ਪੰਜਾਬੀ ਯੂਨੀਵਰਸਿਟੀ ‘ਚ 7ਵੀਂ ਦੱਖਣੀ ਏਸ਼ੀਆਈ ਇਤਿਹਾਸਕ ਕਾਨਫਰੰਸ ਦੌਰਾਨ ਅਮਨਦੀਪ ਸਿੱਧੂ ਦੀ ਪੁਸਤਕ ‘ਮੁੰਦਾਵਣੀ’ ਲੋਕ ਅਰਪਣ

ਦੇਸ਼ਾਂ-ਵਿਦੇਸ਼ਾਂ ਤੋਂ ਪਹੁੰਚੇ ਉੱਘੇ ਵਿਦਵਾਨ

ਪਟਿਆਲਾ 22 ਨਵੰਬਰ — ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਸਮਰਪਿਤ 7ਵੀਂ ਦੱਖਣੀ ਏਸ਼ੀਆਈ 3 ਰੋਜ਼ਾ ਕਾਨਫਰੰਸ ਦਾ ਅੱਜ ਸੈਨੇਟ ਹਾਲ ਵਿਚ ਆਰੰਭ ਹੋਇਆ।ਜਿਸ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਸੈਂਕੜੇ ਉੱਘੇ ਵਿਦਵਾਨ ਪਹੁੰਚ ਚੁੱਕੇ ਹਨ।ਕਾਨਫਰੰਸ ਦੇ ਉਦਘਾਟਨੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਿਧਾਇਕ ਸ਼੍ਰੀ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਇਤਿਹਾਸ ਵਿਭਾਗ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਪਰਪਿਤ ਕਰਵਾਈ ਜਾ ਰਹੀ ਕਾਨਫਰੰਸ ਇਕ ਸ਼ਲਾਘਾਯੋਗ ਕਦਮ ਹੈ।ਉਨ੍ਹਾਂ ਆਖਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਿਸ਼ਵ ਵਿਆਪੀ ਸੱਚਾਈ,ਅਮਨ ਅਤੇ ਆਪਸੀ ਪਿਆਰ ਦਾ ਸੰਦੇਸ਼ ਦਿੱਤਾ।ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਦੱਬੇ ਕੁਚਲੇ ਲੋਕਾਂ ਦੇ ਜੀਵਨ ਨੂੰ ਉੱਚਾ ਚੁੱਕਣਾ ਹੈ।ਉਨ੍ਹਾਂ ਨੇ ਧਰਮ ਜਾਤ-ਪਾਤ ਅਤੇ ਲਿੰਗ ਆਦਿ ਦੇ ਭੇਦਭਾਵ ਨੂੰ ਮਿਟਾ ਕੇ ਸਰਬਤ ਦੇ ਭਲੇ ਦਾ ਸੰਦੇਸ਼ ਦਿੱਤਾ।ਇਸ ਮੌਕੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਸਮੇਤ ਉਨ੍ਹਾਂ ਦੀਆਂ ਯਾਤਰਾਵਾਂ ਦਾ ਵਿਸ਼ੇਸ ਜ਼ਿਕਰ ਕੀਤਾ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐੱਸ.ਘੁੰਮਣ ਨੇ ਕਾਨਫਰੰਸ ਦੇ ਵਿਸ਼ੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵਪਾਰ,ਵਪਾਰਿਕ ਰਸਤੇ ਅਤੇ ਯਾਤਰਾਵਾਂ ਅਤੇ ਯਾਤਰੀਆਂ ਬਾਰੇ ਦੱਸਿਆ।ਉਨ੍ਹਾਂ ਉਸ ਸਮੇਂ ਦੇ ਵਪਾਰ,ਸਮਾਜਿਕ,ਰਾਜਨੀਤਿਕ ਅਤੇ ਆਰਥਿਕ ਪਹਿਲੂਆਂ ‘ਤੇ ਵੀ ਚਰਚਾ ਕੀਤੀ।ਕਾਨਫਰੰਸ ਦੇ ਉਦਘਾਟਨੀ ਭਾਸ਼ਣ ਵਿਚ ਸ. ਪਾਲ ਸਿੰਘ ਪੁਰੇਵਾਲ ਕੇਨੈਡਾ ਨੇ ਆਖਿਆ ਕਿ ਇਤਿਹਾਸਕਾਰਾਂ ਨੂੰ ਇਤਿਹਾਸ ਲਿਖਣ ਵੇਲੇ ਖਾਸ ਕਰਕੇ ਤਾਰੀਖਾਂ ਦਾ ਖਿਆਲ ਵੀ ਰੱਖਣਾਂ ਚਾਹੀਦਾ ਹੈ।ਤਾਰੀਖ ਤੋਂ ਬਿਨ੍ਹਾਂ ਇਤਿਹਾਸ ਦਾ ਮਹੱਤਵ ਘੱਟ ਜਾਂਦਾ ਹੈ।ਕੁੰਜੀਵਤ ਭਾਸ਼ਣ ਵਿਚ ਪ੍ਰੋ. ਗੋਪੀਨਾਥ ਰਵਿੰਦਰਨ ਵਾਈਸ ਚਾਂਸਲਰ ਕੈਨੂਰ ਯੂਨੀਵਰਸਿਟੀ ਕੇਰਲਾ ਨੇ ਆਖਿਆ ਕਿ ਇਤਿਹਾਸਕਾਰ ਆਪਣੀਆਂ ਲਿਖਤਾਂ ਦੁਆਰਾ ਹੀ ਸਮਾਜ ਵਿਚ ਤਬਦੀਲੀ ਲਿਆ ਸਕਦੇ ਹਨ।ਸ਼੍ਰੀਲੰਕਾਂ ਤੋਂ ਡਾ. ਅਨੂਥਰ ਦੇਵੀ ਵਿਦਿਆਲੰਕਾਰਾ ਨੇ ਆਪਣੇ ਭਾਸ਼ਣ ਵਿਚ ਭਾਰਤੀ ਸਮੁੰਦਰੀ ਵਪਾਰ ਰਾਹੀਂ ਸ਼੍ਰੀਲੰਕਾਂ ਨੂੰ ਹੋਣ ਵਾਲੇ ਫਾਇਦਿਆਂ ਦੀ ਚਰਚਾ ਕੀਤੀ।ਕਾਨਫਰੰਸ ਦੇ ਡਾਇਰੈਕਟਰ, ਇਤਿਹਾਸ ਵਿਭਾਗ ਦੇ ਮੁੱਖੀ ਅਤੇ ਇੰਚਾਰਜ (ਮਹਾਰਾਣਾ ਪ੍ਰਤਾਪ ਚੇਅਰ) ਡਾ. ਮੁਹੰਮਦ ਇਦਰੀਸ ਨੇ ਵੱਖ-ਵੱਖ ਦੇਸ਼ਾਂ ਤੋਂ ਆਏ ਹੋਏ ਵਿਦਵਾਨਾਂ ਦਾ ਸਵਾਗਤ ਕੀਤਾ ਕਾਨਫਰੰਸ ਦੇ ਵਿਸ਼ੇ ਦਾ ਮਹੱਤਵ ਅਤੇ ਇਤਿਹਾਸਕ ਵਿਸਲੇਸ਼ਣ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਡਾ. ਜੀ.ਐੱਸ.ਬਤਰਾ ਡੀਨ ਅਕਾਦਮਿਕ ਮਾਮਲੇ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮਹਿਮਾਨਾਂ ਦੇ ਸਨਮਾਨ ਉਪਰੰਤ 6ਵੀਂ ਦੱਖਣੀ ਏਸੀਆਈ ਇਤਿਹਾਸ ਕਾਨਫਰੰਸ ਦੀਆਂ ਪ੍ਰੋਸੀਡਿੰਗਸ ਜਾਰੀ ਕੀਤੀਆਂ ਗਈਆਂ।

