ਐਬੋਰਿਜਨਲ ਲੋਕਾਂ ਵਾਸਤੇ ਸਰਕਾਰ ਵੱਲੋਂ ਹੋਰ ਮਦਦ

ਐਬੋਰਿਜਨਲ ਬੱਚਿਆਂ ਨੂੰ ਪਰਵਾਰ ਨਾਲੋਂ ਬਾਹਰੀ ਦੇਖਭਾਲ ਸੈਂਟਰਾਂ ਵਿੱਚ ਰੱਖ ਕੇ ਉਨ੍ਹਾਂ ਦੇ ਦੇਖਭਾਲ ਕਰਨ ਦੀ ਬਜਾਏ ਹੁਣ ਨਿਊ ਸਾਊਥ ਵੇਲਜ਼ ਸਰਕਾਰ ਸਥਾਨਕ ਪਰਵਾਰਾਂ ਅਤੇ ਬੱਚਿਆਂ ਦੀ ਲਗਾਤਾਰ ਕਾਊਂਸਲਿੰਗ ਵਿੱਚ ਲੱਗੀ ਹੋਈ ਹੈ ਤਾਂ ਜੋ ਬੱਚਿਆਂ ਨੂੰ ਉਨ੍ਹਾਂ ਦੇ ਪਰਵਾਰਾਂ ਦੇ ਨਾਲ ਹੀ ਰੱਖ ਦੇ ਉਨ੍ਹਾਂ ਦਾ ਪਾਲਣ ਪੋਸ਼ਣ ਹੋਰ ਵੀ ਵਧੀਆ ਢੰਗ ਨਾਲ ਅਤੇ ਪਰਵਾਰਿਕ ਤਰੀਕਿਆਂ ਦੇ ਨਾਲ ਕੀਤਾ ਜਾ ਸਕੇ। ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਗਰੈਥ ਵਾਰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਰਕਾਰ ਹੁਣ ਹੋਰ 28 ਅਜਿਹੇ ਹੀ ਐਬੋਰਿਜਨਲ ਫੈਮਿਲੀ ਗਰੁੱਪ ਕਾਨਫਰੰਸਿੰਗ (ਐਫ.ਜੀ.ਸੀ.) ਨੂੰ ਅਜਿਹੀਆਂ ਸੇਵਾਵਾਂ ਵਿੱਚ ਲਗਾਉਣ ਦੀਆਂ ਤਿਆਰੀਆਂ ਕਰ ਰਹੀ ਹੈ ਅਤੇ ਹੁਣ ਇਹ ਗਿਣਤੀ ਵੀ ਪਹਿਲਾਂ ਨਾਲੋਂ ਦੁੱਗਣੀ ਕਰ ਦਿੱਤੀ ਗਈ ਹੈ। ਅਜਿਹੇ ਲੋਕ, ਸਥਾਨਕ ਲੋਕਾਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਭਰਪੂਰ ਪਾਲਣ ਪੋਸ਼ਣ ਦੇ ਨਾਲ ਨਾਲ ਸਾਰੀਆਂ ਸਹੀ ਜਾਣਕਾਰੀਆਂ ਵੀ ਗੱਲਬਾਤ ਦੇ ਜ਼ਰੀਏ ਮੁਹੱਈਆ ਕਰਵਾਉਂਦੇ ਹਨ ਜਿਨ੍ਹਾਂ ਨਾਲ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਉਨ੍ਹਾਂ ਦੇ ਅੱਗੇ ਜਾ ਕੇ ਸਹੀ ਰਸਤਿਆਂ ਉਪਰ ਜੀਵਨ ਯਾਪਨ ਵਿੱਚ ਸਹਾਇਤਾ ਮਿਲਦੀ ਹੈ ਅਤੇ ਬੱਚਿਆਂ ਦੀ ਵੀ ਜ਼ਿੰਦਗੀ ਵਿੱਚ ਪੂਰਨ ਸੁਧਾਰ ਹੁੰਦਾ ਹੈ। ਸ੍ਰੀ ਗਰੈਥ ਵਾਰਡ ਨੇ ਇਹ ਵੀ ਕਿਹਾ ਕਿ ਸਰਕਾਰ ਇਸ ਕਾਰਜ ਨਾਲ ਆਊਟ-ਆਫ-ਹੋਮ ਕੇਅਰ ਵਿੱਚ ਅਜਿਹੇ ਐਬੋਰਿਜਨਲ ਬੱਚਿਆਂ ਦੀ ਗਿਣਤੀ ਵੀ ਘਟਾਉਣਾ ਚਾਹੁੰਦੀ ਹੈ। ਬੀਤੇ ਸਾਲ ਦੀਆਂ ਕਾਨਫਰੰਸਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 698 ਦੇ ਕਰੀਬ ਅਜਿਹੀਆਂ ਕਾਨਫਰੰਸਾਂ 2020 ਵਿੱਚ ਕੀਤੀਆਂ ਗਈਆਂ ਸਨ ਅਤੇ ਸਰਕਾਰ ਅਜਿਹੇ ਹੀ ਐਬੋਰਿਜਨਲ ਲੋਕਾਂ ਦੀ ਮਦਦ ਲੈ ਰਹੀ ਹੈ ਜੋ ਕਿ ਸਥਾਨਕ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਭਾਸ਼ਾਵਾਂ ਆਦਿ ਦੇ ਜ਼ਰੀਏ ਸਰਕਾਰ ਦੀ ਅਸਲ ਮੰਸ਼ਾ ਸਮਝਾ ਸਕੇ ਅਤੇ ਬੱਚਿਆਂ ਦੀ ਜ਼ਿੰਦਗੀ ਨੂੰ ਸੁਧਾਰਨ ਦਾ ਮੌਕਾ ਪ੍ਰਦਾਨ ਕਰ ਸਕੇ। ਅਜਿਹੇ ਕਰਮਚਾਰੀਆਂ ਨੂੰ ਸਰਕਾਰ ਉਚੇਚੇ ਤੌਰ ਤੇ ਪੂਰਨ ਜਾਣਕਾਰੀ ਅਤੇ ਸਿਖਲਾਈ ਦੇ ਕੇ ਹੀ ਇਸ ਕੰਮ ਲਈ ਭੇਜਦੀ ਹੈ। ਆਂਕੜੇ ਦਰਸਾਉਂਦੇ ਹਨ ਕਿ, ਅਜਿਹੀਆਂ ਕਾਨਫਰੰਸਾਂ ਵਿੱਚ ਗੱਲਬਾਤ ਦੇ ਜ਼ਰੀਏ ਜੋ ਐਬੋਰਿਜਨਲ ਲੋਕਾਂ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ ਉਸਦੇ ਵਧੀਆ ਨਤੀਜੇ ਵੀ ਸਾਹਮਣੇ ਆ ਰਹੇ ਹਨ ਅਤੇ ਹੁਣ ਆਊਟ-ਆਫ-ਹੋਮਾਂ ਅੰਦਰ ਐਬੋਰਿਜਨਲ ਬੱਚਿਆਂ ਦੀ ਗਿਣਤੀ ਘੱਟਣੀ ਸ਼ੁਰੂ ਵੀ ਹੋ ਚੁਕੀ ਹੈ। ਇਸ ਕੰਮ ਵਾਸਤੇ ਸਥਾਨਕ ਲੋਕਾਂ ਕੋਲੋਂ ਟੈਂਡਰਾਂ ਦੀ ਮੰਗ ਵੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਸ ਦੀ ਪੂਰੀ ਜਾਣਕਾਰੀ ਵਾਸਤੇ http://www.tenders.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×