਨਾਲ ਲਬਾਲਬ ਹੋ ਗਈ ਹੈ ਅਤੇ ਹੁਣ ਇਸ ਵਿੱਚ ਇਸ ਕਿਰਿਆ ਰਾਹੀਂ ਮੱਛੀਆਂ ਦੀ ਉਚਿਤ ਮਾਤਰਾ ਦਾ ਨਿਵਾਸ ਹੋ ਹੀ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕੰਮ ਵੀ ਰਾਜ ਸਰਕਾਰ ਦੇ ਪਹਿਲਾਂ ਤੋਂ ਚੱਲ ਰਹੇ ਉਸਾਰੂ ਕੰਮਾਂ ਅਧੀਨ ਹੀ ਆਉਂਦਾ ਹੈ। ਇਸ ਮੌਕੇ ਤੇ ਉਨ੍ਹਾਂ ਨੇ ਮੈਨਿਨਡੀਅ ਭਾਈਚਾਰੇ ਅਤੇ ਖਾਸ ਕਰਕੇ ਬਾਰਕਿੰਡਜੀ ਲੋਕਾਂ ਦਾ ਭਰਪੂਰ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਵਾਸਤੇ ਇਤਿਹਾਸਿਕ ਦਿਹਾੜਾ ਬਣ ਗਿਆ ਹੈ। ਖੇਤੀਬਾੜੀ ਮੰਤਰੀ ਸ੍ਰੀ ਮਾਰਸ਼ਲ ਨੇ ਕਿਹਾ ਕਿ ਜਦੋਂ ਸੌਕੇ ਕਾਰਨ ਨਦੀ ਸੁੱਕਣ ਕਿਨਾਰੇ ਆ ਗਈ ਸੀ ਤਾਂ ਸਰਕਾਰ ਨੇ ਉਚਿਤ ਅਤੇ ਬੇਮਿਸਾਲ ਕਦਮ ਉਠਾਉਂਦਿਆਂ ਇਸ ਵਿੱਚੋਂ 70 ਮੁੱਰੇ ਕੋਡ ਮੱਛੀਆਂ ਨੂੰ ਬਚਾਇਆ ਸੀ। ਹੁਣ ਜਦੋਂ ਨਦੀ ਅੰਦਰ 60,000 ਦੀ ਗਿਣਤੀ ਵਿੱਚ ਪੁੰਗ ਛੱਡੇ ਗਏ ਹਨ ਤਾਂ ਇਹੋ ਪੁੰਗ ਰਾਜ ਸਰਕਾਰ ਦੀ ਅਰਥ-ਵਿਵਸਥਾ ਵਿੱਚ ਘੱਟੋ ਘੱਟ 10 ਮਿਲੀਅਨ ਡਾਲਰਾਂ ਦਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਇਹ ਮੱਛੀ ਇੱਥੋਂ ਦੇ ਸਥਾਨਕ ਅਤੇ ਐਬੋਰਿਜਨਲ ਲੋਕਾਂ ਵਿੱਚ ਬਹੁਤ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ ਅਤੇ ਇੱਥੋਂ ਦੇ ਲੋਕ ਇਸ ਦੇ ਬਹੁਤ ਹੀ ਸ਼ੌਕੀਨ ਹਨ। ਇਹ ਤਾਂ ਮਹਿਜ਼ ਇੱਕ ਸ਼ੁਰੂਆਤ ਹੈ। ਸਰਕਾਰ ਦੇ ਤਾਂ ਹੋਰ ਵੀ ਵੱਡੇ ਪ੍ਰਗਰਾਮ ਪਾਈਪ ਲਾਈਨ ਵਿੱਚ ਹਨ ਅਤੇ ਇਨ੍ਹਾਂ ਦੇ ਤਹਿਤ ਰਾਜ ਅੰਦਰ, 400,000 ਤੋਂ ਵੀ ਜ਼ਿਆਦਾ ਮੱਛੀਆਂ ਦਾ ਸਟਾਕ ਇਸੇ ਮਹੀਨੇ ਵਿੱਚ ਤਿਆਰ ਕਰਨਾ ਅਤੇ ਇਸ ਦੇ ਨਾਲ ਨਾਲ 2.5 ਮਿਲੀਅਨ ਦੇਸੀ ਮੱਛੀਆਂ ਦੀ ਬਰਿਡਿੰਗ ਕਰਕੇ ਹਰ ਸਾਲ ਨਵੀਂ ਪੁੰਗ ਤਿਆਰ ਕਰਨਾ ਵੀ ਇਸ ਵਿੱਚ ਸ਼ਾਮਿਲ ਹੈ ਤਾਂ ਕਿ ਨਦੀਆਂ ਵਿੱਚ ਮੱਛੀਆਂ ਦੀ ਮਿਕਦਾਰ ਕਾਇਮ ਰਹੇ।

Install Punjabi Akhbar App

Install
×