ਜਾਬ-ਸੀਕਰ ਅਧਿਆਏ ਦੇ ਬੰਦ ਹੋਣ ਕਾਰਨ ਡੇਢ ਲੱਖ ਆਸਟ੍ਰੇਲੀਆਈ ਆ ਜਾਣਗੇ ਗਰੀਬੀ ਦੇ ਥੱਲੇ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਰਕਾਰ ਦੇ ਨਵੇਂ ਸਿਸਟਮ ਤਹਿਤ ਜਿਸ ਵਿੱਚ ਕਿ ਹੁਣ ਜਾਬ-ਸੀਕਰ ਅਧਿਆਏ ਨੂੰ ਬੰਦ ਕੀਤਾ ਜਾ ਰਿਹਾ ਹੈ ਤਾਂ ਇਸ ਦੀ ਮੁਖ਼ਾਲਫਤ ਕਰਨ ਵਾਲਿਆਂ ਦਾ ਮੰਨਣਾ ਅਤੇ ਕਹਿਣਾ ਹੈ ਕਿ ਇਸ ਨਾਲ ਘੱਟੋ ਘੱਟ ਵੀ 150,000 ਆਸਟ੍ਰੇਲੀਆਈ ਲੋਕ ਗਰੀਬੀ ਦੀ ਮਾਰ ਹੇਠਾਂ ਆ ਜਾਣਗੇ ਅਤੇ ਇਸਨੂੰ ਇੱਕ ਚਿਤਾਵਨੀ ਦੇ ਤੌਰ ਤੇ ਲੈਣਾ ਚਾਹੀਦਾ ਹੈ।
ਸਰਕਾਰ ਦੇ ਨਵੇਂ ਨਿਯਮਾਂ ਮੁਤਾਬਿਕ, ਆਉਣ ਵਾਲੀ 1 ਅਪ੍ਰੈਲ ਤੋਂ 150 ਡਾਲਰਾਂ (ਪ੍ਰਤੀ ਪੰਦਰ੍ਹਵਾੜੇ) ਦੇ ਦਿੱਤੇ ਜਾ ਰਹੇ ਜਾਬ-ਸੀਕਰ ਮਾਲੀ ਮਦਦ ਨੂੰ ਬੰਦ ਕਰਕੇ ਅਤੇ ਇਸ ਵਿੱਚ 100 ਡਾਲਰਾਂ ਦੀ ਕਟੌਤੀ ਕਰਕੇ ਇਸਨੂੰ ਮਹਿਜ਼ 50 ਡਾਲਰਾਂ ਉਪਰ ਹੀ ਸੀਮਿਤ ਕੀਤਾ ਜਾ ਰਿਹਾ ਹੈ। ਇਸ ਫੈਸਲੇ ਦੀ ਵਿਰੋਧਤਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਨਾਲ ਡੇਢ ਲੱਖ ਆਸਟ੍ਰੇਲੀਆਈ ਜਿਨ੍ਹਾਂ ਵਿੱਚ ਕਿ 18,000 ਬੱਚੇ ਵੀ ਸ਼ਾਮਿਲ ਹਨ, ਮੁੜ ਤੋਂ ਗਰੀਬ ਹੋ ਜਾਣਗੇ ਅਤੇ ਉਨ੍ਹਾਂ ਦਾ ਗੁਜ਼ਰ-ਬਸਰ ਬਹੁਤ ਹੀ ਔਖਾ, ਬਲਕਿ ਨਾਮੁਮਕਿਨ ਹੀ ਹੋ ਜਾਵੇਗਾ। ਅਤੇ ਇਸ ਨਾਲ ਤਾਂ ਇਹੋ ਦਿਖਾਈ ਦੇ ਰਿਹਾ ਹੈ ਕਿ ਸਰਕਾਰ ਦਾ ਮੁੱਖ ਮੰਤਵ ਗਰੀਬੀ ਵਧਾਉਣਾ ਹੈ ਨਾ ਕਿ ਗਰੀਬੀ ਮਿਟਾਉਣਾ….।
ਜ਼ਿਕਰਯੋਗ ਇਹ ਵੀ ਹੈ ਕਿ ਅਪ੍ਰੈਲ 2020 ਤੋਂ ਸ਼ੁਰੂ ਕੀਤਾ ਗਿਆ ਉਕਤ ਜਾਬ-ਸੀਕਰ ਪਹਿਲਾਂ ਤਾਂ ਸਤੰਬਰ 2020 ਨੂੰ ਘਟਾ ਕੇ 250 ਡਾਲਰ ਕਰ ਦਿੱਤਾ ਗਿਆ ਅਤੇ ਫੇਰ ਜਨਵਰੀ 2021 ਨੂੰ ਇਸਤੋਂ ਵੀ ਘਟਾ ਕੇ 150 ਡਾਲਰ ਕਰ ਦਿੱਤਾ ਗਿਆ ਸੀ।
ਦੇਸ਼ ਦੇ ਆਂਕੜੇ ਦਰਸਾਉਂਦੇ ਹਨ ਕਿ ਹਾਲੇ ਵੀ ਦੇਸ਼ ਅੰਦਰ 580,000 ਅਜਿਹੇ ਨਾਗਰਿਕ ਹਨ ਜੋ ਕਿ ਗਰੀਬੀ ਦੀ ਹਾਲਤ ਵਿੱਚ ਆਪਣਾ ਜੀਵਨ ਯਾਪਨ ਕਰ ਰਹੇ ਹਨ ਅਤੇ ਇਹ ਸੰਖਿਆ ਕਰੋਨਾ ਦੇ ਸ਼ੁਰੂਆਤ ਤੋਂ ਪਹਿਲਾਂ ਦੀ ਸੰਖਿਆ ਨਾਲੋਂ ਕਿਤੇ ਵੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਸਟ੍ਰੇਲੀਆ ਵਰਗਾ ਮੁਲਕ ਅਜਿਹੇ ਲੋਕਾਂ ਨੂੰ, ਅਤੇ ਉਹ ਵੀ ਦੇਸ਼ ਦੇ ਨਾਗਰਿਕਾਂ ਨੂੰ ਇਸ ਤਰ੍ਹਾਂ ਦੀ ਹਾਲਤ ਵਿੱਚ ਨਹੀਂ ਛੱਡ ਸਕਦਾ ਅਤੇ ਨਾ ਹੀ ਸਰਕਾਰ ਨੂੰ ਕਿਸੇ ਵੀ ਸੂਰਤ ਵਿੱਚ ਅਜਿਹੇ ਗਲਤ ਫੈਸਲੇ ਲੈਣੇ ਚਾਹੀਦੇ ਹਨ।

Install Punjabi Akhbar App

Install
×