ਔਰਤਾਂ ਦੀ ਮਾਣ ਮਰਿਆਦਾ ਨੂੰ ਰੱਖਾਂਗੇ ਕਾਇਮ, ਸਰਵੇਖਣ ਦੀ ਰਿਪੋਰਟ ਵਿੱਚ ਦਰਸਾਏ 55 ਸੁਝਾਵਾਂ ਨੂੰ ਮਨਜ਼ੂਰੀ -ਸਕਾਟ ਮੋਰੀਸਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਔਰਤਾਂ ਪ੍ਰਤੀ ਹੋ ਰਹੇ ਦੁਰਵਿਵਹਾਰ ਅਤੇ ਦਿਨ ਪ੍ਰਤੀ ਦਿਨ ਦੀਆਂ ਸਰੀਰਕ ਸ਼ੋਸ਼ਣ ਆਦਿ ਦੀਆਂ ਖ਼ਬਰਾਂ ਕਾਰਨ ਦੇਸ਼ ਦੀ ਜਨਤਾ ਅੰਦਰ ਵੱਧ ਰਹੇ ਗੁੱਸੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਸਾਡੇ ਦੇਸ਼ ਦੀਆਂ ਮਹਿਲਾਵਾਂ ਸਾਡੇ ਦੇਸ਼ ਦਾ ਮਾਣ ਸਨਮਾਨ ਹਨ ਅਤੇ ਉਨ੍ਹਾਂ ਪ੍ਰਤੀ ਜੇਕਰ ਕੋਈ ਵੀ -ਭਾਵੇਂ ਉਹ ਕਿੰਨੇ ਵੀ ਉਚੇ ਅਹੁਦੇ ਉਪਰ ਕਿਉਂ ਨਾ ਬੈਠਾ ਹੋਵੇ ਜਾਂ ਕਿਸੇ ਤਰ੍ਹਾਂ ਦੀ ਕਿੰਨੀ ਵੀ ਸ਼ਕਤੀ ਦਾ ਮਾਲਕ ਕਿਉਂ ਨਾ ਹੋਵੇ, ਦੇਸ਼ ਦੀਆਂ ਮਹਿਲਾਵਾਂ ਦੇ ਮਾਣ ਸਨਮਾਨ ਪ੍ਰਤੀ ਹਮੇਸ਼ਾ ਉਤਰਦਾਈ ਰਹੇਗਾ ਅਤੇ ਅਗਰ ਕੋਈ ਵਿਅਕਤੀ ਅਜਿਹੀ ਕੋਈ ਗਲਤੀ ਕਰਦਾ ਹੈ ਜਿਸ ਨਾਲ ਕਿ ਔਰਤਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਦੀ ਹੈ ਤਾਂ ਫੇਰ ਉਹ ਦੇਸ਼ ਦੇ ਕਾਨੂੰਨ ਦੇ ਤਹਿਤ ਸਜ਼ਾ ਦਾ ਹੱਕਦਾਰ ਹੋਵੇਗਾ।
ਉਪਰੋਕਤ ਬਿਆਨ, ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੱਲੋਂ ਅੱਜ ਸਵੇਰੇ ਦਿੱਤੇ ਗਏ ਹਨ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਬੰਧਤ ਵਿਭਾਗਾਂ ਦੇ ਕਮਿਸ਼ਨਰ ਕੇਟ ਜੈਨਕਿੰਨਜ਼ ਵੱਲੋਂ 18 ਮਹੀਨਿਆਂ ਦੀ ਪੜਤਾਲ ਤੋਂ ਬਾਅਦ ਤਿਆਰ ਕੀਤੀ ਗਈ ਰਿਪੋਰਟ ਵਿੱਚ ਸੁਝਾਏ ਗਏ 55 ਸਿਫਾਰਸ਼ਾਂ ਨੂੰ ਵੀ ਸਰਕਾਰ ਨੇ ਮੰਨ ਲਿਆ ਹੈ।
ਜ਼ਿਕਰਯੋਗ ਇਹ ਹੈ ਕਿ ਉਕਤ ਰਿਪੋਰਟ ਜੋ ਕਿ ਬੀਤੇ ਸਾਲ ਜਨਵਰੀ ਦੇ ਮਹੀਨੇ ਵਿੱਚ ਸਰਕਾਰ ਨੂੰ ਸੌਂਪੀ ਗਈ ਸੀ, ਉਸ ਉਪਰ ਸਰਕਾਰ ਵੱਲੋਂ ਹੁਣ ਫੈਸਲਾ ਲਿਆ ਗਿਆ ਹੈ ਅਤੇ ਉਹ ਵੀ ਉਦੋਂ ਜਦੋਂ ਕਿ ਦੇਸ਼ ਅੰਦਰ ਮਹਿਲਾਵਾਂ ਨੇ ਖੁਦ ਅੱਗੇ ਆ ਕੇ ਸਰਕਾਰ ਵਿਰੁੱਧ ਆਵਾਜ਼ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਅਤੇ ਦੇਸ਼ ਭਰ ਅੰਦਰ ਮੁਜ਼ਾਹਰਿਆਂ ਆਦਿ ਨੇ ਜ਼ੋਰ ਫੜ੍ਹ ਲਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੰਮ ਆਦਿ ਦੀ ਥਾਂ ਭਾਵੇਂ ਛੋਟੇ ਪੱਧਰ ਦੀ ਹੈ ਜਾਂ ਫੇਰ ਪਾਰਲੀਮੈਂਟ ਆਦਿ ਵਰਗੀਆਂ ਥਾਵਾਂ, ਮਹਿਲਾਵਾਂ ਵਾਸਤੇ ਹਰ ਥਾਂ ਸੁਰੱਖਿਅਤ ਹੋਵੇਗੀ ਅਤੇ ਹਰ ਕੰਮ ਕਰਨ ਵਾਲੀ ਮਹਿਲਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ, ਇਹੋ ਸਾਡੀ ਸਰਕਾਰ ਦਾ ਮੁੰਖ ਮੰਤਵ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਉਪਰੋਕਤ ਰਿਪੋਰਟ ਦੇ ਕਮਿਸ਼ਨਰ ਦਾ ਮੰਨਣਾ ਹੈ ਕਿ ਕੰਮ ਆਦਿ ਵਾਲੀਆਂ ਥਾਵਾਂ ਉਪਰ ਕੇਵਲ ਮਹਿਲਾਵਾਂ ਹੀ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਨਹੀਂ ਹੋ ਰਹੀਆਂ ਸਗੋਂ 26% ਪੁਰਸ਼ ਵੀ ਹਨ ਜੋ ਕਿ ਮੰਨਦੇ ਹਨ ਕਿ ਕੰਮ ਆਦਿ ਬਦਲੇ ਉਨ੍ਹਾਂ ਦਾ ਵੀ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ ਜਾਂ ਕੀਤਾ ਗਿਆ ਹੈ। ਉਪਰੋਕਤ ਸਰਵੇਖਣ ਅਨੁਸਾਰ 39% ਮਹਿਲਾਵਾਂ ਅਜਿਹੀਆਂ ਹਨ ਜਿਨ੍ਹਾਂ ਨੇ ਹਾਲ ਦੇ ਸਮੇਂ ਅੰਦਰ ਹੀ ਸਰੀਰਕ ਸ਼ੋਸ਼ਣ ਵਰਗੇ ਘਿਨੌਣੇ ਅਤਿਆਚਾਰ ਆਪਣੇ ਸਰੀਰਾਂ ਉਪਰ ਝੇਲੇ ਹਨ।

Install Punjabi Akhbar App

Install
×