ਏਸ਼ੀਅਨ ਇਨ ਦਾ ਬੇਅ ਵੱਲੋਂ ‘ਬੈਸਟ ਏਸ਼ੀਅਨ ਬਿਜ਼ਨਸ ਐਵਾਰਡ’ ਇਸ ਵਾਰ ਹੇਸਟਿੰਗ ਵਸਦੇ ਪੰਜਾਬੀਆਂ ਦੇ ‘ਐਮ.ਪੀ. ਫੂਡਜ਼’ ਸਟੋਰ ਨੂੰ

NZ PIC 13 Aug-1
ਨਿਊਜ਼ੀਲੈਂਡ ‘ਚ ਪੰਜਾਬੀਆਂ ਨੇ ਦੇਸ਼ ਦੇ ਹਰ ਕੋਨੇ ਵਿਚ ਬਿਜ਼ਨਸ ਅਦਾਰੇ ਖੋਲ੍ਹ ਰੱਖੇ ਹਨ ਤੇ ਅੱਜ ਦੀ ਤਰੀਕ ਵਿਚ ਇਹ ਅਦਾਰੇ ਆਪਣੇ ਉਚ ਮਾਪਦੰਢਾ ਕਰਕੇ ਐਨੇ ਵਿਕਸਤ ਹੋ ਗਏ ਹਨ ਕਿ ਵਕਾਰੀ ਐਵਾਰਡ ਵੀ ਹਾਸਿਲ ਕਰਨ ਲੱਗੇ ਹਨ। ਔਕਲੈਂਡ ਤੋਂ ਲਗਪਗ 430 ਕਿਲੋਮੀਟਰ ਦੂਰ ਸਮੁੰਦਰ ਕੰਢੇ ਵਸੇ ਸ਼ਹਿਰ ਹੇਸਟਿੰਗਜ਼ (ਹਾਕਸ ਬੇਅ ਖੇਤਰ ‘ਚ ਵਸਿਆ ਉਤਰੀ ਟਾਪੂ ਦਾ ਦੂਜਾ ਵੱਡਾ ਸ਼ਹਿਰ) ਵਿਖੇ ਪੰਜਾਬੀਆਂ ਦੀ ਮਾਲਕੀ ਵਾਲਾ ਇਕ ਵੱਡਾ ਬਹੁ-ਭਾਂਤੀ ਗਰੋਸਰੀ ਸਟੋਰ ਹੈ ‘ਐਮ.ਪੀ. ਫੂਡਜ਼’। ਇਸ ਸਟੋਰ ਦੇ ਮਾਲਕ ਸ. ਮਹਿੰਦਰ ਸਿੰਘ ਨਾਗਰਾ ਜਿਨ੍ਹਾਂ ਦਾ ਪਿੰਡ ਮਾਧੋਪੁਰ (ਫਗਵਾੜਾ) ਹੈ, ਨੇ 2008 ਦੇ ਵਿਚ ਇਹ ਫੂਡ ਸਟੋਰ ਸ਼ੁਰੂ ਕੀਤਾ ਸੀ ਅਤੇ ਇਸ ਸਟੋਰ ਦਾ ਨਾਂਅ ਵੀ ਪਿੰਡ ਦੇ ਨਾਂਅ ਨੂੰ ਦਰਸਾਉਂਦੇ ਸ਼ਬਦ ‘ਐਮ.ਪੀ.’ ਯਾਨਿ ਕਿ ਮਾਧੋਪੁਰ ਉਤੇ ਰੱਖਿਆ ਸੀ।  ਇਸ ਸਟੋਰ ਨੇ ਬੀਤੇ ਦਿਨੀਂ ‘ਏਸ਼ੀਅਨ ਇਨ ਦਾ ਬੇਅ ਐਵਾਰਡਜ਼’ ਦੀ ਬਿਜ਼ਨਸ ਸ਼੍ਰੇਣੀ ਅਧੀਨ ਇਸ ਵਾਰ ਦਾ ‘ਬੈਸਟ ਏਸ਼ੀਅਨ ਬਿਜ਼ਨਸ ਐਵਾਰਡ’ ਪ੍ਰਾਪਤ ਕੀਤਾ ਹੈ। ਇਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਦੇ ਵਿਚ ਵਿਚ ਇਹ ਐਵਾਰਡ ਸਟੋਰ ਦੇ ਮਾਲਕ ਸ. ਮਹਿੰਦਰ ਸਿੰਘ ਨਾਗਰਾ ਅਤੇ ਉਨ੍ਹਾਂ ਦੀ ਸੁਪਤਨੀ ਸ੍ਰੀਮਤੀ ਕੁਲਦੀਪ ਕੌਰ ਨਾਗਰਾ ਨੂੰ ਚੈਂਬਰ ਆਫ਼ ਕਾਮਰਸ ਦੇ ਚੀਫ ਐਗਜ਼ੀਕਿਊਟਿਵ ਸ੍ਰੀ ਮੁਰਏ ਡਗਜ਼ ਵੱਲੋਂ ਭੇਟ ਕੀਤਾ ਗਿਆ।  