ਮੈਲਬੋਰਨ ਪੁਲਿਸ ਵੱਲੋਂ ਇੱਕ 20ਵਿਆਂ ਸਾਲਾਂ ਵਿੱਚਲੀ ਉਮਰ ਵਾਲੇ ਵਿਅਕਤੀ ਦਾ ਸਕੈਚ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਇਸ ਵਿਅਕਤੀ ਦੀ ਤਲਾਸ਼ ਹੈ ਕਿਉਂਕਿ ਇੱਕ ਮਾਂ ਵੱਲੋਂ ਇਸ ਉਪਰ ਦੋਸ਼ ਲਗਾਏ ਗਏ ਹਨ ਕਿ ਇਸ ਵਿਅਕਤੀ ਨੇ ਉਕਤ ਮਹਿਲਾ ਨਾਲ ਗਲਤ ਤਰੀਕਿਆਂ ਦੇ ਨਾਲ ਛੇੜਛਾੜ ਕੀਤੀ ਅਤੇ ਉਸਦਾ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ।
ਜ਼ਿਕਰਯੋਗ ਹੈ ਕਿ ਉਕਤ ਮਹਿਲਾ, ਆਪਣੇ ਬੱਚੇ ਨੂੰ ਪ੍ਰੈਮ ਵਿੱਚ ਮੈਲਬੋਰਨ ਦੇ ਮਿਸ਼ੈਮ ਰੋਡ (ਮਿਸ਼ੈਮ ਸ਼ਹਿਰ) ਵਿਖੇ ਇੱਕ ਪਾਰਕ ਵਿੱਚ ਘੁੰਮਾ ਰਹੀ ਸੀ ਤਾਂ ਉਕਤ ਵਿਅਕਤੀ ਉਸ ਕੋਲ ਆਇਆ ਅਤੇ ਕਿਹਾ ਕਿ ਉਹ ਉਸ ਨਾਲ ਇੱਕ ਸੈਲਫ਼ੀ ਲੈਣਾ ਚਾਹੁੰਦਾ ਹੈ। ਇਸ ਕਾਰਨ ਉਹ ਮਹਿਲਾ ਦੇ ਨਜ਼ਦੀਕ ਆ ਗਿਆ ਅਤੇ ਉਸ ਨਾਲ ਛੇੜਛਾੜ ਕਰਨ ਲੱਗਾ।
ਮਹਿਲਾ ਨੇ ਬੜੀ ਮੁਸ਼ਕਿਲ ਨਾਲ ਆਪਣੇ ਆਪ ਨੂੰ ਉਸ ਵਿਅਕਤੀ ਤੋਂ ਛੁਡਾਇਆ ਅਤੇ ਬੱਚੇ ਨੂੰ ਲੈ ਕੇ ਸਿੱਧਾ ਉਹ ਪੁਲਿਸ ਕੋਲ ਮਦਦ ਵਾਸਤੇ ਚਲੀ ਗਈ। ਇਸੇ ਦੌਰਾਨ ਉਕਤ ਵਿਅਕਤੀ ਉਥੋਂ ਫਰਾਰ ਹੋ ਗਿਆ।
ਪੁਲਿਸ ਨੇ ਉਕਤ ਵਿਅਕਤੀ ਦਾ ਸਕੈਚ ਜਾਰੀ ਕਰਦਿਆਂ ਕਿਹਾ ਹੈ ਕਿ ਉਕਤ 20ਵਿਆਂ ਸਾਲਾਂ ਦਾ 168 ਸਮ ਕੱਦ ਵਾਲਾ ਵਿਅਕਤੀ ਹੈ ਅਤੇ ਉਸਨੇ ਧਾਰੀਆਂ ਵਾਲੀ ਟੀ-ਸ਼ਰਟ ਪਾਈ ਹੋਈ ਹੈ ਅਤੇ ਟ੍ਰੈਕਸੂਟ ਵਾਲੀ ਪੈਂਟ ਪਾਈ ਹੈ। ਜੇਕਰ ਉਕਤ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।