ਮੋਤੀ ਪੰਜ ਦਰਿਆਵਾਂ ਦਾ ਪੁਸਤਕ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਰਮਿਆਨ ਸਾਹਿਤਕ ਕੜੀ ਬਣੇਗੀ

Ujagar Singh 180207 IMG_0359
ਲਹਿੰਦੇ ਪੰਜਾਬ ਦੇ ਅਦੀਬਾਂ ਵੱਲੋਂ ਚੜ੍ਹਦੇ ਪੰਜਾਬ ਦੇ ਬੇਬਾਕ ਫੋਟੋ ਪੱਤਰਕਾਰ, ਖੋਜੀ ਇਤਿਹਾਸਕਾਰ, ਵਿਦਵਾਨ ਲੇਖਕ, ਕਾਲਮ ਨਵੀਸ, ਗੁਰਮਤਿ ਦੇ ਧਾਰਨੀ ਸਾਹਿਤਕਾਰ ਅਤੇ ਸੰਪਾਦਕ ਜੈਤੇਗ ਸਿੰਘ ਅਨੰਤ ਹੁਰਾਂ ਦੇ ਮਾਂ ਬੋਲੀ ਪੰਜਾਬੀ ਜ਼ੁਬਾਨ ਲਈ ਪਾਏ ਯੋਗਦਾਨ ਬਾਰੇ ਲਿਖੀ ਅਤੇ ਪ੍ਰੋ.ਆਸ਼ਿਕ ਰਾਹੀਲ ਵੱਲੋਂ ਸੰਪਾਦਿਤ ਕੀਤੀ ਪੁਸਤਕ ”ਮੋਤੀ ਪੰਜ ਦਰਿਆਵਾਂ ਦਾ” ਪ੍ਰਕਾਸ਼ਤ ਕਰਕੇ ਲਾਮਿਸਾਲ ਕੰਮ ਕੀਤਾ ਹੈ। ਇਹ ਪੁਸਤਕ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸਹਿਤਕਾਰਾਂ, ਖੋਜੀ ਵਿਦਵਾਨਾਂ ਅਤੇ ਪੱਤਰਕਾਰਾਂ ਦਰਮਿਆਨ ਸਾਹਿਤਕ ਕੜੀ ਦਾ ਕੰਮ ਕਰੇਗੀ। ਸਾਹਿਤਕ ਸੰਸਾਰ ਵਿਚ ਅਜਿਹੀ ਕਿਸਮ ਦੀ ਇਹ ਪਹਿਲੀ ਪੁਸਤਕ ਹੈ, ਜਿਹੜੀ ਲਹਿੰਦੇ ਪੰਜਾਬ ਦੇ ਅਦੀਬਾਂ ਅਤੇ ਸ਼ਾਇਰਾਂ ਨੇ ਚੜ੍ਹਦੇ ਪੰਜਾਬ ਦੇ ਲੇਖਕ ਬਾਰੇ ਲਿਖੀ ਹੈ।

ਇਸ ਪੁਸਤਕ ਵਿਚ ਲੇਖ ਲਿਖਣ ਵਾਲੇ ਵਿਅਕਤੀ ਆਪੋ ਆਪਣੇ ਖੇਤਰਾਂ ਦੇ ਉਘੇ ਮਾਹਿਰ ਵਿਦਵਾਨ ਹਨ, ਜਿਹੜੇ ਯੂਨੀਵਰਸਿਟੀ ਅਤੇ ਕਾਲਜਾਂ ਦੇ ਪੰਜਾਬੀ ਵਿਭਾਗਾਂ ਦੇ ਮੁੱਖੀ, ਪੱਤਰਕਾਰ ਅਤੇ ਕਈ ਪੰਜਾਬੀ ਨਾਲ ਜੁੜੇ ਅਦਾਰੇ ਅਤੇ ਤਨਜ਼ੀਮਾਂ ਦੇ ਚੇਅਰਮੈਨ ਹਨ। ਉਨ੍ਹਾਂ ਵਿਚ ਮੁੱਖ ਤੌਰ ਤੇ ਪ੍ਰੋ.ਆਸ਼ਿਕ ਰਾਹੀਲ, ਸੰਪਾਦਕ, ਡਾ.ਸਈਅਦ ਅੱਖਤਰ ਹੁਸੈਨ ਅੱਖਤਰ ਮਹੀਨੇਵਾਰ ਲਹਿਰਾਂ ਅਖਬਾਰ ਦੇ ਮੁੱਖ ਸੰਪਾਦਕ, ਇਹਸਾਨ ਬਾਜਵਾ ਸਦਰ ਮਜਲਿਸ ਹਾਸ਼ਮ ਸ਼ਾਹ, ਮਸਊਦ ਚੌਧਰੀ ਜਰਮਨ, ਇਕਬਾਲ ਕੇਸਰ ਚੇਅਰਮੈਨ, ਪੰਜਾਬੀ ਖੋਜਗੜ੍ਹ, ਪ੍ਰੋ.