ਮਨੀਸ਼ ਤਿਵਾੜੀ ਨੇ ਬੰਗਾ-ਸ਼੍ਰੀ ਆਨੰਦਪੁਰ ਸਾਹਿਬ ਰੋਡ ਦੇ ਨਿਰਮਾਣ ਕਾਰਜ ਦੀ ਕੀਤੀ ਸਮੀਖਿਆ

ਨਿੱਊਯਾਰਕ/ਰੂਪਨਗਰ, 26 ਫਰਵਰੀ —ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਬੰਗਾ-ਸ਼੍ਰੀ ਆਨੰਦਪੁਰ ਸਾਹਿਬ ਰੋਡ ਨੂੰ ਰਿਪੇਅਰ ਅਤੇ ਵਿਕਸਿਤ ਕਰਨ ਸਬੰਧੀ ਕੰਮ ਦੀ ਸਥਿਤੀ ਦੀ ਸਮੀਖਿਆ ਕੀਤੀ।ਉਨ੍ਹਾਂ ਅਗਾਮੀ ਹੋਲਾ ਮਹੱਲਾ ਦੇ ਤਿਉਹਾਰ ਦੇ ਮੱਦੇਨਜ਼ਰ ਕੰਮ ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ, ਜਦੋਂ ਸੂਬੇ ਭਰ ਤੋਂ ਹਜ਼ਾਰਾਂ ਦੀ ਗਿਣਤੀ ਚ ਲੋਕ ਸ਼੍ਰੀ ਆਨੰਦਪੁਰ ਸਾਹਿਬ ਪਹੁੰਚਦੇ ਹਨ। ਇਸ ਲੜੀ ਹੇਠ, ਐੱਮਪੀ ਨੇ ਲੋਕ ਨਿਰਮਾਣ ਵਿਭਾਗ ਬੀ ਐਂਡ ਆਰ ਦੇ ਸੀਨੀਅਰ ਅਫਸਰਾਂ ਨਾਲ ਮੀਟਿੰਗ ਕਰਕੇ ਸੜਕ ਦੇ ਕੰਮ ਚ ਤੇਜ਼ੀ ਲਿਆਏ ਜਾਣ ਦੀ ਲੋੜ ਜੋੜ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸ਼੍ਰੀ ਆਨੰਦਪੁਰ ਸਾਹਿਬ ਨੂੰ ਪੰਜਾਬ ਦੇ ਹੋਰਨਾਂ ਹਿੱਸਿਆਂ ਨਾਲ ਜੋੜਨ ਵਾਲਾ ਮਹੱਤਵਪੂਰਨ ਲਿੰਕ ਹੈ ਅਤੇ ਆਗਾਮੀ ਹੋਲਾ ਮਹੱਲਾ ਦੇ ਤਿਉਹਾਰ ਦੇ ਮੱਦੇਨਜ਼ਰ ਇਸ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨਾ ਚਾਹੀਦਾ ਹੈ।ਤਿਵਾੜੀ ਨੇ ਖੁਲਾਸਾ ਕੀਤਾ ਕਿ ਅਫਸਰਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਕੰਮ ਚ ਤੇਜ਼ੀ ਲਿਆਈ ਜਾਵੇਗੀ ਅਤੇ ਸਮਾਂਬੱਧ ਤਰੀਕੇ ਨਾਲ ਪੂਰਾ ਹੋਣ ਤੱਕ ਇਸਦੀ ਰੋਜ਼ਾਨਾ ਸਮੀਖਿਆ ਹੋਵੇਗੀ। ਜ਼ਿਕਰਯੋਗ ਹੈ ਕਿ ਐਮ ਪੀ ਬਣਨ ਤੋਂ ਬਾਅਦ ਤਿਵਾੜੀ ਲਗਾਤਾਰ ਇਸ ਸੜਕ ਨੂੰ ਵਿਕਸਿਤ ਕਰਨ ਤੇ ਜ਼ੋਰ ਦਿੰਦੇ ਰਹੇ ਹਨ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ।