ਅੱਧੇ ਤੋਂ ਜ਼ਿਆਦਾ ਨੌਜਵਾਨ ਚਾਹੁੰਦੇ ਹਨ ਕਿ ਆਸਟ੍ਰੇਲੀਆ ਡੇਅ ਦਾ ਦਿਹਾੜਾ 26 ਜਨਵਰੀ ਤੋਂ ਬਦਲ ਕੇ ਹੋਰ ਕਿਸੇ ਦਿਨ ਕੀਤਾ ਜਾਵੇ -ਇੱਕ ਸਰਵੇਖਣ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਜੈਨਰੇਸ਼ਨ ਜ਼ੈਡ ਨਾਲ ਸਬੰਧਤ ਫਰੈਂਚ ਸ਼ੋਸ਼ਲ ਮੀਡੀਆ -ਯੂਬੋ, ਉਪਰ ਕੀਤੇ ਗਏ ਇੱਕ ਸਰਵੇਖਣ -ਜਿਸ ਵਿੱਚ ਕਿ 5,000 ਮੈਂਬਰਾਂ ਨੇ ਭਾਗ ਲਿਆ ਅਤੇ ਆਸਟ੍ਰੇਲੀਆ ਡੇਅ ਬਾਰੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ 53.6% ਨੌਜਵਾਨ ਚਾਹੁੰਦੇ ਹਨ ਕਿ ਆਸਟ੍ਰੇਲੀਆ ਡੇਅ ਨੂੰ 26 ਜਨਵਰੀ ਨੂੰ ਹੀ ਮਨਾਉਣ ਦੀ ਥਾਂ ਤੇ ਇਸ ਨੂੰ ਬਦਲ ਕੇ ਕਿਸੇ ਹੋਰ ਦਿਨ ਕਰ ਲਿਆ ਜਾਵੇ। ਸਰਵੇਖਣ ਦੌਰਾਨ 34.7% ਨੌਜਵਾਨ ਅਜਿਹੇ ਵੀ ਹਨ ਜੋ ਕਿ ਇਸ ਨੂੰ ਬਦਲਣਾ ਨਹੀਂ ਚਾਹੁੰਦੇ ਅਤੇ ਬਾਕੀ ਦੇ 11.7% ਡਾਂਵਾਡੋਲ ਹੀ ਹਨ। 26 ਜਨਵਰੀ ਦਾ ਦਿਹਾੜਾ (ਆਸਟ੍ਰੇਲੀਆ ਡੇਅ) ਇਸ ਲਈ ਮਨਾਇਆ ਜਾਂਦਾ ਹੈ ਕਿ ਇਸ ਦਿਨ ਬ੍ਰਿਟਿਸ਼ ਤੋਂ ਆਈਆਂ ਸੈਨਾਵਾਂ ਨੇ ਆਸਟ੍ਰੇਲੀਆ ਮਹਾਂਦੀਪ ਉਪਰ ਆਪਣਾ ਝੰਡਾ ਝੁਲਾਇਆ ਸੀ ਅਤੇ ਸਾਲ 1788 ਦੇ ਇਸ ਦਿਹਾੜੇ ਉਪਰ ਇਸ ਧਰਤੀ ਉਪਰ ਆਪਣਾ ਕਬਜ਼ਾ ਕਰ ਲਿਆ ਸੀ। ਇਸ ਨੂੰ ਇਦਾਂ ਵੀ ਦਰਸਾਇਆ ਜਾ ਸਕਦਾ ਹੈ ਕਿ 60,000 ਸਾਲਾਂ ਤੋਂ ਵੀ ਵੱਧ ਤੋਂ ਇਸ ਮਹਾਂਦੀਪ ਉਪਰ ਆਜ਼ਾਦੀ ਮਾਣ ਰਹੀ ਇੰਡੀਜੀਨਸ ਸਭਿਅਤਾ ਉਪਰ ਯੋਰਪੀਨਾਂ ਨੇ ਧਾਵਾ ਬੋਲ ਕੇ, ਉਨ੍ਹਾਂ ਉਪਰ ਜ਼ੁਲਮ ਕਰਕੇ, ਉਨ੍ਹਾਂ ਨੂੰ ਗੁਲਾਮੀ ਦੀ ਜ਼ਿੰਦਗੀ ਜੀਉਣ ਲਈ ਮਜਬੂਰ ਕਰ ਦਿੱਤਾ ਸੀ ਅਤੇ ਬਹੁਤ ਕਤਲਿਆਮ ਕੀਤਾ ਗਿਆ ਸੀ। ਇਸ ਦਿਹਾੜੇ ਨੂੰ ਸਰਕਾਰੀ ਤੌਰ ਤੇ ਮਨਾਉਣ ਦਾ ਲਗਾਤਾਰ ਵਿਰੋਧ ਵੀ ਕੀਤਾ ਜਾਂਦਾ ਰਿਹਾ ਹੈ। ਅਤੇ ਸਰਵੇਖਣ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ 23.6% ਲੋਕ ਕਹਿੰਦੇ ਹਨ ਆਉਣ ਵਾਲੇ ਮੰਗਲਵਾਰ ਨੂੰ ਉਹ ਆਪਣੇ ਪਰਵਾਰ ਨਾਲ ਸਮਾਂ ਬਿਤਾਉਣਗੇ; 18.5% ਕਹਿੰਦੇ ਹਨ ਕਿ ਉਹ ਦੋਸਤਾਂ ਮਿੱਤਰਾਂ ਨਾਲ ਇਸ ਦਿਹਾੜੇ ਨੂੰ ਮਨਾਉਣਗੇ ਪਰੰਤੂ ਹਰ ਪੰਜਾਂ ਵਿੱਚੋਂ ਇੱਕ ਇਹੀ ਮੰਨਦਾ ਹੈ ਕਿ ਉਹ ‘ਇਨਵੇਜ਼ਨ ਦਿਹਾੜਾ’ ਰੈਲੀਆਂ ਵਿੱਚ ਆਪਣੀ ਹਾਜ਼ਰੀ ਲਗਵਾਏਗਾ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦਾ ਕਹਿਣਾ ਹੈ ਕਿ ਬੀਤੇ ਨੂੰ ਭੁਲਾ ਕੇ ਅੱਜ ਵਿੱਚ ਜੀਉਣਾ ਹੀ ਅੱਜ ਦਾ ਸਹੀ ਮਨੋਰਥ ਮੰਨਿਆ ਜਾਣਾ ਚਾਹੀਦਾ ਹੈ ਪਰੰਤੂ ਉਨ੍ਹਾਂ ਦੇ ਵਿਰੋਧ ਵਿੱਚ ਇੰਡੀਜੀਨਸ ਲੋਕਾਂ ਦੇ ਨੁਮਾਂਇੰਦਿਆਂ ਦਾ ਮੰਨਣਾ ਹੈ ਕਿ 1788 ਵਿੱਚ ਜਿਹੜੀ ਕਤਲੋ-ਗਾਰਤ ਕੀਤੀ ਗਈ ਸੀ ਉਹ ਇਸ ਧਰਤੀ ਦੇ ਅਸਲ ਮਾਲਕਾਂ ਦਾ ਖ਼ੂਨ ਸੀ ਅਤੇ ਇਸਨੂੰ ਭੁਲਾ ਕੇ ਇਸੇ ਦਿਨ ਜਸ਼ਨ ਮਨਾਉਣਾ ਥੋੜ੍ਹੀ ਨਹੀਂ ਸਗੋਂ ਬਹੁਤ ਜ਼ਿਆਦਾ ਵੱਡੀ ਗਲਤ ਗੱਲ ਅਤੇ ਭੁੱਲ ਹੈ ਜੋ ਕਿ ਕਦੀ ਵੀ ਲੋਕ-ਹਿਤ ਵਿੱਚ ਨਹੀਂ ਹੋ ਸਕਦੀ।

Install Punjabi Akhbar App

Install
×