
ਰਾਜ ਦੇ ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਨੇ ਸਾਂਝੀ ਕੀਤੀ ਜਾਣਕਾਰੀ ਵਿੱਚ ਦੱਸਿਆ ਹੈ ਕਿ ਖੇਤੀ ਮਜ਼ਦੂਰਾਂ ਵਿੱਚ ਚੱਲ ਰਹੀ ਥੋੜ੍ਹ ਨੂੰ ਪੂਰਨ ਲਈ ਨਿਊ ਸਾਊਥ ਵੇਲਜ਼ ਸਰਕਾਰ ਨੇ 815 ਵਿਦੇਸ਼ੀ ਸੀਜ਼ਨਲ ਕਾਮਿਆਂ ਦੇ ਰਾਜ ਵਿੱਚ ਆਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਕਤ ਮਜ਼ਦੂਰਾਂ ਨੂੰ ਪਾਵੂਆ ਨਿਊ ਗੁਇਨਾ, ਸੋਲੋਮਨ ਆਈਲੈਂਡ, ਫਿਜ਼ੀ, ਟੌਂਗਾ ਅਤੇ ਵੈਟੂਆਟਾ ਆਦਿ ਸਥਾਨਾਂ ਤੋਂ ਲਿਆਉ਼ਂਦਾ ਜਾਵੇਗਾ ਅਤੇ ਇਹ ਲੋਕ ਰਾਜ ਦੇ ਹੋਰਟੀਕਲਚਰ ਅਤੇ ਮੀਟ ਆਦਿ ਵਾਲੇ ਉਦਯੋਗਾਂ ਵਿੱਚ ਕੰਮ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਕਿਸਾਨਾਂ ਅਤੇ ਉਪਰੋਕਤ ਉਦਯੋਗ ਵਿੱਚ ਲੱਗੇ ਕਾਮਿਆਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਹੋਵੇਗਾ ਪਰੰਤੂ ਜ਼ਰੂਰੀ ਇਹ ਵੀ ਹੈ ਕਿ ਉਕਤ ਆਉਣ ਵਾਲੇ ਬਾਹਰੀ ਮਜ਼ਦੂਰਾਂ ਨੂੰ ਇੱਥੇ ਆਉਣ ਤੇ 14 ਦਿਨਾਂ ਦੇ ਲਾਜ਼ਮੀ ਕੁਆਰਨਟੀਨ ਵਿੱਚ ਵੀ ਰੱਖਿਆ ਜਾਵੇਗਾ ਅਤੇ ਇਹ ਜਨਤਕ ਸਿਹਤ ਅਤੇ ਉਨ੍ਹਾਂ ਦੀ ਆਪਣੀ ਸਿਹਤਯਾਬੀ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਕਤ 815 ਵਰਕਰ, ਬੀਤੇ ਸਾਲ ਦੇ ਮਨਜ਼ੂਰ ਕੀਤੇ ਗਏ 315 ਕਾਮਿਆਂ ਤੋਂ ਅਲੱਗ ਅਤੇ ਵਾਧੂ ਹਨ ਅਤੇ ਇਸ ਤੋਂ ਸਾਫ ਜ਼ਾਹਿਰ ਹੈ ਕਿ ਰਾਜ ਸਰਕਾਰ ਦੇ ਫੈਸਲਿਆਂ ਅੰਦਰ ਅਜਿਹੀਆਂ ਨੀਤੀਆਂ ਨੂੰ ਪਹਿਲ ਦੇ ਆਧਾਰ ਤੇ ਪ੍ਰਮਾਣਿਕਤਾ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਇਨ੍ਹਾਂ ਨੂੰ ਫੌਰਨ ਲਾਗੂ ਵੀ ਕਰ ਦਿੱਤਾ ਜਾਂਦਾ ਹੈ। ਇਸ ਬਾਰੇ ਉਨ੍ਹਾਂ ਇਹ ਵੀ ਕਿਹਾ ਕਿ ਹਾਲਾਂ ਕਿ ਸਾਨੂੰ ਪਤਾ ਹੈ ਕਿ ਇਹ ਗਿਣਤੀ ਨਾਕਾਫੀ ਹੈ ਪਰੰਤੂ ਹਾਲ ਦੀ ਘੜੀ ਜਿਹੜੀ ਕਰੋਨਾ ਕਾਰਨ ਹਰ ਸਮੇਂ ਦਾ ਡਰ ਬਣਿਆ ਰਹਿੰਦਾ ਹੈ ਉਸ ਵੇਲੇ ਇਹ ਗਿਣਤੀ ਵਾਜਿਬ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਇਹ ਵੀ ਯਕੀਨੀ ਹੈ ਕਿ ਇਸ ਗਿਣਤੀ ਨੂੰ ਵਧਾਇਆ ਹੀ ਜਾਵੇਗਾ।