ਨਿਊ ਸਾਊਥ ਵੇਲਜ਼ ਵਿੱਚ 3200 ਤੋਂ ਜ਼ਿਆਦਾ ਲੋਕਾਂ ਨੂੰ ਦਿੱਤੀ ਗਈ ਕਰੋਨਾ ਦੀ ਪਹਿਲੀ ਖੁਰਾਕ

(ਦ ਏਜ ਮੁਤਾਬਿਕ) ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਰਾਜ ਅੰਦਰ ਕੋਵਿਡ-19 ਦੇ ਟੀਕਾਕਰਣ ਦੇ ਪਹਿਲੇ ਦੋ ਦਿਨਾਂ ਵਿੱਚ 3200 ਤੋਂ ਵੀ ਜ਼ਿਆਦਾ ਲੋਕਾਂ ਨੂੰ ਕਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਦਾ ਟੀਕਾ ਲਗਾਇਆ ਜਾ ਚੁਕਿਆ ਹੈ। ਉਨ੍ਹਾਂ ਕਿਹਾ ਕਿ ਮਹਿਜ਼ 48 ਘੰਟਿਆਂ ਵਿੱਚ ਇਹ ਬਹੁਤ ਹੀ ਵਧੀਆ ਆਂਕੜਾ ਹੈ ਅਤੇ ਉਹ ਵੀ ਸਿਰਫ 3 ਹੀ ਸੈਂਟਰਾਂ ਉਪਰ ਜਿੱਥੇ ਕਿ ਇਹ ਟੀਕਾਕਰਣ ਦਾ ਪਹਿਲਾ ਦੌਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਅੰਦਰ ਇਸ ਟੀਕਾਕਰਣ ਲਈ ਭਾਰੀ ਉਤਸਾਹ ਦਿਖਾਈ ਦੇ ਰਿਹਾ ਹੈ ਅਤੇ ਅਜਿਹਾ ਹੀ ਉਤਸਾਹ ਇਸ ਟੀਕਾਕਰਣ ਵਿੱਚ ਸੇਵਾ ਨਿਭਾ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਅੰਦਰ ਵੀ ਦਿਖਾਈ ਦੇ ਰਿਹਾ ਹੈ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਸਾਡੇ ਕੋਲ ਫਾਈਜ਼ਰ ਵੈਕਸੀਨ ਹੀ ਪ੍ਰਾਪਤ ਹੈ ਅਤੇ ਜਦੋਂ ਐਸਟ੍ਰੇਜ਼ੈਨੇਕਾ ਉਪਲੱਭਧ ਹੋਵੇਗੀ ਤਾਂ ਇਹ ਵੀ ਜਨਤਕ ਤੌਰ ਤੇ ਟੀਕਾਕਰਣ ਅਭਿਯਾਨ ਵਿੱਚ ਸ਼ਾਮਿਲ ਤੁਰੰਤ ਹੀ ਕਰ ਲਈ ਜਾਵੇਗੀ।
ਅਗਲੇ ਮਹੀਨੇ ਹੋ ਰਹੇ ਮਰਡੀ ਗ੍ਰਾਸ ਫੈਸਟੀਵਲ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਿਡਨੀ ਕ੍ਰਿਕਟ ਗ੍ਰਾਊਂਡ ਅੰਦਰ ਇਹ ਫੈਸਟੀਵਲ ਮਾਰਚ 6, 2021 ਦਿਨ ਸ਼ਨਿਚਰਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ 23,000 ਲੋਕਾਂ ਲਈ ਬੈਠ ਕੇ ਪਰੇਡ ਨੂੰ ਦੇਖਣ ਦਾ ਇੰਤਜ਼ਾਮ ਕੀਤਾ ਗਿਆ ਹੈ ਅਤੇ ਇਸ ਫੈਸਟੀਵਲ ਵਿੱਚ 5,000 ਪਰੇਡ ਦਾ ਹਿੱਸਾ ਬਣ ਸਕਣਗੇ।
ਕਲੱਬਾਂ ਅਤੇ ਪੱਬਾਂ ਅੰਦਰ ਨੱਚਣ ਗਾਉਣ ਤੇ ਹਾਲ ਦੀ ਘੜੀ ਪਾਬੰਧੀ ਜਾਰੀ ਹੈ ਅਤੇ ਅਜਿਹੀਆਂ ਥਾਵਾਂ ਉਪਰ ਸਿਰਫ ਬੈਠ ਕੇ ਹੀ ਖਾਇਆ ਪੀਆ ਜਾ ਸਕਦਾ ਹੈ ਅਤੇ ਇਸ ਨਾਲ ਗਿਣਤੀ ਦੀ ਸੀਮਾ ਵਾਜਿਬ ਰੱਖੀ ਜਾ ਸਕਦੀ ਹੈ।
ਸ਼ਾਦੀਆਂ ਆਦਿ ਵਿੱਚ 30 ਲੋਕਾਂ ਦੇ ਇਕੱਠ ਨੂੰ ਨੱਚਣ ਗਾਉਣ ਦੀ ਹੀ ਆਗਿਆ ਹੈ ਅਤੇ ਇਹ ਵੀ ਇਕੱਠੇ ਨਹੀਂ ਸਗੋਂ ਵਾਰੀਆਂ ਅਨੁਸਾਰ ਅਤੇ ਇਕੱਠੇ ਖੜ੍ਹੇ ਨਾ ਹੋ ਕੇ ਅਤੇ ਚਲਦੇ ਰਹਿਣ ਦੀ ਸੂਰਤ ਵਿੱਚ ਵੀ ਜਾਰੀ ਰੱਖਿਆ ਗਿਆ ਹੈ।

Install Punjabi Akhbar App

Install
×