ਏ.ਐਫ਼.ਐਲ. ਖਿਡਾਰੀ ਦੀ ਮਾਂ ਦੀ ਬੋਟ ਕ੍ਰੈਸ਼ ਹਾਦਸੇ ਵਿੱਚ ਹੋਈ ਮੌਤ

ਬੀਤੇ ਸ਼ਨਿਚਰਵਾਰ ਨੂੰ, ਪਰਥ ਦੇ ਦੱਖਣੀ ਹਿੱਸੇ ਮੰਡੂਰਾ ਐਸਟਰੀ ਵਿਖੇ ਹੋਏ ਇੱਕ ਕਿਸ਼ਤੀ ਵਾਲੇ ਹਾਦਸੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਹੁਣ 2 ਹੋ ਗਈ ਹੈ। ਪੁਲਿਸ ਨੇ 52 ਸਾਲਾਂ ਦੀ ਮਹਿਲਾ -ਕਾਇਲੀ ਬੈਜ਼ੋ, ਜੋ ਕਿ ਵੈਸਟ ਕੋਸਟ ਈਗਲਜ਼ ਦੇ ਖਿਡਾਰੀ ਰ੍ਹੈਟ ਬੈਜ਼ੋ ਦੀ ਮਾਤਾ ਹੈ, ਦੀ ਮ੍ਰਿਤਕ ਦੇਹ ਵੀ ਬਰਾਮਦ ਕਰ ਲਈ ਹੈ। ਇਸ ਭਾਲ਼ ਵਿੱਚ ਪੁਲਿਸ ਨੇ ਤਕਰੀਬਨ 20 ਘੰਟਿਆਂ ਦਾ ਸਰਚ ਅਭਿਆਨ ਚਲਾਇਆ ਸੀ ਜਿਸ ਵਿੱਚ ਕਿ ਸਮੁੰਦਰੀ ਕਿਨਾਰਿਆਂ ਦੇ ਨਾਲ ਨਾਲ ਸਮੁੰਦਰੀ ਪਾਣੀਆਂ ਵਿੱਚ ਭਾਲ਼ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਉਕਤ ਹਾਦਸਾਗ੍ਰਸਤ ਮੰਦਭਾਗੀ ਕਿਸ਼ਤੀ ਅੰਦਰ 4 ਲੋਕ ਸਵਾਰ ਸਨ ਅਤੇ ਇਨ੍ਹਾਂ ਚਾਰਾਂ ਵਿੱਚੋਂ 2 ਨੂੰ ਬਚਾਅ ਲਿਆ ਗਿਆ ਹੈ। ਬਚਣ ਵਾਲਿਆਂ ਵਿੱਚ ਸ੍ਰੀਮਤੀ ਬੈਜ਼ੋ ਦੇ ਪਤੀ -ਜੋਹਨ ਬਰਡਨ (ਜ਼ਖ਼ਮੀ ਹਨ ਅਤੇ ਹਸਪਤਾਲ ਅੰਦਰ ਜ਼ੇਰੇ ਇਲਾਜ ਹਨ) ਅਤੇ ਇੱਕ ਹੋਰ ਦੋਸਤ ਸ਼ਾਮਿਲ ਹਨ ਜੋ ਕਿ ਬਿਲਕੁਲ ਠੀਕ ਠਾਕ ਹੈ ਅਤੇ ਉਸਨੂੰ ਕੋਈ ਚੋਟ ਨਹੀਂ ਆਈ ਹੈ।