((ਖੱਭਿਉਂ) ਡਾ. ਮੁਹੰਮਦ ਇਦਰੀਸ, ਪਰੋਫੈਸਰ ਗੋਪੀਨਾਥ (ਵੀ.ਸੀ.), ਸ. ਪਾਲ ਸਿੰਘ ਪੁਰੇਵਾਲ, ਡਾ. ਬੀ. ਐਸ. ਘੁੰਮਣ (ਵੀ. ਸੀ.), ਸ੍ਰੀ ਮਦਨ ਲਾਲ ਜਲਾਲਪੁਰ, ਡਾ. ਏ. ਵਿਦਿਆ ਲੰਕਾਰਾ (ਸ੍ਰੀ ਲੰਕਾ), ਪਰੋਫੈਸਰ ਗੁਰਦੀਪ ਸਿੰਘ ਬੱਤਰਾ)

ਇਸ ਮੌਕੇ ਅਮਨਦੀਪ ਸਿੰਘ ਸਿੱਧੂ ਆਸਟ੍ਰੇਲੀਆਂ ਦੀ ਕਿਤਾਬ ‘ਮੁੰਦਾਵਣੀ’ਜਾਰੀ ਕੀਤੀ। ਇਸ ਮੌਕੇ ਸ. ਚਰਨਜੀਤ ਸਿੰਘ, ਮੈਡਮ ਜਸਪਾਲ ਕੌਰ ਧੰਜੂ, ਦਲਬੀਰ ਸਿੰਘ ਢਿੱਲੋ, ਡਾ.ਬਲਰਾਜ ਸਿੰਘ ਬਰਾੜ, ਮੈਡਮ ਪ੍ਰਨੀਤ ਕੌਰ ਹਾਜ਼ਰ ਸਨ।