ਐਮ.ਪੀ ਮਨੀਸ਼ ਤਿਵਾੜੀ ਨੇ ਵਿਰਾਸਤ-ਏ-ਖਾਲਸਾ ਦੀ ਖਾਲੀ ਜ਼ਮੀਨ ਤੇ ਨੇਚਰ ਪਾਰਕ ਬਣਾਉਣ ਸਬੰਧੀ ਐਲਾਨ ਦਾ ਕੀਤਾ ਸਵਾਗਤ

ਨਿਊਯਾਰਕ/ਸ੍ਰੀ ਆਨੰਦਪੁਰ ਸਾਹਿਬ —ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਰਾਸਤ-ਏ-ਖਾਲਸਾ ਜ਼ਮੀਨ ਤੇ ਉੱਚ ਪੱਧਰੀ ਨੇਚਰ ਪਾਰਕ ਬਣਾਉਣ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਐਲਾਨ ਦਾ ਸੁਆਗਤ ਕੀਤਾ ਹੈ। ਇਸ ਪਾਰਕ ਦਾ ਨਿਰਮਾਣ ਖਾਲੀ ਪਈ 62 ਏਕੜ ਜ਼ਮੀਨ ਤੇ 10 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ।ਐਮ.ਪੀ ਮਨੀਸ਼ ਤਿਵਾੜੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਨਾਲ ਇੱਥੇ ਆਉਣ ਵਾਲੀਆਂ ਲੱਖਾਂ ਦੀ ਗਿਣਤੀ ਚ ਸੰਗਤਾਂ ਅਤੇ ਸੈਲਾਨੀਆਂ ਨੂੰ ਹੋਰ ਵੀ ਉਤਸ਼ਾਹ ਮਿਲੇਗਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਵਸਾਈ ਇਸ ਪਵਿੱਤਰ ਅਤੇ ਇਤਿਹਾਸਕ ਨਗਰੀ ਚ ਸਥਿਤ ਵਿਰਾਸਤ-ਏ-ਖ਼ਾਲਸਾ ਵਿੱਚ ਇਸ ਨੇਚਰ ਪਾਰਕ ਦਾ ਨਿਰਮਾਣ ਕਰਨਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨੇਡ਼ੇ 1977 ਚ ਬਣਾਏ ਗਏ ਸ੍ਰੀ ਗੁਰੂ ਤੇਗ ਬਹਾਦਰ ਅਜਾਇਬ ਘਰ ਦੇ ਨਵੀਨੀਕਰਨ ਸੁੰਦਰਤਾ ਅਤੇ ਇਸਦੀ ਇਮਾਰਤ ਤੇ ਸ਼ਾਨਦਾਰ ਲਾਈਟਿੰਗ ਵਾਸਤੇ 2 ਕਰੋੜ ਰੁਪਏ ਦੇ ਐਲਾਨ ਸਮੇਤ ਭਾਈ ਜੈਤਾ ਜੀ ਦੀ 27 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀ ਯਾਦਗਾਰ ਨੂੰ ਮੁਕੰਮਲ ਕਰਨ ਸਬੰਧੀ ਕੀਤਾ ਗਿਆ ਐਲਾਨ ਸ਼ਲਾਘਾਯੋਗ ਕਦਮ ਹਨ। ਉਹ ਬਤੌਰ ਮੈਂਬਰ ਲੋਕ ਸਭਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਮੌਕੇ ਕੀਤੇ ਗਏ ਇਨ੍ਹਾਂ ਐਲਾਨਾਂ ਦਾ ਸਵਾਗਤ ਕਰਦੇ ਹਨ।

Install Punjabi Akhbar App

Install
×