ਉਨ੍ਹਾਂ ਆਪਣੇ ਸੰਬੋਧਨ ਵਿਚ ਵਿਸ਼ੇਸ਼ ਤੌਰ ‘ਤੇ ਕਿਹਾ ਕਿ ”ਉਹ ਜਾਣਦੇ ਹਨ ਏਸ਼ੀਅਨ ਕਮਿਊਨਿਟੀ ਇਸ ਦੇਸ਼ ਦੇ ਵਿਚ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ ਪਰ ਕਿਤੇ ਨਾ ਕਿਤੇ ਉਚ ਮਾਪਦੰਢਾ ਦੇ ਉਤੇ ਪ੍ਰੋਫੈਸ਼ਨਲ ਤਰੀਕਿਆਂ ਨਾਲ ਸਮਾਜਿਕ ਅਤੇ ਆਰਥਿਕ ਮੂਲਭੂਤ ਵਿਵਸਥਾਵਾਂ ਦੇ ਲਈ ਕੰਮ ਕਰ ਰਹੇ ਉਦਮੀਆਂ ਨੂੰ ਉਹ ਸਥਾਨ ਨਹੀਂ ਦਿੱਤਾ ਜਾ ਸਕਿਆ। ਅੱਜ ਇਥੇ ਕੁਝ ਖਾਸ ਲੋਕ ਹਾਜ਼ਿਰ ਹਨ ਜਿਨ੍ਹਾਂ ਨੇ ਹਾਕਸ ਬੇਅ ਖੇਤਰ ਦੇ ਵਿਚ ਮੂਲਭੂਤ ਵਿਵਸਥਾਵਾਂ ਦੇ ਚੱਲ ਰਹੇ ਫਰਕ ਨੂੰ ਉਚ ਮਾਪਦੰਢਾ ਨਾਲ ਪੂਰਿਆਂ ਕੀਤਾ ਹੈ। ਬਹੁਤ ਸਾਰੇ ਏਸ਼ੀਅਨ ਲੋਕਾਂ ਨੇ ਭਾਸ਼ਾ ਦੀ ਦੀਵਾਰ ਦੇ ਪਰ੍ਹੇ ਜਾ ਕੇ ਨਵੀਂ ਸਿਖਲਾਈ ਦੇ ਅਧੀਨ ਦੇਸ਼ ਦੇ ਸਿਸਟਮ ਨਾਲ ਵੱਡੀ ਸਾਂਝ ਪਾਈ ਹੈ।” ਵਰਨਣਯੋਗ ਹੈ ਕਿ ਇਹ ਐਵਾਰਡ ਬੀਤੇ ਤਿੰਨ ਸਾਲਾਂ ਤੋਂ ਵੱਖ-ਵੱਖ ਸ਼੍ਰੇਣੀਆਂ ਅਧੀਨ ਦਿੱਤੇ ਜਾ ਰਹੇ ਹਨ। ਮਹਿੰਦਰ ਸਿੰਘ ਨਾਗਰਾ ਦਾ ਸਟੋਰ ਇਸ ਵੇਲੇ ਇੰਡੀਅਨ, ਥਾਈ, ਚਾਈਨੀਜ਼, ਮਲੇਸ਼ੀਅਨ, ਇੰਡੋਨੇਸ਼ੀਅਨ, ਬੰਗਲਾਦੇਸ਼ੀ, ਆਈਲੈਂਡਜ਼, ਫੀਜ਼ੀ ਅਤੇ ਫਿਲੀਪੀਨਜ ਸਮੁਦਾਇ ਦੇ ਲੋਕਾਂ ਦੇ ਵਰਤਣ ਵਾਲਾ ਸਾਮਾਨ ਵੱਡੀ ਰੇਂਜ ਵਿਚ ਥੋਕ ਅਤੇ ਪ੍ਰਚੂਨ ਵੇਚ ਰਿਹਾ ਹੈ। 
ਕਮਿਊਨਿਟੀ ਦਾ ਧੰਨਵਾਦ: ਸ. ਨਾਗਰਾ ਨੇ ਹਾਕਸ ਬੇਅ ਰਹਿੰਦੀ ਸਾਰੀ ਪੰਜਾਬੀ ਕਮਿਊਨਿਟੀ ਅਤੇ ਦੂਸਰੀਆਂ ਕਮਿਊਨਿਟੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਐਵਾਰਡ ਉਹ ਪੰਜਾਬੀ ਕਮਿਊਨਿਟੀ ਨੂੰ ਸਮਰਪਿਤ ਕਰਦੇ ਹਨ।

Install Punjabi Akhbar App

Install
×