ਡਾ.ਨਬੀਲਾ ਰਹਿਮਨ, ਚੇਅਰਪਰਸਨ ਸ਼ੋਬਾ ਪੰਜਾਬੀ, ਪੰਜਾਬ ਯੂਨੀਵਰਸਿਟੀ, ਓਰੀਐਂਟਲ ਕਾਲਜ ਲਾਹੌਰ, ਡਾ.ਵਸੀਮ ਗਰਦੇਜ਼ੀ, ਮੁੱਖੀ ਪੰਜਾਬੀ ਵਿਭਾਗ ਜ਼ਿਮੀਦਾਰ ਕਾਲਜ, ਲਹਿੰਦਾ ਪੰਜਾਬ ਗੁਜਰਾਤ, ਨੀਲਮਾ ਨਾਹੀਦ ਦੁਰਾਨੀ ਸਾਬਕਾ ਐਸ.ਐਸ.ਪੀ.ਲਾਹੌਰ, ਦਿਲ ਮੁਹੰਮਦ ਮੁੱਖ ਸੇਵਾਦਾਰ, ਬੁਲ੍ਹੇ ਸ਼ਾਹ ਪੰਜਾਬੀ ਸੱਥ ਕਸੂਰ, ਸ਼ਾਇਰ ਇਕਬਾਲ ਰਾਹੀ, ਸਕੱਤਰ ਗੁਲਸ਼ਨੇ ਅਦਬ ਲਾਹੌਰ, ਪ੍ਰੋ.ਕਲਿਆਣ ਸਿੰਘ ਕਲਿਆਣ, ਸ਼ੋਬਾ ਪੰਜਾਬੀ, ਜੀ.ਸੀ.ਯੂਨੀਵਰਸਿਟੀ ਲਾਹੌਰ, ਡਾ.ਜਮੀਲ ਅਹਿਮਦ ਪਾਲ, ਮੁਖੀ ਪੰਜਾਬੀ ਵਿਭਾਗ ਗੌਰਮਿੰਟ ਕਾਲਜ ਲਾਹੌਰ, ਡਾ.ਇਬਾਦ ਨਬੀਲ ਸ਼ਾਦ ਐਸੋਸੀਏਟ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ, ਓਰੀਐਂਟਲ ਕਾਲਜ ਲਾਹੌਰ, ਡਾ.ਸਆਦਤ ਅਲੀ ਸਾਕਿਬ, ਸਹਾਇਕ ਪ੍ਰੋਫੈਸਰ ਓਰੀਐਂਟਲ ਕਾਲਜ ਲਾਹੌਰ, ਆਕਾਸ਼ ਕਹਾਣੀਕਾਰ, ਨਾਵਲ ਨਿਗਾਰ, ਫਿਲਮ ਲੇਖਕ ਲਾਹੌਰ ਅਤੇ ਡਾ.ਯੂਨਿਸ ਆਹਕਰ, ਸੇਵਾ ਮੁਕਤ ਮੁੱਖੀ ਪੰਜਾਬੀ ਵਿਭਾਗ ਐਮ.ਏ.ਓ ਕਾਲਜ ਲਾਹੌਰ।

ਇਸ ਤੋਂ ਪਹਿਲਾਂ ਜੈਤੇਗ ਸਿੰਘ ਅਨੰਤ ਨੇ ਲਹਿੰਦੇ ਪੰਜਾਬ ਦੇ ਲੋਕ ਕਵੀ ਉਸਤਾਦ ਦਾਮਨ ਬਾਰੇ ਇੱਕ ਪੁਸਤਕ ” ਬੇਨਿਆਜ਼ ਹਸਤੀ ਉਸਤਦ ਦਾਮਨ ” 2011 ਵਿਚ ਸੰਪਾਦਿਤ ਕੀਤੀ ਸੀ। ਆਮ ਤੌਰ ਤੇ ਸਾਹਿਤਕਾਰ ਆਪਣੇ ਸਮੇਂ ਦੇ ਜੀਵਤ ਸਾਹਿਤਕਾਰ ਬਾਰੇ ਪ੍ਰਸੰਸਾ ਕਰਨ ਤੋਂ ਕੰਨੀਂ ਕਤਰਾਉਂਦੇ ਹਨ ਪ੍ਰੰਤੂ ਇਸ ਪੁਸਤਕ ਵਿਚ ਲਹਿੰਦੇ ਪੰਜਾਬ ਦੇ ਸਿਰਕੱਢ ਵਿਦਵਾਨ ਸਾਹਿਤਕਾਰਾਂ, ਸਿਖਿਆ ਸ਼ਾਸ਼ਤਰੀਆਂ ਅਤੇ ਸ਼ਾਇਰਾਂ ਨੇ ਖੁਲ੍ਹਕੇ ਜੈਤੇਗ ਸਿੰਘ ਅਨੰਤ ਦੇ ਸਾਹਿਤਕ ਅਤੇ ਇਤਿਹਾਸਕ ਯੋਗਦਾਨ ਦੀ ਪ੍ਰਸੰਸਾ ਦੇ ਸੋਹਲੇ ਗਾਏ ਹਨ। ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ ਵੱਲੋਂ ਪ੍ਰਕਾਸ਼ਤ 135 ਪੰਨਿਆਂ ਦੀ ਇਸ ਪੁਸਤਕ ਵਿਚ 32 ਲੇਖਕਾਂ ਅਤੇ ਸ਼ਾਇਰਾਂ ਨੇ ਬਾਖੂਬੀ ਲਿਖਿਆ ਹੈ ਕਿ ਉਹ ਲਹਿੰਦੇ ਪੰਜਾਬ ਦਾ ਹੀ ਨਹੀਂ ਸਗੋਂ ਸਮੁੱਚੇ ਸਾਹਿਤਕ ਸੰਸਾਰ ਦਾ ਵਿਦਵਾਨ ਸਾਹਿਤਕਾਰ, ਬੇਹਤਰੀਨ ਅਦੀਬ ਅਤੇ ਅਦਬੀ ਸਰਗਰਮੀਆਂ ਦਾ ਸ਼ਿੰਗਾਰ ਹਨ, ਜਿਹੜਾ ਉਨ੍ਹਾਂ ਨਾਲ ਹਮੇਸ਼ਾ ਹਰ ਮਹੱਤਵਪੂਰਨ ਅਦਬੀ, ਤਹਿਰੀਕੀ ਅਤੇ ਚਲੰਤ ਮਾਮਲਿਆਂ ਬਾਰੇ ਹਰ ਵਿਸ਼ੇ ਤੇ ਲਗਪਗ ਹਰ ਰੋਜ਼ ਟੈਲੀਫੋਨ ਰਾਹੀਂਂ ਬਾਵਾਸਤਾ ਰਹਿੰਦਾ ਹੈ।

ਇਹ ਪੁਸਤਕ ਇੱਕ ਕਿਸਮ ਨਾਲ ਲਹਿੰਦੇ ਪੰਜਾਬ ਦੇ ਵਿਦਵਾਨਾਂ ਦੀ ਰੂਹ ਦੀ ਆਵਾਜ਼ ਹੈ। ਇਹ ਪੁਸਤਕ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕਾਂ ਦੀ ਸਦਭਾਵਨਾ ਦੀ ਪ੍ਰਤੀਕ ਬਣਕੇ ਸਾਹਮਣੇ ਆਈ ਹੈ। ਲਗਪਗ ਹਰ ਲੇਖਕ ਨੇ ਜੈਤੇਗ ਸਿੰਘ ਅਨੰਤ ਦੀ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸਾਹਿਤਕਾਰਾਂ ਦੀ ਸਾਂਝ ਦੀ ਬਚਨਵੱਧਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਜੈਤੇਗ ਸਿੰਘ ਅਨੰਤ ਦੀ ਉਸਾਰੂ ਸੋਚ ਦੀ ਤਾਰੀਫ਼ ਵੀ ਕੀਤੀ ਹੈ ਕਿਉਂਕਿ ਉਹ ਹਮੇਸ਼ਾ ਸਚਾਈ ਉਪਰ ਪਹਿਰਾ ਦੇਣ ਨੂੰ ਤਰਜ਼ੀਹ ਦਿੰਦੇ ਹਨ। ਉਹ ਸ਼ਪਸ਼ਟਤਾਵਾਦੀ ਹਨ। ਅਸਲ ਵਿਚ ਜੈਤੇਗ ਸਿੰਘ ਅਨੰਤ ਦਾ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਅਤੇ ਵਿਦਵਾਨਾਂ ਨਾਲ ਪਿਆਰ ਅਤੇ ਲਗਾਓ ਉਸਦੀ ਜਨਮ ਭੂਮੀ ਲਹਿੰਦੇ ਪੰਜਾਬ ਦੇ ਚਨਾਬ ਦਰਿਆ ਦੇ ਕੰਢੇ ਪਿੰਡ ‘ਮਿੱਢ ਰਾਂਝਾ’ ਦਾ ਹੋਣਾ ਵੀ ਹੈ, ਉਨ੍ਹਾ ਨਾਨਾ ਡਾ.