ਐਮ. ਪੀ. ਮਨੀਸ਼ ਤਿਵਾੜੀ ਅਤੇ ਵਿਧਾਇਕ ਅੰਗਦ ਸਿੰਘ ਨੇ ਰਾਹੋਂ ਦੀ ਨੁਹਾਰ ਬਦਲਣ ਲਈ ਕੀਤੀ ਵੱਡੇ ਪ੍ਰਾਜੈਕਟਾਂ ਦੀ ਸ਼ੁਰੂਆਤ

ਨਗਰ ਕੌਂਸਲ ਦਫ਼ਤਰ ਦੀ ਨਵੀਂ ਬਿਲਡਿੰਗ ਦੀ ਉਸਾਰੀ ਦੇ ਕੰਮ ਦਾ ਕੀਤਾ ਸ਼ੁੱਭ ਆਰੰਭ

ਰਾਹੋਂ ਦੇ ਸਰਬਪੱਖੀ ਵਿਕਾਸ ਲਈ ਕਰੋੜਾਂ ਰੁਪਏ ਦੇ ਹੋਰਨਾਂ ਕਾਰਜਾਂ ਦਾ ਕੀਤਾ ਆਗਾਜ਼ 

ਸ਼ਹਿਰ ਦੀ ਸਫ਼ਾਈ ਵਿਵਸਥਾ ਸੁਧਾਰਨ ਲਈ ਵੱਡੀ ਮਸ਼ੀਨਰੀ ਕੀਤੀ ਨਗਰ ਕੌਂਸਲ ਦੇ ਸਪੁਰਦ

ਨਿਊਯਾਰਕ/ਰਾਹੋਂ —ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਅਤੇ ਨਵਾਂਸ਼ਹਿਰ ਦੇ ਨੌਜਵਾਨ ਵਿਧਾਇਕ ਅੰਗਦ ਸਿੰਘ ਨੇ ਅੱਜ ਪੁਰਾਤਨ ਤੇ ਇਤਿਹਾਸਕ ਸ਼ਹਿਰ ਰਾਹੋਂ ਦੀ ਨੁਹਾਰ ਬਦਲਣ ਲਈ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਪੰਜਾਬ ਲਾਰਜ ਸਕੇਲ ਇੰਡਸਟਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਅਤੇ ਹੋਰਨਾਂ ਸ਼ਖਸੀਅਤਾਂ ਦੀ ਮੌਜੂਦਗੀ ਵਿਚ ਉਨਾਂ ਨਗਰ ਕੌਂਸਲ ਦਫ਼ਤਰ ਰਾਹੋਂ ਦੀ 1.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਇਮਾਰਤ ਦੀ ਉਸਾਰੀ ਦਾ ਭੂਮੀ ਪੂਜਨ ਕਰ ਕੇ ਸ਼ੁੱਭ ਆਰੰਭ ਕੀਤਾ। ਇਸ ਦੌਰਾਨ ਉਨਾਂ ਸ਼ਹਿਰ ਦੀ ਕਾਇਆ ਕਲਪ ਲਈ ਕਰੋੜਾਂ ਰੁਪਏ ਦੇ ਹੋਰਨਾਂ ਵੱਖ-ਵੱਖ ਵਿਕਾਸ ਕਾਰਜਾਂ ਦੀ ਵੀ ਸ਼ੁਰੂਆਤ ਕਰਨ ਤੋਂ ਇਲਾਵਾ ਸ਼ਹਿਰ ਦੀ ਸਫ਼ਾਈ ਵਿਵਸਥਾ ਸੁਧਾਰਨ ਲਈ ਵੱਡੀ ਮਸ਼ੀਨਰੀ ਵੀ ਨਗਰ ਕੌਂਸਲ ਦੇ ਸਪੁਰਦ ਕੀਤੀ, ਜਿਸ ਵਿਚ ਕਰੱਸ਼ਰ, ਬੇਲਿੰਗ ਮਸ਼ੀਨ, ਬਾਇਚ ਰੈਮੀਡੇਸ਼ਨ ਮਸ਼ੀਨ ਆਦਿ ਸ਼ਾਮਲ ਹੈ। ਇਸੇ ਤਰ੍ਰਾਂ ਉਨਾਂ ਸਾਰੇ ਸ਼ਹਿਰ ਵਿਚ 1000 ਨਵੀਆਂ ਐਲ. ਈ. ਡੀ ਲਾਈਟਾਂ ਲਗਾਉਣ ਦੇ ਕੰਮ ਦਾ ਵੀ ਆਗਾਜ਼ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਐਮ. ਪੀ ਮਨੀਸ਼ ਤਿਵਾੜੀ ਨੇ ਕਿਹਾ ਕਿ ਰਾਹੋਂ ਨੂੰ ਇਕ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਉਨਾਂ ਰਾਹੋਂ ਦੇ ਵਸਨੀਕਾਂ ਨੂੰ ਕਿਹਾ ਕਿ ਉਨਾਂ ਨੇ ਸ਼ਹਿਰ ਦੀ ਵਾਗਡੋਰ ਇਕ ਅਜਿਹੇ ਮਿਹਨਤੀ ਅਤੇ ਊਰਜਾਵਾਨ ਨੌਜਵਾਨ ਆਗੂ ਦੇ ਹੱਥ ਦਿੱਤੀ ਹੈ, ਜੋ ਸ਼ਹਿਰ ਦੇ ਕਾਇਆ ਕਲਪ ਲਈ ਦਿਨ-ਰਾਤ ਇਕ ਕਰ ਰਿਹਾ ਹੈ। ਉਨਾਂ ਕਿਹਾ ਕਿ ਅਜਿਹੇ ਆਗੂ ਦੇ ਹੁੰਦਿਆਂ ਉਨਾਂ ਨੂੰ ਸ਼ਹਿਰ ਦੀ ਬਿਹਤਰੀ ਲਈ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ।ਵਿਧਾਇਕ ਅੰਗਦ ਸਿੰਘ ਨੇ ਇਸ ਮੌਕੇ ਕਿਹਾ ਕਿ ਰਾਹੋਂ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਰਾਹੋਂ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਇਥੇ ਲੋੜੀਂਦੇ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ’ਤੇ ਮੁਕੰਮਲ ਕਰਨ ਦਾ ਬੀੜਾ ਚੁੱਕਿਆ ਗਿਆ ਹੈ ਅਤੇ ਸਾਰੇ ਵਿਕਾਸ ਕਾਰਜ ਤੈਅ ਸਮੇਂ ਅੰਦਰ ਮੁਕੰਮਲ ਕੀਤੇ ਜਾਣਗੇ। ਉਨਾਂ ਕਿਹਾ ਕਿ ਰਾਹੋਂ ਵਾਸੀਆਂ ਨੇ ਜਿਹੜਾ ਪਿਆਰ ਉਨਾਂ ਨੂੰ ਦਿੱਤਾ ਹੈ, ਉਸ ਦਾ ਮੁੱਲ ਵਿਕਾਸ ਕਾਰਜਾਂ ਦੀ ਝੜੀ ਲਾ ਕੇ ਕੀਤਾ ਜਾਵੇਗਾ।ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨਮਾਜਰਾ, ਜ਼ਿਲਾ ਪ੍ਰੀਸ਼ਦ ਦੇ ਚੇਅਰਪਰਸਨ ਹਰਮੇਸ਼ ਕੌਰ, ਜੋਗਿੰਦਰ ਸਿੰਘ ਭਗੌਰਾਂ, ਲਖਵੀਰ ਸਿੰਘ, ਈ. ਓ ਰਾਜੀਵ ਸਰੀਨ ਤੋਂ ਇਲਾਵਾ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ। 

Install Punjabi Akhbar App

Install
×