ਪੰਜਾਬੀ ਭਾਈਚਾਰੇ ਲਈ ਦੁਖਦਾਈ ਖ਼ਬਰ -ਸਰੀ ‘ਚ ਲੋਕਲ ਫਿਲਮ ਨਿਰਮਾਤਾ ਮਨਬੀਰ (ਮਨੀ) ਅਮਰ ਦਾ ਕਤਲ

ਗੈਂਗ ਹਿੰਸਾ ਬਾਰੇ ਆਪਣੀਆਂ ਫਿਲਮਾਂ ਅਤੇ ਵਕਾਲਤ ਕਰਕੇ ਜਾਣਿਆ ਜਾਂਦਾ ਸੀ ਮਨੀ

(ਸਰੀ)-ਪੰਜਾਬੀ ਭਾਈਚਾਰੇ ਲਈ ਇਹ ਬੜੀ ਦੁਖਦਾਈ ਖ਼ਬਰ ਹੈ ਕਿ ਬੁੱਧਵਾਰ ਨੂੰ ਸਰੀ ਵਿੱਚ ਦੋ ਗੁਆਂਢੀਆਂ ਵਿਚਕਾਰ ਹੋਈ ਝੜਪ ਵਿਚ ਲੋਕਲ ਫਿਲਮ ਨਿਰਮਾਤਾ ਮਨਬੀਰ (ਮਨੀ) ਅਮਰ ਮਾਰਿਆ ਗਿਆ। 40 ਸਾਲਾ ਮਨਬੀਰ ਮਨੀ ਸ਼ਹਿਰ ਵਿੱਚ ਗੈਂਗ ਹਿੰਸਾ ਬਾਰੇ ਆਪਣੀਆਂ ਫਿਲਮਾਂ ਅਤੇ ਵਕਾਲਤ ਕਰਕੇ ਜਾਣਿਆ ਜਾਂਦਾ ਸੀ।

ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ) ਨੇ ਕਿਹਾ ਕਿ ਅਮਰ ਦੀ ਮੌਤ ਬੁੱਧਵਾਰ ਨੂੰ ਦੁਪਹਿਰ 1:50 ਵਜੇ ਦੇ ਕਰੀਬ 61 ਐਵੇਨਿਊ ਦੇ 14100-ਬਲਾਕ ਵਿੱਚ ਹੋਈ। ਆਰਸੀਐਮਪੀ ਨੂੰ ਦੋ ਆਦਮੀਆਂ ਵਿਚਕਾਰ ਲੜਾਈ ਹੋਣ ਦੀ ਸੂਚਨਾ ਮਿਲੀ ਸੀ ਅਤੇ ਜਦੋਂ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚੇ ਤਾਂ ਅਮਰ ਜ਼ਖਮੀ ਹਾਲਤ ਵਿੱਚ ਸੀ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਘਟਨਾ ਸਥਾਨ ‘ਤੇ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਨਬੀਰ (ਮਨੀ) ਅਮਰ ਨੇ ਆਪਣੀ ਕਵਿਤਾ, ਵਾਰਤਕ, ਦਰਸ਼ਨ, ਪੇਂਟਿੰਗ, ਫੋਟੋਗ੍ਰਾਫੀ, ਵਕਾਲਤ ਅਤੇ ਫਿਲਮ ਨਿਰਮਾਣ ਦੁਆਰਾ ਗੈਂਗ ਹਿੰਸਾ ‘ਤੇ ਰੌਸ਼ਨੀ ਪਾਈ ਅਤੇ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਛੋਹਿਆ। ਦੱਖਣੀ ਏਸ਼ੀਆਈ ਭਾਈਚਾਰੇ ਦੇ ਅੰਦਰ ਗੈਂਗ ਹਿੰਸਾ ‘ਤੇ ਕੇਂਦਰਿਤ “ਏ ਵਾਰੀਅਰਜ਼ ਰਿਲੀਜਨ” ਸਮੇਤ ਕਈ ਦਸਤਾਵੇਜ਼ੀ ਫਿਲਮਾਂ ਦਾ ਉਸ ਨੇ ਨਿਰਮਾਣ ਕੀਤਾ। “ਦ ਡਿਕ੍ਰੀਪਿਟ” ਫਿਲਮ ਰਾਹੀਂ ਉਸ ਨੇ ਵੈਨਕੂਵਰ ਦੇ ਡਾਊਨਟਾਊਨ ਈਸਟ ਸਾਈਡ ਦੇ ਕਈ ਨਿਵਾਸੀਆਂ ਦੀਆਂ ਕਹਾਣੀਆਂ ਨੂੰ ਆਪਣੇ ਸ਼ਬਦਾਂ ਰਾਹੀਂ ਬਿਆਨ ਕੀਤਾ।

ਉਸ ਦੀ ਮੌਤ ਉਪਰ ਦੁੱਖ ਪ੍ਰਗਟ ਕਰਦਿਆਂ ਕਿਡਸ ਪਲੇਅ ਫਾਊਂਡੇਸ਼ਨ ਦੇ ਸੰਸਥਾਪਕ ਕੈਲ ਦੋਸਾਂਝ ਨੇ ਕਿਹਾ ਹੈ ਕਿ ਅਮਰ ਦੀ ਮੌਤ ਭਾਈਚਾਰੇ ਲਈ ਹਿਕ ਵੱਡਾ ਘਾਟਾ ਹੈ। ਆਪਣੇ ਟਵਿੱਟਰ ਸੁਨੇਹੇ ਰਾਹੀਂ ਕੈਲ ਦੋਸਾਂਝ ਨੇ ਕਿਹਾ ਹੈ ਕਿ ਮਨੀ ਸਮਾਜ ਪ੍ਰਤੀ ਫਿਕਰਮੰਦ ਕਲਾਕਾਰ ਸੀ, ਜਿਸ ਨੇ ਨੌਜਵਾਨਾਂ ਨੂੰ ਨਸ਼ਿਆਂ, ਗੈਂਗ ਅਤੇ ਅਪਰਾਧ ਦੀ ਜ਼ਿੰਦਗੀ ਤੋਂ ਦੂਰ ਰੱਖਣ ਲਈ ਬਹੁਤ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਸਨ।

(ਹਰਦਮ ਮਾਨ) +1 604 308 6663

maanbabushahi@gmail.com

Install Punjabi Akhbar App

Install
×