ਜੀਵਨ ਸਿੰਘ ਰੇਖੀ ਫ਼ੌਜ ਵਿਚ ਨੌਕਰੀ ਕਰਦੇ ਸਨ, ਜੈਤੇਗ ਸਿੰਘ ਅਨੰਤ ਦੇ ਜਨਮ ਮੌਕੇ ਉਨ੍ਹਾਂ ਦੀ ਤਾਇਨਾਤੀ ਮਿੱਢ ਰਾਂਝਾ ਵਿਖੇ ਹੋਣ ਕਰਕੇ ਨਾਨੀ ਰਾਜ ਕੌਰ ਉਥੇ ਰਹਿੰਦੇ ਸਨ। ਜੈਤੇਗ ਸਿੰਘ ਅਨੰਤ ਦਾ ਜਨਮ 14 ਅਗਸਤ 1946 ਨੂੰ ਮਾਤਾ ਦਰਸ਼ਨ ਕੌਰ ਦੀ ਕੁਖੋਂ ਪਿਤਾ ਭਾਈ ਹਰਿਚਰਨ ਸਿੰਘ ਦੇ ਘਰ ਹੋਇਆ ਸੀ। ਆਪਦੇ ਮਾਤਾ ਪਿਤਾ ਕ੍ਰਿਸ਼ਨ ਨਗਰ ਲਾਹੌਰ ਵਿਖੇ ਰਹਿੰਦੇ ਸਨ। ਲਹਿੰਦੇ ਪੰਜਾਬ ਦੇ ਵਿਦਵਾਨਾ ਨੇ ਆਪੋ ਆਪਣੇ ਸਤਿਕਾਰ ਅਨੁਸਾਰ ਅਨੰਤ ਨੂੰ ਮੋਤੀ ਪੰਜ ਦਰਿਆਵਾਂ ਦਾ, ਮੁਹੱਬਤ ਦਾ ਪੁਲ, ਇੱਕ ਸੰਸਥਾ, ਚੰਦਨ ਰੁੱਖ, ਨਫਰਤਾਂ ਦੀ ਖਾੜੀ ‘ਤੇ ਬਣਿਆਂ ਮੁਹੱਬਤਾਂ ਦਾ ਪੁਲ, ਸਿਦਕੀ ਸਿੱਖ ਅਤੇ ਸਿਰੜੀ ਸਿਪਾਹੀ, ਇੱਕ ਮਿਹਰਬਾਨ ਬਾਬਾ, ਮੁਹੱਬਤ ਤੇ ਅਮਨ ਦਾ ਸਫੀਰ, ਮਾਂ ਬੋਲੀ ਦਾ ਸੱਚਾ ਸੇਵਕ, ਰੋਸ਼ਨ ਮੀਨਾਰ, ਬਹੁ-ਰੰਗਾ ਮਿਤਰ ਪਿਆਰਾ, ਮਾਂ ਬੋਲੀ ਦਾ ਖ਼ਿਦਮਤਦਾਰ, ਮਿੱਠਾ ਤੇ ਨਿੱਘਾ ਬਾਬਾ ਅਤੇ ਯਾਰਾਂ ਦਾ ਯਾਰ ਦੇ ਵਿਸ਼ੇਸ਼ਣਾਂ ਨਾਲ ਨਿਵਾਜਿਆ ਹੈ। ਇਹਸਾਨ ਬਾਜਵਾ ਨੇ ਲਿਖਿਆ ਹੈ ਕਿ ਆਪਣੇ ਅਤੇ ਆਪਣੇ ਪਰਿਵਾਰ ਲਈ ਤਾਂ ਹਰ ਕੋਈ ਉਦਮ ਕਰਦਾ ਹੈ ਪ੍ਰੰਤੂ ਜੈਤੇਗ ਸਿੰਘ ਅਨੰਤ ਲਹਿੰਦੇ ਪੰਜਾਬ ਦੇ ਵਿਦਵਾਨਾਂ ਲਈ ਦਿਲੋਂ ਜਾਨ ਮੁਹੱਬਤ ਕਰਦਾ ਹੈ।

ਉਹ ਲਗਪਗ 15 ਵਾਰੀ ਲਹਿੰਦੇ ਪੰਜਾਬ ਵਿਚ ਜਾ ਚੁੱਕਿਆ ਹੈ, ਹਰ ਵਾਰ ਉਹ ਕਿਸੇ ਨਾ ਕਿਸੇ ਢੰਗ ਰਾਹੀਂ ਉਥੋਂ ਦੇ ਸਾਹਿਤਕਾਰਾਂ ਦੇ ਸਨਮਾਨ ਦਾ ਪ੍ਰਬੰਧ ਆਪਣੇ ਖਰਚੇ ਤੇ ਕਰਦਾ ਹੈ। ਉਹ ਆਪਣੀ ਮਾਤਾ ਅਤੇ ਪਿਤਾ ਦੀ ਯਾਦ ਵਿਚ ਉਚ ਕੋਟੀ ਦੇ ਲੇਖਕਾਂ ਨੂੰ ਅਵਾਰਡ ਪਰਦਾਨ ਕਰਦਾ ਹੈ। ਇਥੋਂ ਤੱਕ ਕਿ ਉਨ੍ਹਾਂ ਦੀ ਆਰਥਕ ਮਦਦ ਵੀ ਕਰਦਾ ਹੈ। ਪੰਜਾਬੀ ਜ਼ੁਬਾਨ ਲਈ ਜਿਹੜਾ ਵੀ ਵਿਅਕਤੀ ਕੰਮ ਕਰਦਾ ਹੈ, ਜੈਤੇਗ ਸਿੰਘ ਅਨੰਤ ਉਸਦੇ ਸਨਮਾਨ ਕਰਨ ਲਈ ਕੈਨੇਡਾ ਤੋਂ ਆਉਂਦਾ ਹੈ। ਹਰ ਵਾਰ ਉਹ ਸਾਹਿਤਕ ਸਮਾਗਮਾਂ ਵਿਚ ਆਪਣੀ ਲਿਆਕਤ ਦੀ ਅਦਬੀ ਖ਼ੁਸ਼ਬੋ ਵੰਡਦਾ ਰਹਿੰਦਾ ਹੈ। ਲੇਖਕਾਂ ਨੇ ਜੈਤੇਗ ਸਿੰਘ ਅਨੰਤ ਨੂੰ ਅਦਬੀ ਖ਼ੁਸ਼ਬੂ ਦਾ ਸਮੁੰਦਰ ਤੱਕ ਲਿਖਿਆ ਹੈ। ਉਸਦੀ ਕਮਾਲ ਇਸ ਵਿਚ ਹੈ ਕਿ ਉਹ ਆਪਣੀ ਪਾਕਿਸਤਾਨ ਦੀ ਫੇਰੀ ਦੌਰਾਨ ਕਦੀਂ ਵੀ ਸਾਹਿਤਕ ਚਰਚਾ ਤੋਂ ਬਿਨਾ ਕਿਸੇ ਨੁਕਤੇ ਤੇ ਵਿਚਾਰ ਵਟਾਂਦਰਾ ਨਹੀਂ ਕਰਦਾ। ਉਨ੍ਹਾਂ ਦਾ ਸਵਾਗਤ ਹਮੇਸ਼ਾ ਢੋਲ ਢਮੱਕੇ ਅਤੇ ਭੰਗੜੇ ਨਾਲ ਕੀਤਾ ਜਾਂਦਾ ਸੀ। ਅਨੰਤ ਸਾਂਝੇ ਪੰਜਾਬ ਦੀ ਸਾਹਿਤਕ ਵਿਰਾਸਤ ਦਾ ਪ੍ਰਤੀਕ ਹੈ। ਉਹ ਲਹਿੰਦੇ ਪੰਜਾਬ ਵਿਚ ਪਿਆਰ ਅਤੇ ਮੁਹੱਬਤਾਂ ਦੇ ਗੁਲਦਸਤੇ ਵੰਡਦਾ ਰਹਿੰਦਾ ਹੈ। ਲਹਿੰਦੇ ਪੰਜਾਬ ਦੇ ਸ਼ਾਇਰ, ਵਿਦਵਾਨ ਲੇਖਕ, ਅਕਾਦਮਿਕ ਸਿਖਿੱਆ ਸ਼ਾਸ਼ਤਰੀ ਉਸਦੀ ਤਹਿਜ਼ੀਬ, ਸਲੀਕਾ, ਨਮਰਤਾ ਅਤੇ ਦਿਲੋਂ ਮੋਹ ਕਰਨ ਦੀ ਪ੍ਰਵਿਰਤੀ ਦੇ ਕਾਇਲ ਹਨ। ਉਸਦੀ ਇੱਕ ਹੋਰ ਵਿਲੱਖਣ ਖ਼ੂਬੀ ਇਹ ਹੈ ਕਿ ਉਹ ਭੁਲੇ ਵਿਸਰੇ ਅਤੇ ਅਣਗੌਲੇ ਸਾਹਿਤਕਾਰਾਂ ਦਾ ਕਦਰਦਾਨ ਹੈ, ਉਹ ਸਾਹਿਤਕ ਇਤਿਹਾਸ ਨੂੰ ਫਰੋਲਕੇ, ਉਨ੍ਹਾਂ ਨੂੰ ਲੱਭਕੇ ਸੰਸਾਰ ਦੇ ਸਾਹਮਣੇ ਲਿਆਉਂਦਾ ਹੈ। ਉਸਤਾਦ ਦਾਮਨ ਦੀ ਸਾਹਿਤਕ ਕਾਰਗੁਜ਼ਾਰੀ ਨੂੰ ਕਿਸੇ ਪਾਕਿਸਤਾਨ ਦੇ ਲੇਖਕ ਨੇ ਉਸ ਤੋਂ ਪਹਿਲਾਂ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਤ ਨਹੀਂ ਕੀਤਾ। ਜਿਸ ਕਰਕੇ ਜੈਤੇਗ ਸਿੰਘ ਅਨੰਤ ਦੇ ਉਹ ਰਿਣੀ ਹਨ।

