17,000 ਤੋਂ ਵੀ ਜ਼ਿਆਦਾ ਦੀ ਸੰਖਿਆ ਵਿੱਚ ਸ਼ਿਕਾਇਤਾਂ ਦਰਜ
ਟੈਲੀਕਮਿਊਨੀਕੇਸ਼ਨ ਉਦਿਯੋਗ ‘ਓਮਬਡਜ਼ਮੈਨ’ ਦਾ ਕਹਿਣਾ ਹੈ ਕਿ ਬੀਤੇ ਸਾਲ 2022 ਦੇ ਅਖੀਰ ਵਾਲੇ ਚਾਰ ਮਹੀਨਿਆਂ ਦਾ ਡਾਟਾ ਦਰਸਾਉਂਦਾ ਹੈ ਕਿ ਲੋਕਾਂ ਨੂੰ ਮੋਬਾਇਲ ਕੰਪਨੀਆਂ ਅਤੇ ਇੰਟਰਨੈਟ ਸਬੰਧੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਡਾਟਾ ਵਿੱਚ ਜ਼ਾਹਿਰ ਹੈ ਕਿ 17,000 ਤੋਂ ਵੀ ਜ਼ਿਆਦਾ ਲੋਕਾਂ ਨੇ ਪੇਸ਼ ਆ ਰਹੀਆਂ ਦਿੱਕਤਾਂ ਦੀ ਸ਼ਿਕਾਇਤ ਓਮਬਡਜ਼ਮੈਨ ਨੂੰ ਕੀਤੀ ਸੀ। ਇਹ ਡਾਟਾ ਬੀਤੇ ਸਮੇਂ ਤੋਂ ਸਿੱਧਾ ਹੀ 40% ਜ਼ਿਆਦਾ ਬਣਦਾ ਹੈ।
ਓਮਬਡਜ਼ਮੈਨ ਦਾ ਇਹ ਵੀ ਕਹਿਣਾ ਹੈ ਕਿ ਕਈ ਕਈ ਮਾਮਲਿਆਂ ਵਿੱਚ ਤਾਂ ਲੋਕਾਂ ਨੂੰ 97 ਮਿਨਟ ਤੱਕ ਵੀ ਸੇਵਾਵਾਂ ਦੇ ਮੁੜ ਤੋਂ ਬਹਾਲ ਹੋਣ ਦਾ ਇੰਤਜ਼ਾਰ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਦਾ ਮਾਹੌਲ ਹੀ ਅਜਿਹਾ ਹੈ ਕਿ ਲੋਕਾਂ ਦਾ ਮੋਬਾਇਲ ਫੋਨ ਅਤੇ ਇੰਟਰਨੈਟ ਦਾ ਇਸਤੇਮਾਲ ਕੀਤੇ ਬਿਨ੍ਹਾਂ ਜਲਦੀ ਕਿਤੇ ਸਰਦਾ ਹੀ ਨਹੀਂ ਅਤੇ ਇਸੇ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਜਾਇਜ਼ ਹੀ ਹੁੰਦੀ ਹੈ।
ਦੁਨੀਆਂ ਦੇ ਹਰ ਖ਼ਿਤੇ ਅੰਦਰ ਹੀ ਇੰਟਰਨੈਟ ਅਤੇ ਮੋਬਾਇਲ ਫੋਨ ਦਾ ਹੀ ਇਸਤੇਮਾਲ ਹੋ ਰਿਹਾ ਹੈ ਫੇਰ ਭਾਵੇਂ ਉਹ ‘ਘਰ ਤੋਂ ਕੰਮ’ ਹੋਵੇ ਅਤੇ ਜਾਂ ਫੇਰ ਸਕੂਲ ਕਾਲਜਾਂ ਦੀਆਂ ਪੜ੍ਹਾਈਆਂ, ਸਿਖਲਾਈਆਂ ਅਤੇ ਜਾਂ ਫੇਰ ਵਪਾਰ ਆਦਿ ਹੋਣ। ਇਸ ਕਾਰਨ ਕਈ ਵਾਰੀ ਲੋਕਾਂ ਨੂੰ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ।