ਸਿਡਨੀ ਅੰਦਰ ਇੰਸਪੈਕਸ਼ਨ ਦੌਰਾਨ ਲਿਵਰਪੂਲ ਦੇ 30 ਤੋਂ ਵੀ ਜ਼ਿਆਦਾ ਸਥਾਨਾਂ ਨੂੰ ਹੋਇਆ ਜੁਰਮਾਨਾ

(ਦ ਏਜ ਮੁਤਾਬਿਕ) ਮੁੱਖ ਸਿਹਤ ਅਧਿਕਾਰੀ, ਡਾ. ਕੈਰੀ ਚੈਂਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸੇ ਹਫ਼ਤੇ ਲਿਵਰਪੂਲ ਦੇ ਜੈਸਮਿੰਨਜ਼ ਲੈਬਨਿਜ਼ ਰੈਸਟੋਰੈਂਟ ਵਿੱਖੇ ਕੋਵਿਡ-19 ਕਲਸਟਰ ਪਾਏ ਜਾਣ ਤੋਂ ਬਾਅਦ, ਨਿਊ ਸਾਊਥ ਵੇਲਜ਼ ਵਿੱਚ ਲਿਵਰਪੂਲ ਨਜ਼ਦੀਕ ਅਧਿਕਾਰੀਆਂ ਵੱਲੋਂ ਘੱਟੋ ਘੱਟ 85 ਜਨਤਕ ਥਾਵਾਂ (ਰੈਸਟੋਰੈਂਟਾਂ, ਫੂਡ ਪੁਆਇੰਟ, ਕੈਫੇ, ਬਾਰਾਂ, ਗੇਮਿੰਗ ਪੁਆਇੰਟ ਆਦਿ) ਉਪਰ ਇੰਸਪੈਕਸ਼ਨ ਕੀਤੀ ਗਈ ਅਤੇ ਕੋਵਿਡ-19 ਤੋਂ ਸੁਰੱਖਿਆ ਸਬੰਧੀ ਸਾਧਨਾਂ ਅਤੇ ਨਿਯਮਾਂ ਦੀ ਸਮੀਖਿਆ ਕੀਤੀ ਗਈ। ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ 39 ਅਜਿਹੇ ਅਦਾਰੇ ਜਾਂ ਸਥਾਨ ਅਜਿਹੇ ਸਨ ਜਿੱਥੇ ਕਿ ਕੋਵਿਡ-19 ਤੋਂ ਬਚਾਉ ਪ੍ਰਤੀ ਸਾਧਨਾਂ ਵਿੱਚ ਕਮੀਆਂ ਪਾਈਆਂ ਗਈਆਂ ਅਤੇ 20 ਸਥਾਨਾਂ ਵਿੱਚ ਤਾਂ ਆਵਾਗਮਨ ਕਰਨ ਵਾਲਿਆਂ ਦੇ ਨਾਮ ਪਤਿਆਂ ਦੇ ਰਿਕਾਰਡ ਰੱਖਣ ਵਿੱਚ ਵੀ ਖਾਮੀਆਂ ਪਾਈਆਂ ਗਈਆਂ। 7 ਅਜਿਹੇ ਅਦਾਰਿਆਂ ਅੰਦਰ ਸਮਾਜਿਕ ਦੂਰੀ ਦਾ ਨਿਯਮ ਨਹੀਂ ਸੀ ਅਪਣਾਇਆ ਜਾ ਰਿਹਾ, ਦੋ ਵਿੱਚ ਸਾਫ ਸਫਾਈ ਦੀ ਕਮੀ ਸੀ, 13 ਕੋਲ ਕੋਵਿਡ ਸੇਫਟੀ ਮਾਰਸ਼ਲ ਹੀ ਨਹੀਂ ਸਨ, ਅਤੇ 13 ਅਜਿਹੇ ਅਦਾਰੇ ਕੋਵਿਡ-19 ਸੇਫ ਲਈ ਨਮਾਂਕਿਤ ਹੀ ਨਹੀਂ ਸਲ। ਦ ਕੁਲਚਾ ਹਾਊਸ ਅਤੇ ਅਲ ਬਾਰਾਕੇਹ ਚਾਰਕੋਲ ਚਿਕਨ ਆਦਿ ਵਰਗੇ ਸੈਂਟਰਾਂ ਨੂੰ 5,000 ਡਾਲਰਾਂ ਤੱਕ ਦੇ ਜੁਰਮਾਨੇ ਕੀਤੇ ਗਏ ਹਨ। ਇਸ ਤੋਂ ਇਲਾਵਾ ਆਰਕਨ ਕਬਾਬ ਹਾਊਸ, ਚੇਨਈ ਚਿਕਨ, ਫੂਡ ਟਰਇਅਰ ਕੈਫੇ, ਬਨ ਮੇ ਬੈਗਟ, ਬਲੇਜ਼ਿਨਜ਼ ਗਰਿਲਜ਼ ਅਤੇ ਲੈਟਸ ਹਾਟ ਫੂਡ ਆਦਿ ਵਰਗੇ ਸਥਾਨਾਂ ਨੂੰ ਘੱਟੋ ਘੱਟ 1000 ਰੁਪਏ ਦਾ ਜੁਰਮਾਨਾ ਲਗਾਇਆ ਜਾ ਰਿਹਾ ਹੈ। ਗ੍ਰਾਹਕ ਸੇਵਾਵਾਂ ਦੇ ਮੰਤਰੀ ਵਿਕਟਰ ਡੋਮਿਨੈਲੋ ਨੇ ਵੀ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਮੌਜੂਦਾ ਬਿਮਾਰੀ ਬਾਰੇ ਸਮਝਣਾ ਅਤੇ ਇਸ ਤੋਂ ਬਚਾਉ ਲਈ ਬਣਾਏ ਗਏ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਸਭ ਦਾ ਫ਼ਰਜ਼ ਹੈ ਅਤੇ ਇਸ ਦੀ ਅਵਮਾਨਨਾ ਭਾਰੀ ਮੁਸੀਬਤ ਨੂੰ ਖੁਲਿਆਮ ਬੁਲਾਵਾ ਦੇਣਾ ਹੈ ਜਿਸ ਦਾ ਮੁਆਵਜ਼ਾ ਵਿਅਕਤੀਗਤ ਤੌਰ ਤੇ, ਸਮਾਜਿਕ ਤੌਰ ਤੇ, ਰਾਜ ਪੱਧਰ ਜਾਂ ਫੇਰ ਸਮੁੱਚੇ ਦੇਸ਼ ਅਤੇ ਦੁਨੀਆਂ ਨੂੰ ਵੀ ਭੁਗਤਣਾ ਪੈ ਸਕਦਾ ਹੈ ਅਤੇ ਭੁਗਤਣਾ ਪੈ ਵੀ ਰਿਹਾ ਹੈ।

Install Punjabi Akhbar App

Install
×