ਕਿਹਾ -ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਚੈਨ ਨਾਲ ਨਹੀਂ ਬੈਠਾਂਗੇ
ਬੰਗਾ ਬਲਾਕ ਵਿਚ ਵੱਖ-ਵੱਖ ਵਿਕਾਸ ਕਾਰਜਾਂ ਦਾ ਕੀਤਾ ਸ਼ੁੱਭ ਆਰੰਭ
ਪੰਚਾਇਤਾਂ ਨੂੰ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਕੀਤੇ ਤਕਸੀਮ

ਨਿਊਯਾਰਕ/ਬੰਗਾ—ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਇਸੇ ਤਹਿਤ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਪੰਜਾਬ ਲਾਰਜ ਸਕੇਲ ਇੰਡਸਟਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਦੀ ਮੌਜੂਦਗੀ ਵਿਚ ਬੰਗਾ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਅਤੇ ਗ੍ਰਾਂਟਾਂ ਦੇ ਚੈੱਕ ਤਕਸੀਮ ਕਰਨ ਮੌਕੇ ਕੀਤਾ। ਉਨਾਂ ਕਿਹਾ ਕਿ ਹਰੇਕ ਪਿੰਡ ਵਿਚ ਸੜਕਾਂ, ਗਲੀਆਂ, ਨਾਲੀਆਂ, ਗੰਦੇ ਪਾਣੀ ਦੀ ਨਿਕਾਸੀ, ਜਲ ਸਪਲਾਈ, ਸਟਰੀਟ ਲਾਈਟਾਂ ਅਤੇ ਹੋਰ ਵਿਕਾਸ ਕਾਰਜਾਂ ਲਈ ਦਿਲ ਖੋਲ ਕੇ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ।

ਇਸ ਦੌਰਾਨ ਵੱਖ-ਵੱਖ ਸਮਾਗਮਾਂ ਵਿਚ ਬੋਲਦਿਆਂ ਉਨਾਂ ਕਿਹਾ ਕਿ ਜਿਸ ਤਰਾਂ ਨਾਲ ਬੰਗਾ ਇਲਾਕੇ ਨੇ ਕੋਰੋਨਾ ਖਿਲਾਫ਼ ਜੰਗ ਜਿੱਤੀ ਹੈ, ਉਹ ਆਪਣੇ ਆਪ ਵਿਚ ਇਕ ਮਿਸਾਲ ਹੈ। ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਬੋਲਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਅਤੇ ਕਿਸਾਨੀ ਦੇ ਹੱਕ ਵਿਚ ਖੜੀ ਹੈ ਅਤੇ ਇਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਚੈਨ ਨਾਲ ਨਹੀਂ ਬੈਠਾਂਗੇ।ਇਸ ਮੌਕੇ ਉਨਾਂ ਬੰਗਾ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ ਆਰੰਭ ਕਰਨ ਤੋਂ ਇਲਾਵਾ ਗ੍ਰਾਂਟਾਂ ਦੇ ਚੈੱਕ ਵੀ ਤਕਸੀਮ ਕੀਤੇ। ਇਸ ਮੌਕੇ ਉਨਾਂ ਮਾਹਿਲ ਗਹਿਲਾ, ਪਠਲਾਵਾ, ਭਰੋਲੀ ਅਤੇ ਤਲਵੰਡੀ ਜੱਟਾਂ ਦੀਆਂ ਪੰਚਾਇਤਾਂ ਨੂੰ ਕਰੀਬ 60 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡੇ। ਇਸੇ ਤਰਾਂ ਉਨਾਂ ਰਵਿਦਾਸ ਰੋਡ ਬੰਗਾ ਦਾ ਨੀਂਹ ਪੱਥਰ ਰੱਖਣ ਤੋਂ ਇਲਾਵਾ ਲੰਗੇਰੀ ਅਤੇ ਬੰਗਾ ਜੀਦੋਵਾਲ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਸ਼ੁੱਭ ਆਰੰਭ ਕੀਤਾ।

ਉਨਾਂ ਤਾਕੀਦ ਕੀਤੀ ਕਿ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਗਈਆਂ ਗ੍ਰਾਂਟਾਂ ਦੀ ਵਰਤੋਂ ਸੁਚੱਜੇ ਢੰਗ ਨਾਲ ਕੀਤੀ ਜਾਵੇ। ਇਸ ਮੌਕੇ ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਚੇਅਰਮੈਨ ਮਾਰਕੀਟ ਕਮੇਟੀ ਬੰਗਾ ਦਰਵਜੀਤ ਸਿੰਘ ਪੂਨੀਆ, ਚੇਅਰਮੈਨ ਬਲਾਕ ਸੰਮਤੀ ਬੰਗਾ ਤੀਰਥ ਸਿੰਘ, ਬੀ. ਡੀ. ਪੀ. ਓ ਹੇਮਰਾਜ, ਡੀ. ਐਸ. ਪੀ ਜੀ. ਪੀ. ਸਿੰਘ, ਕਮਲਜੀਤ ਬੰਗਾ, ਠੇਕੇਦਾਰ ਰਜਿੰਦਰ ਸਿੰਘ, ਡਾ. ਹਰਪ੍ਰੀਤ ਸਿੰਘ, ਰਜਿੰਦਰ ਸ਼ਰਮਾ, ਸਰਪੰਚ ਚਰਨਜੀਤ, ਸਰਪੰਚ ਹਰਪਾਲ ਸਿੰਘ, ਸ਼ੋਖੀ ਰਾਮ, ਭਜਨ ਸਿੰਘ ਭਰੋਲੀ, ਰਘਵੀਰ ਸਿੰਘ ਬਿੱਲਾ, ਡਾ. ਬਖਸ਼ੀਸ਼ ਸਿੰਘ ਤੋਂ ਇਲਾਵਾ ਸਬੰਧਤ ਇਲਾਕਿਆਂ ਦੀਆਂ ਹੋਰ ਸ਼ਖਸੀਅਤਾਂ ਹਾਜ਼ਰ ਸਨ।