ਨਿਊ ਸਾਊਥ ਵੇਲਜ਼ ਅੰਦਰ ਕੋਵਿਡ-19 ਕਾਰਨ ਪ੍ਰਭਾਵਿਤ ਹੋਏ ਐਬੋਰਿਜਨਲ ਲੋਕਾਂ ਦੀ ਮਦਦ ਲਈ ਸਰਕਾਰ ਨੇ 1.3 ਮਿਲੀਅਨ ਡਾਲਰਾਂ ਨਾਲ 50,000 ਡਾਲਰਾਂ ਦੀਆਂ ਗ੍ਰਾਂਟਾਂ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਕਤ ਗ੍ਰਾਂਟਾਂ ਐਬੋਰਿਜਨਲ ਕਮਿਊਨਿਟੀ ਕੰਟਰੋਲਡ ਆਰਗੇਨਾਈਜ਼ੈਸ਼ਨਾਂ (ACCOs) ਕੋਲ ਉਪਲੱਭਧ ਕਰਵਾਈਆਂ ਜਾ ਰਹੀਆਂ ਹਨ ਅਤੇ ਇਸ ਵਾਸਤੇ ਸਥਾਨਕ ਅਤੇ ਕੋਵਿਡ-19 ਤੋਂ ਪ੍ਰਭਾਵਿਤ ਐਬੋਰਿਜਨਲ ਲੋਕਾਂ ਕੋਲੋਂ ਆਪਣੇ ਵੇਰਵੇ ਸਮੇਤ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਡੋਨ ਹਾਰਵਿਨ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਰਕਾਰ ਨੇ ਅਜਿਹੇ ਕਈ ਕਦਮ ਚੁੱਕੇ ਹਨ ਜਿਸ ਨਾਲ ਕਿ ਲੋਕਾਂ ਨੂੰ ਜੇਕਰ ਕਰੋਨਾ ਕਾਰਨ ਕੋਈ ਮਾਲੀ ਨੁਕਸਾਨ ਹੋਇਆ ਹੈ ਤਾਂ ਕਿਸੇ ਨਾ ਕਿਸੇ ਪਾਸਿਉਂ ਉਨ੍ਹਾਂ ਦੇ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ ਅਤੇ ਇਸੇ ਕਾਰਨ ਤਹਿਤ ਹੁਣ ਸਰਕਾਰ ਨੇ ਆਪਣਾ ਇਹ ਕਦਮ ਵੀ ਚੁੱਕਿਆ ਹੈ ਜਿਸ ਨਾਲ ਕਿ ਅਜਿਹੇ ਲੋਕਾਂ ਨੂੰ ਸਿੱਧੇ ਤੌਰ ਉਪਰ ਫਾਇਦਾ ਪ੍ਰਾਪਤ ਹੋਵੇਗਾ ਕਿਉਂਕਿ ਸਾਨੂੰ ਪਤਾ ਹੈ ਕਿ ਐਬੋਰਿਜਨਲ ਲੋਕਾਂ ਨੂੰ ਕੋਵਿਡ-19 ਦੀ ਬਿਮਾਰੀ ਨਾਲ ਲੱਗੇ ਲਾਕਡਾਊਨਾਂ ਵਿੱਚ ਕਈ ਤਰ੍ਹਾਂ ਦੀਆਂ ਮੁਸੀਬਤਾਂ ਝੇਲਣੀਆਂ ਪਈਆਂ ਸਨ ਅਤੇ ਉਨ੍ਹਾਂ ਦੇ ਛੋਟੇ-ਮੋਟੇ ਕੰਮ-ਧੰਦੇ ਜਿਨ੍ਹਾਂ ਨਾਲ ਕਿ ਉਨ੍ਹਾਂ ਦੇ ਘਰਾਂ ਦੇ ਮਹਿਜ਼ ਗੁਜ਼ਾਰਾ ਹੀ ਚਲਦਾ ਸੀ, ਵੀ ਬੰਦ ਹੋ ਗਏ ਸਨ।
ਇਸ ਵਾਸਤੇ ਚਾਹਵਾਨ ਲੋਕਾਂ ਲਈ ਅੱਜ ਤੋਂ ਹੀ ਅਰਜ਼ੀਆਂ ਦੀ ਮੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਅਰਜ਼ੀਆਂ ਮਈ 14, 2021 ਤੱਕ ਦਿੱਤੀਆਂ ਜਾ ਸਕਦੀਆਂ ਹਨ ਅਤੇ ਇਸ ਵਾਸਤੇ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਆਪਣੇ ਨਜ਼ਦੀਕੀ ਸਬੰਧਤ ਵਿਭਾਗਾਂ ਨਾਲ ਰਾਬਤਾ ਕਾਇਮ ਕਰਨ ਅਤੇ ਆਪਣੇ ਹੋਏ ਨੁਕਸਾਨਾਂ ਬਾਰੇ ਦੱਸਣ ਅਤੇ ਭਵਿੱਖ ਦੇ ਪ੍ਰਾਜੈਕਟਾਂ ਬਾਰੇ ਵਿੱਚ ਵੀ ਉਥੇ ਜਾ ਕੇ ਵਿਸਥਾਰ ਨਾਲ ਗੱਲਬਾਤ ਸਾਂਝੀ ਕਰਨ ਤਾਂ ਜੋ ਉਨ੍ਹਾਂ ਦੀ ਬਣਦੀ ਮਦਦ ਕੀਤੀ ਜਾ ਸਕੇ।
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ https://www.aboriginalaffairs.nsw.gov.au/grants/covid/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।