ਰਾਜ ਦੇ ਖੇਡ ਮੰਤਰੀ ਜਿਓਫ ਲੀ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਵੱਖ ਵੱਖ ਸਮਿਆਂ ਅਤੇ ਖੇਤਰਾਂ ਵਿੱਚ 700 ਤੋਂ ਵੀ ਜ਼ਿਆਦਾ ਕਮਿਊਨਿਟੀਆਂ ਦੀਆਂ ਖੇਡਾਂ ਆਦਿ ਦਾ ਆਯੋਜਨ ਕਰਨ ਲਈ ਵੱਖ ਵੱਖ ਅਦਾਰਿਆਂ ਨੂੰ 4 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦਾ ਫੰਡ ਮੁਹੱਈਆ ਕਰਵਾਇਆ ਗਿਆ ਹੈ। ਇਨ੍ਹਾਂ ਫੰਡਾਂ ਨਾਲ ਅਦਾਰਿਆਂ ਨੂੰ ਬਿਨ੍ਹਾਂ ਜਾਤ ਪਾਤ ਦੇ ਵਿਤਕਰੇ ਤੋਂ ਅਜਿਹੇ ਖੇਡਾਂ ਦੇ ਪ੍ਰੋਗਰਾਮ ਕਰਵਾਉਣ, ਸਾਜੋ ਸਾਮਾਨ ਖਰੀਦਣ ਅਤੇ ਜਾਂ ਫੇਰ ਬੁਨਿਆਦੀ ਢਾਂਚੇ ਦੀ ਮੁਰੰਮਤ ਆਦਿ ਜਾਂ ਰੱਖ ਰਖਾਉ ਲਈ 831 ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ 728 ਅਜਿਹੇ ਅਦਾਰਿਆਂ ਨੂੰ ਜੋ ਕਿ ਅਜਿਹੀਆਂ 58 ਅਲੱਗ ਅਲੱਗ ਖੇਡਾਂ ਆਦਿ ਦਾ ਆਯੋਜਨ ਕਰਦੇ ਹਨ, ਲਈ ਇਹ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਬੀਤੇ ਇੱਕ ਸਾਲ ਤੋਂ ਵੀ ਵੱਧ ਦੇ ਸਮੇਂ ਅੰਦਰ ਲੋਕਾਂ ਨੇ ਕੁਦਰਤੀ ਆਫ਼ਤਾਵਾਂ ਦੀ ਮਾਰ ਝੇਲੀ ਹੈ ਜਿਨ੍ਹਾਂ ਵਿੱਚ ਕਿ ਸੋਕਾ, ਹੜ੍ਹ, ਕਰੋਨਾ ਅਤੇ ਹੁਣ ਫੇਰ ਹੜ੍ਹ ਆਦਿ ਸ਼ਾਮਿਲ ਹਨ ਅਤੇ ਅਜਿਹੇ ਨੁਕਸਾਨ ਦਾਇਕ ਸਮਿਆਂ ਤੋਂ ਬਾਅਦ ਹੁਣ ਮੁੜ ਤੋਂ ਮੌਕਾ ਹੈ ਕਿ ਆਪਣੇ ਆਪ ਨੂੰ ਮੁੜ ਤੋਂ ਖੜ੍ਹਾ ਕੀਤਾ ਜਾਵੇ ਅਤੇ ਆਪਣੀ ਅਰਥ ਵਿਵਸਥਾ ਦੇ ਨਾਲ ਨਾਲ ਰਾਜ ਦੀ ਅਰਥ ਵਿਵਸਥਾ ਨੂੰ ਵੀ ਪਟੜੀ ਉਪਰ ਲਿਆਉਣ ਲਈ ਕਾਰਜ ਕੀਤੇ ਜਾਣ।
ਅਜਿਹੀਆਂ ਖੇਡਾਂ ਪ੍ਰਤੀ ਬੋਲਦਿਆਂ ਉਨ੍ਹਾਂ ਕਿਹਾ ਕਿ ਸਥਾਨਕ ਖੇਡਾਂ ਕਾਰਨ ਲੋਕਾਂ ਅੰਦਰ ਆਨੰਦ ਦਾ ਮਾਹੌਲ ਬਣਦਾ ਹੈ ਅਤੇ ਇਸ ਨਾਲ ਭਾਈਚਾਰਕ ਸਾਂਝਾਂ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਵਿਲੱਖਣ ਖਿਡਾਰੀਆਂ ਨੂੰ ਵੀ ਆਪਣੀ ਕਲ਼ਾ ਦਾ ਪ੍ਰਦਰਸ਼ਨ ਕਰਨ ਅਤੇ ਸਮਾਜ ਵਿੱਚ ਆਪਣਾ ਵੱਖਰਾ ਅਤੇ ਉਘਾ ਸਥਾਨ ਬਣਾਉਣ ਦਾ ਮੌਕਾ ਮਿਲਦਾ ਹੈ। ਇਸ ਵਿੱਚ ਮਰਦਾਂ ਅਤੇ ਮਹਿਲਾਵਾਂ ਦੋਹਾਂ ਦੀਆਂ ਹੀ ਖੇਡਾਂ ਸ਼ਾਮਿਲ ਹੁੰਦੀਆਂ ਹਨ। ਅਜਿਹੇ ਟੁਰਨਾਮੈਂਟਾਂ ਵਿੱਚ ਰੈਂਡਵਿਕ ਫੁਟਬਾਲ ਕਲੱਬ, ਵਿਰਾਜਰੀ ਵੂਮੇਨ ਰਗਬੀ ਲੀਗ ਟੀਮਾਂ, ਰਾਕਡੇਲ ਸਿਟੀ ਰੇਡਰਜ਼ ਫੁੱਟਬਾਲ ਕਲੱਬ ਆਦਿ ਵਰਗੇ ਵੱਡੇ ਵੱਡੇ ਅਦਾਰਿਆਂ ਨੂੰ ਮਦਦ ਕੀਤੀ ਜਾਂਦੀ ਹੈ ਅਤੇ ਸਭ ਨੂੰ ਖੇਡਾਂ ਵਿੱਚ ਭਾਗ ਲੈਣ ਦਾ ਮੌਕਾ ਮਿਲਦਾ ਹੈ।
ਆਯੋਜਕਾਂ ਨੂੰ ਇਸ ਵਾਸਤੇ 20,000 ਡਾਲਰ ਤੱਕ ਦੀ ਮਦਦ ਦਿੱਤੀ ਜਾਂਦੀ ਹੈ। ਜ਼ਿਆਦਾ ਜਾਣਕਾਰੀ ਵਾਸਤੇ https://sport.nsw.gov.au/clubs/grants/localsport ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।