ਸਕਾਟ ਮੋਰੀਸਨ ਨੇ ਕੀਤੀ ਪੈਂਸ ਅਤੇ ਪੋਮਪਿਓ ਨਾਲ ਫੋਨ ਕਾਲ -ਟਰੰਪ ਨਾਲ ਕੋਈ ਗੱਲ ਨਹੀਂ

(ਦ ਏਜ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅੱਜ ਤੋਂ ਆਪਣਾ ਚਾਰ ਦਿਨਾਂ ਦਾ ਕੁਈਨਜ਼ਲੈਂਡ ਦਾ ਦੌਰਾ ਸ਼ੁਰੂ ਕਰ ਰਹੇ ਹਨ ਅਤੇ ਇਸ ਦੌਰੇ ਤੋਂ ਪਹਿਲਾਂ ਉਨ੍ਹਾਂ ਨੇ ਉਚੇਚੇ ਤੌਰ ਤੇ ਅਮਰੀਕਾ ਦੀਆਂ ਦੋ ਪ੍ਰਮੁੱਖ ਹਸਤੀਆਂ ਨਾਲ ਫੋਨ ਕਾਲ ਕੀਤੀ ਪਰੰਤੂ ਚੋਣਾਂ ਹਾਰ ਚੁਕੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲ ਕੋਈ ਰੁਖ਼ ਨਹੀਂ ਕੀਤਾ। ਅੱਜ ਸਵੇਰੇ ਹੀ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੈਂਸ ਨਾਲ ਗੱਲਬਾਤ ਕੀਤੀ ਅਤੇ ਇਹ ਗੱਲਬਾਤ ਉਨ੍ਹਾਂ ਨੇ ਲਾਂਗਰੀਚ ਏਅਰਪੋਰਟ ਉਪਰ ਰਾਇਲ ਆਸਟ੍ਰੇਲੀਆਈ ਏਅਰਫੋਰਸ ਦੇ ਜੈਟ ਵਿੱਚੋਂ ਕੀਤੀ। ਜਦੋਂ ਕਿ ਬੀਤੀ ਰਾਤ ਨੂੰ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਰਾਜ ਸਕੱਤਰ ਮਾਈਕ ਪੋਮਪਿਓ ਨਾਲ ਵੀ ਫੋਨ ਕਾਲ ਕੀਤੀ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਇਹ ਦੋਹੇਂ ਰਾਜਨੀਤਿਕ ਹਸਤੀਆਂ, 2024 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ ਦੇ ਮੁੱਖ ਉਮੀਦਵਾਰ ਹੋ ਸਕਦੇ ਹਨ। ਜ਼ਿਕਰਯੋਗ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਨੇ ਬੀਤੇ ਸਾਲ ਦੇ ਨਵੰਬਰ ਦੇ ਮਹੀਨੇ ਤੋਂ ਹੀ ਟਰੰਪ ਨਾਲ ਕੋਈ ਰਾਬਤਾ ਕਾਇਮ ਨਹੀਂ ਰੱਖਿਆ, ਜਦੋਂ ਅਮਰੀਕਾ ਅੰਦਰ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਸਨ। ਆਪਣੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਸ੍ਰੀ ਪੈਂਸ ਨੂੰ ਬੀਤੇ ਚਾਰ ਸਾਲਾਂ ਦੌਰਾਨ ਆਪਸ ਵਿੱਚ ਮੇਲ ਮਿਲਾਪ ਨਾਲ ਜਿਹੜੇ ਵੀ ਉਸਾਰੂ ਕੰਮ ਕੀਤੇ ਉਨ੍ਹਾਂ ਲਈ ਦੋਹਾਂ ਨੇ ਇੱਕ ਦੂਸਰੇ ਦਾ ਧੰਨਵਾਦ ਕੀਤਾ ਅਤੇ ਖਾਸ ਕਰਕੇ ਇਹ ਧੰਨਵਾਦ ਇੰਡੋ-ਪੈਸਿਫਿਕ ਖੇਤਰ ਵਿਚ ਹੋਏ ਕੰਮਾਂ ਕਾਰਨ ਵੀ ਸੀ। ਸ੍ਰੀ ਪੋਮਪਿਓ ਨਾਲ ਗੱਲਬਾਤ ਦੌਰਾਨ ਦੋਹਾਂ ਨੇ ਹੀ ਕਿਹਾ ਕਿ ਅਮਰੀਕਾ ਅਤੇ ਆਸਟ੍ਰੇਲੀਆਈ ਰਿਸ਼ਤੇ ਅਟੁੱਟ ਹਨ ਅਤੇ ਇਹ ਦੋਹੇਂ ਦੇਸ਼ ਭਵਿੱਖ ਵਿੱਚ ਵੀ ਕੰਮ ਕਰਦੇ ਰਹਿਣਗੇ। ਦੋਹਾਂ ਨੇ ਕੁਆਡ ਸੰਧੀ ਦੀ ਮਹੱਤਤਾ ਬਾਰੇ ਵੀ ਗੱਲਬਾਤ ਕੀਤੀ ਜਿਸ ਵਿੱਚ ਕਿ ਅਮਰੀਕਾ, ਆਸਟ੍ਰੇਲੀਆ, ਜਪਾਨ, ਅਤੇ ਭਾਰਤ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਅੱਜ ਤੋਂ ਕੁਈਨਜ਼ਲੈਂਡ ਦੇ ਚਾਰ ਦਿਨਾਂ ਦੇ ਦੌਰੇ ਉਪਰ ਹਨ ਅਤੇ ਸ਼ੁਕਰਵਾਰ ਨੂੰ ਉਥੋਂ ਵਾਪਸੀ ਕਰਨਗੇ।

Install Punjabi Akhbar App

Install
×