ਆਸਟਰੇਲੀਆ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜ਼ਿਅਦਾ ਘੰਟੇ ਕੰਮ ਕਰਨ ਦੀ ਇਜਾਜ਼ਤ

ਕੋਵਿਡ ਕਾਰਨ ਉਦਯੋਗਾਂ ‘ਚ ਕਾਮਿਆਂ ਦੀ ਅਲੱਗ-ਥਲੱਗ ਅਤੇ ਘਾਟ ਜਾਰੀ

(ਬ੍ਰਿਸਬੇਨ) ਦੇਸ਼ ਦੀ ਰਾਸ਼ਟਰੀ ਕੈਬਨਿਟ ਨੇ ਓਮੀਕਰੋਨ ਕੋਵਿਡ-19 ਦੇ ਪ੍ਰਕੋਪ ਦੇ ਕਾਰਨ ਕੋਵਿਡ ਵਰਕਰਾਂ ਦੀ ਘਾਟ, ਅਲੱਗ-ਥਲੱਗ ਅਤੇ ਉਦਯੋਗਾਂ ‘ਚ ਸਪਲਾਈ ਚੇਨ ਦੇ ਦਬਾਅ ਨੂੰ ਘੱਟ ਕਰਨ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜ਼ਿਅਦਾ ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਨਵੇਂ ਨਿਰਦੇਸ਼ਾਂ ‘ਚ ਫੈਡਰਲ ਸਰਕਾਰ ਨੇ ਵੀਜ਼ਾ ਧਾਰਕਾਂ ‘ਤੇ 40 ਘੰਟੇ ਪ੍ਰਤੀ ਪੰਦਰਵਾੜੇ ਕੰਮ ਕਰਨ ਦੀ ਪਾਬੰਦੀ ਵੀ ਹਟਾ ਲਈ ਹੈ। ਸਰਕਾਰ ਦੇ ਇਸ ਅਹਿਮ ਫ਼ੈਸਲੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਸਟਰੇਲੀਆ ਵਾਪਸ ਜਾਣ ਲਈ ਉਤਸ਼ਾਹਿਤ ਕੀਤਾ ਹੈ ਅਤੇ ਬੈਕਪੈਕਰਾਂ ਨੂੰ ਵੀ ਕੰਮਕਾਜੀ ਛੁੱਟੀਆਂ ਵਾਲੇ ਵੀਜ਼ੇ ਦੇ ਤਹਿਤ ਦੇਸ਼ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਹੈ, ਇਸ ਸ਼ਰਤ ‘ਤੇ ਕਿ ਉਹ ਪੂਰੀ ਤਰ੍ਹਾਂ ਟੀਕਾਕਰਨ ਕੀਤੇ ਗਏ ਹਨ। ਕੌਂਸਲ ਆਫ ਇੰਟਰਨੈਸ਼ਨਲ ਸਟੂਡੈਂਟਸ ਆਸਟ੍ਰੇਲੀਆ (ਸੀਆਈਐਸਏ) ਦੇ ਪ੍ਰਧਾਨ ਆਸਕਰ ਜ਼ੀ ਸ਼ਾਓ ਓਂਗ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਪਰ ਉਹਨਾਂ ਨੂੰ ਚਿੰਤਾ ਹੈ ਕਿ ਇਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਹੋਰ ਦਬਾਅ ਵਧੇਗਾ। ਕਿਊਂਕਿ ਅੰਤਰਰਾਸ਼ਟਰੀ ਵਿਦਿਆਰਥੀ ਪਹਿਲਾਂ ਹੀ ਯੂਨੀਵਰਸਿਟੀਆਂ ਵਿੱਚ ਹਫ਼ਤੇ ਵਿੱਚ ਲਗਭਗ 40 ਘੰਟੇ ਬਿਤਾਉਂਦੇ ਹਨ, ਲੈਕਚਰ, ਟਿਊਟੋਰਿਅਲ ਅਤੇ ਅਸਾਈਨਮੈਂਟਾਂ ‘ਤੇ ਕੰਮ ਕਰਦੇ ਹਨ। ਫਿਊਲ ਰਿਟੇਲਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਕਾਮਿਆਂ ਦੀ ਪੂਰਤੀ ਤਹਿਤ ਉਦਯੋਗ ‘ਤੇ ਦਬਾਅ ਘਟੇਗਾ। ਉੱਧਰ ਗਰੀਨ ਪਾਰਟੀ ਤੋਂ ਉਮੀਦਵਾਰ ਰਹੇ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹਨਾਂ ਬਿਆਨਾਂ ਤੋਂ ਇਲਾਵਾ ਦੇਸ਼ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਰਹੇ ਇਹਨਾਂ ਮਿਹਨਤੀ ਕੌਮਾਂਤਰੀ ਪਾੜ੍ਹਿਆਂ ਲਈ ਦੇਸ਼ ‘ਚ ਸਥਾਈ ਨਿਵਾਸ ਦਾ ਰਾਹ ਪੱਧਰਾ ਕਰਨਾ ਵੀ ਸਮੇਂ ਦੀ ਮੰਗ ਹੈ। ਦੱਸਣਯੋਗ ਹੈ ਕਿ ਹਜ਼ਾਰਾਂ ਕਰਮਚਾਰੀਆਂ ਦੇ ਵਾਇਰਸ ਨਾਲ ਸੰਕਰਮਿਤ ਹੋਣ ਨਾਲ ਜਾਂ ਨਜ਼ਦੀਕੀ ਸੰਪਰਕ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਜ਼ਰੂਰੀ ਸੇਵਾਵਾਂ ਦੀ ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

Install Punjabi Akhbar App

Install
×