ਵਿਕਟੌਰੀਆਈ ਪਾਰਲੀਮੈਂਟਰੀ ਲਿਬਰਲ ਪਾਰਟੀ ਦੇ ਮੈਂਬਰਾਂ ਨੇ ਆਪਣੇ ਇੱਕ ਸਾਥੀ ਮੈਂਬਰ -ਐਮ.ਪੀ. ਬਾਰਨੀ ਫਿਨ ਨੂੰ ਗਰਭਪਾਤ ਕਾਨੂੰਨ ਦੇ ਖ਼ਿਲਾਫ਼ ਸਟੈਂਡ ਲੈਣ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਦੀ ਮੈਂਬਰਸ਼ਿਪ ਤੋਂ ਬਾਹਰ ਕਰ ਦਿੱਤਾ ਹੈ।
ਅੱਜ, ਲਿਬਰਲ ਪਾਰਟੀ ਨੇ ਇੱਕ ਬੰਦ ਕਮਰੇ ਵਿੱਚ ਵੋਟਾਂ ਪਾਈਆਂ ਅਤੇ ਇਨ੍ਹਾਂ ਵੋਟਾਂ ਦੌਰਾਨ ਬਾਰਨੀ ਫਿਨ ਨਦਾਰਦ ਰਹੇ ਅਤੇ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਹੀ ਪਾਰਟੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਪਾਰਟੀ ਦੀ ਮੌਜੂਦਾ ਮੈਂਬਰਸ਼ਿਪ ਤੋਂ ਖਾਰਿਜ ਕਰ ਦਿੱਤਾ।
ਵਿਰੋਧੀ ਧਿਰ ਦੇ ਨੇਤਾ ਮੈਥਿਊ ਗੇ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਕਿ ਬਾਰਨੀ ਫਿਨ ਨੇ ਗਰਭਪਾਤ ਦੇ ਖ਼ਿਲਾਫ਼ ਆਪਣੇ ਆਪ ਨੂੰ ਖੜ੍ਹਾ ਕੀਤਾ ਹੋਇਆ ਹੈ ਅਤੇ ਉਹ ਕਹਿੰਦੇ ਹਨ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਅਤੇ ਇਸ ਦਾਇਰੇ ਵਿੱਚ ਅਜਿਹੀਆਂ ਮਹਿਲਾਵਾਂ ਵੀ ਆਉ਼ਂਦੀਆਂ ਹਨ ਜੋ ਕਿ ਜ਼ਬਰਦਸਤੀ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਗਰਭਪਾਤ ਚਾਹੁੰਦੀਆਂ ਹਨ।
ਜ਼ਿਕਰਯੋਗ ਹੈ ਕਿ ਬਾਰਨੀ ਫਿਨ ਸਾਲ 2006 ਤੋਂ ਹੀ ਲੈਜਿਸਲੇਟਿਵ ਕਾਂਸਲ ਦੇ ਮੈਂਬਰ ਹਨ। ਇਸ ਤੋਂ ਪਹਿਲਾਂ ਸਾਲ 1992 ਤੋਂ 1999 ਤੱਕ ਉਹ ਤੁਲਾਮੈਰੀਨ ਸੀਟ ਤੋਂ ਪਹਿਲਾਂ ਵਾਲੇ ਹੇਠਲੇ ਸਦਨ (ਹੁਣ ਉਹ ਸਦਨ ਖਾਰਿਜ ਕੀਤਾ ਜਾ ਚੁਕਿਆ ਹੈ) ਦੇ ਮੈਂਬਰ ਵੀ ਰਹੇ ਹਨ।