ਲਹਿੰਦੇ ਪੰਜਾਬ ਵਿਚ ਜਦੋਂ ਉਹ ਜਾਂਦੇ ਹਨ ਤਾਂ ਉਥੇ ਦੋਹਾਂ ਪੰਜਾਬਾਂ ਦੇ ਮਹੱਤਵਪੂਰਨ ਵਿਅਕਤੀਆਂ ਦੀਆਂ ਮਜਾਰਾਂ, ਯਾਦਗਾਰਾਂ ਅਤੇ ਉਨ੍ਹਾਂ ਦੇ ਜੱਦੀ ਪਿੰਡਾਂ ਵਿਚ ਜਾ ਕੇ ਅਕੀਦਤ ਦੇ ਫੁਲ ਭੇਂਟ ਕਰਦੇ ਹਨ, ਉਨ੍ਹਾਂ ਵਿਚ ਮੁਖ ਤੌਰ ਤੇ ਬੁਲ੍ਹੇ ਸ਼ਾਹ, ਹਾਸ਼ਮ ਸ਼ਾਹ, ਮਹਾਰਾਜਾ ਰਣਜੀਤ ਸਿੰਘ, ਸਿਰਦਾਰ ਕਪੂਰ ਸਿੰਘ, ਸ਼ਹੀਦ ਭਗਤ ਸਿੰਘ, ਮਾਸਟਰ ਤਾਰਾ ਸਿੰਘ ਆਦਿ ਸ਼ਾਮਲ ਹਨ। ਉਨ੍ਹਾਂ ਦੇ ਯੋਗਦਾਨ ਕਰਕੇ ਹੁਣ ਤੱਕ ਸਮੁੱਚੇ ਸੰਸਾਰ ਵਿਚੋਂ ਉਨ੍ਹਾਂ ਨੂੰ 80 ਦੇ ਲਗਪਗ ਮਾਨ ਸਨਮਾਨ ਮਿਲ ਚੁੱਕੇ ਹਨ। ਇਕੱਲੇ ਲਹਿੰਦੇ ਪੰਜਾਬ ਵਿਚ ਹੀ ਦੋ ਦਰਜਨ ਤੋਂ ਉਪਰ ਅਦਬੀ ਸੰਸਥਾਵਾਂ ਨੇ ਜੈਤੇਗ ਸਿੰਘ ਅਨੰਤ ਦਾ ਮਾਣ ਸਨਮਾਨ ਕੀਤਾ ਹੈ। ਇਹ ਪਹਿਲਾ ਪੰਜਾਬੀ ਹੈ ਜਿਸਨੂੰ ਲਹਿੰਦੇ ਪੰਜਾਬ ਵਿਚ ਇਤਨਾ ਮਾਨ ਸਨਮਾਨ ਦਿੱਤਾ ਗਿਆ ਹੈ। ਪਾਕਿਸਤਾਨ ਵਿਚ ਦਸਵੀਂ ਦੇ ਇਮਤਿਹਾਨ ਵਿਚ ਇੱਕ ਸਿੱਖ ਲੜਕੀ ਮਨਧੀਰ ਕੌਰ ਪਹਿਲੇ ਦਰਜੇ ਤੇ ਆਈ ਤਾਂ ਅਨੰਤ ਨੇ ਉਥੇ ਆਕੇ ਉਸਨੂੰ 11 ਹਜ਼ਾਰ ਰੁਪਏ, ਸ਼ਾਲ ਅਤੇ ਫੁਲਕਾਰੀ ਨਾਲ ਸਨਮਾਨਤ ਕੀਤਾ। ਇਸ ਪੁਸਤਕ ਦੇ ਬਹੁਤੇ ਲੇਖਕ ਲਿਖਦੇ ਹਨ ਕਿ ਜੈਤੇਗ ਸਿੰਘ ਅਨੰਤ ਅਦੀਬਾਂ ਲਈ ਇੱਕ ਬੋਹੜ ਦੀ ਤਰ੍ਹਾਂ ਹਨ, ਜਿਹੜੇ ਆਪਣੇ ਪਿਆਰ ਦੀ ਸੰਘਣੀ ਛਾਂ ਦਾ ਅਦੀਬਾਂ ਨੂੰ ਆਨੰਦ ਮਾਨਣ ਦਾ ਮੌਕਾ ਦਿੰਦੇ ਹਨ। ਅਦੀਬਾਂ ਦੇ ਉਹ ਖ਼ਿਦਮਤਗਾਰ ਹਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਉਨ੍ਹਾਂ ਨੂੰ ਗੂੜ੍ਹਾ ਪਿਆਰ ਹੈ। ਉਹ ਸੱਚੇ ਸੁੱਚੇ ਇਨਸਾਨ, ਅਸੂਲਾਂ ਦੇ ਪੱਕੇ ਅਤੇ ਸਿੱਧੀ ਪੱਧਰੀ ਗਲ ਕਰਨ ਅਤੇ ਕਹਿਣ ਵਾਲੇ ਹਨ। ਪੰਜਾਬੀ ਭਾਸ਼ਾ ਦੇ ਹਰ ਮੁਦਈ ਲਈ ਉਹ ਹਮੇਸ਼ਾ ਮਿਹਰਬਾਨ ਰਹਿੰਦੇ ਹਨ। ਜੈਤੇਗ ਸਿੰਘ ਅਨੰਤ ਬਹੁਚਰਚਿਤ ਕੌਮਾਂਤਰੀ ਪ੍ਰਤਿਭਾਵਾਨ ਅਤੇ ਉਸਾਰੂ ਸੋਚ ਵਾਲੇ ਇਨਸਾਨ ਹਨ। ਉਹ ਹਮੇਸ਼ਾ ਪਾਕਿਸਤਾਨ ਦੀਆਂ ਅਦਬੀ ਮਹਿਫਲਾਂ ਦਾ ਸ਼ਿੰਗਾਰ ਹੁੰਦੇ ਹਨ। ਲਹਿੰਦੇ ਪੰਜਾਬ ਦੇ ਅਦੀਬ ਹਮੇਸ਼ਾ ਉਨ੍ਹਾਂ ਦੇ ਇੰਤਜ਼ਾਰ ਵਿਚ ਰਹਿੰਦੇ ਹਨ। ਉਹ ਸਾਹਿਤ ਦਾ ਅਨਮੋਲ ਖਜਾਨਾ ਹਨ। ਲਹਿੰਦੇ ਪੰਜਾਬ ਵਿਚ ਸਾਹਿਤਕ, ਸਭਿਆਚਾਰਕ ਅਤੇ ਅਕਾਦਮਿਕ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਆ ਕੇ ਅਦਬ ਦੇ ਅਨਮੋਲ ਖ਼ਜਾਨੇ ਦਾ ਪਾਸਾਰ ਤੇ ਪ੍ਰਚਾਰ ਕਰਦੇ ਰਹਿੰਦੇ ਹਨ। ਹਮਾਯੂੰ ਪਰਵੇਜ਼ ਸ਼ਾਹਿਦ ਨੇ ਆਪਣੀ ਕਵਿਤਾ ਵਿਚ ਜੈਤੇਗ ਸਿੰਘ ਅਨੰਤ ਦੀ ਪੰਜਾਬੀ ਭਾਸ਼ਾ ਲਈ ਪ੍ਰਤੀਬੱਧਤਾ ਦਾ ਜ਼ਿਕਰ ਕਰਦਿਆਂ ਲਿਖਿਆ ਹੈ-

ਜੈਤੇਗ ਸਿੰਘ ਧੁੱਪਾਂ ਪਾਲੇ ਜਰਦਾ, ਮਾਂ ਬੋਲੀ ਦੀ ਸੇਵਾ ਕਰਦਾ।
ਸਾਰੇ ਜੱਗ ਵਿਚ ਗੂੰਜੇ ਨਾਵਾਂ, ਬੋਹੜ ਦੇ ਵਾਂਗੂੰ ਵੰਡਦਾ ਛਾਵਾਂ।
ਸ਼ਹਿਦ ਤੋਂ ਮਿੱਠੇ ਬੋਲ ਇਹ ਬੋਲੇ, ਕੰਨਾਂ ਦੇ ਵਿਚ ਰਸ ਪਿਆ ਘੋਲੇ।
ਰਖਦਾ ਹਰਦਮ ਸੀਨਾ ਤਣਿਆਂ, ਮਾਂ ਪੰਜਾਬਣ ਇਹਨੂੰ ਜਣਿਆਂ।
ਜੱਫਾ ਮਾਰਕੇ ਸਭ ਨੂੰ ਮਿਲਦਾ, ਭੋਰਾ ਗੁਰੇਜ਼ ਨਾ ਦਿਲ ਵਿਚ ਰਖਦਾ।
ਵੰਡੇ ਪਿਆਰ ਦੀ ਖ਼ੁਸ਼ਬੂ ਸਭ ਨੂੰ, ਚੇਤੇ ਰਖਦਾ ਹਰਦਮ ਰੱਬ ਨੂੰ।
ਵਿਚ ਕੈਨੇਡਾ ਡੇਰੇ ਲਾਏ, ਮਾਂ ਦੇ ਕਦਮੀਂ ਭੱਜ ਭੱਜ ਆਏ।

ਲਹਿੰਦੇ ਪੰਜਾਬ ਦੇ ਲੇਖਕਾਂ ਦੀ ਜੈਤੇਗ ਸੰਬੰਧੀ ਸ਼ਰਧਾ ਵੇਖਣ ਵਾਲੀ ਹੈ ਕਿ ਦਿਲ ਮੁਹੰਮਦ ਆਪਣੇ ਲੇਖ ਵਿਚ ਲਿਖਦੇ ਹਨ ਕਿ ਕੁਝ ਲੋਕ ਸੋਨੇ ਦਾ ਚਮਚ ਮੂੰਹ ਵਿਚ ਲੈ ਕੇ ਜੰਮਦੇ ਹਨ ਪ੍ਰੰਤੂ ਜੈਤੇਗ ਸਿੰਘ ਅਨੰਤ ਪਿਆਰ, ਮੁਹੱਬਤ, ਇਲਮ, ਗਿਆਨ ਅਤੇ ਅਦਬ ਦੀਆਂ ਖ਼ੂਬੀਆਂ ਦਾ ਚਮਚ ਮੂੰਹ ਵਿਚ ਲੈ ਕੇ ਪੈਦਾ ਹੋਇਆ ਹੈ। ਉਸਦੀ ਕਰਾਮਾਤ ਵੇਖੋ ਕਿ ਲਹਿੰਦੇ ਪੰਜਾਬ ਦੇ ਭਾਵੇਂ ਕਿਸੇ ਨੁਕਰ ਵਿਚ ਪੰਜਾਬੀ ਦਾ ਮੁਦਈ ਬੈਠਾ ਹੈ, ਉਸਨੂੰ ਲੱਭਕੇ ਸਨਮਾਨ ਦਿੰਦੇ ਹਨ, ਸਨਮਾਨ ਵਿਚ ਆਰਥਕ ਮਦਦ ਵੀ ਹੁੰਦੀ ਹੈ। ਜਿਤਨਾ ਫੋਟਗ੍ਰਾਫੀ ਵਿਚ ਉਹ ਮਾਹਿਰ ਹਨ, ਉਸ ਨਾਲੋਂ ਕਿਤੇ ਜ਼ਿਆਦਾ ਸਾਹਿਤਕ, ਸਭਿਆਚਾਰਕ, ਇਤਿਹਾਸਕ ਸੂਝ ਦੇ ਮਾਲਕ ਹਨ। ਉਸਦੀਆਂ ਖਿਚੀਆਂ ਤਸਵੀਰਾਂ ਆਪਣੇ ਆਪ ਬੋਲਦਿਆਂ ਹਨ। ਉਹ ਮੰਜਿਆ ਹੋਇਆ ਲੇਖਕ ਅਤੇ ਕਾਲਮ ਨਵੀਸ ਹੈ। ਉਨ੍ਹਾਂ ਦੀਆਂ ਦੋ ਦਰਜਨ ਦੇ ਲਗਪਗ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਵੱਖ ਵੱਖ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਉਨ੍ਹਾਂ ਦੀਆਂ ਤਸਵੀਰਾਂ ਅਤੇ ਕਾਲਮ ਪ੍ਰਕਾਸ਼ਤ ਹੋ ਚੁੱਕੇ ਹਨ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਇੱਕ ਕਿਸਮ ਨਾਲ ਲਹਿੰਦੇ ਪੰਜਾਬ ਦੇ ਅਦਬੀ ਵਿਦਵਾਨਾਂ ਦੀ ਜੈਤੇਗ ਸਿੰਘ ਨੂੰ ਉਸ ਦੀਆਂ ਪੰਜਾਬੀ ਪ੍ਰਤੀ ਕੀਤੀਆਂ ਵਡਮੁਲੀਆਂ ਸਰਗਰਮੀਆਂ ਲਈ ਅਕੀਦਤ ਦੇ ਫੁਲ ਹਨ, ਖਾਸ ਤੌਰ ਤੇ ਲਹਿੰਦੇ ਪੰਜਾਬ ਵਿਚ ਆਲਮੀ ਕਾਨਫਰੰਸਾਂ ਵਿਚ ਹਿੱਸਾ ਲੈਂਦੇ ਹੋਏ ਉਥੋਂ ਦੇ ਵਿਦਵਾਨਾਂ ਦੀ ਅਦਬੀ ਕਾਰਗੁਜ਼ਾਰੀ ਦਾ ਮੁੱਲ ਪਾਉਣ ਦੇ ਇਵਜਾਨੇ ਦਾ ਕਰਜ਼ ਉਤਾਰਿਆ ਗਿਆ ਹੈ।

ਉਜਾਗਰ ਸਿੰਘ

(ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ)
+91-94178 13072

ujagarsingh48@yahoo.com

Install Punjabi Akhbar App

Install
×