ਤੁਸੀਂ ਕਹੋਗੇ ਸਕਰੀਨ ਟਾਈਮ ਅਤੇ ਸਿਹਤ ਦਾ ਆਪਸ ਵਿਚ ਕੀ ਸਬੰਧ ਹੈ। ਬਹੁਤ ਗਹਿਰਾ ਸਬੰਧ ਹੈ। ਜਿੰਨਾ ਸਕਰੀਨ ਟਾਈਮ ਵੱਧ ਹੋਵੇਗਾ ਓਨਾ ਤੋਰਾ ਫੇਰਾ ਘੱਟ ਹੋਵੇਗਾ ਅਤੇ ਖਾਣਾ ਪੀਣਾ ਵਧੇਰੇ ਹੋਏਗਾ। ਹੁਣ ਤੱਕ ਹੋਏ ਅਨੇਕਾਂ ਅਧਿਐਨ ਦੱਸਦੇ ਹਨ ਕਿ 2 ਘੰਟੇ ਅਤੇ ਇਸਤੋਂ ਵੱਧ ਸਮਾਂ ਟੈਲੀਵਿਜ਼ਨ ਵੇਖਣ ਵਾਲੇ ਲੋਕ ਦਿਨ ਵਿਚ 150 ਵਧੇਰੇ ਕੈਲਰੀ ਲੈਂਦੇ ਹਨ। ਅਜਿਹੇ ਲੋਕ ਵਧੇਰੇ ਕਰਕੇ ਪੀਜ਼ਾ, ਬਰਗਰ, ਮਿੱਠੇ ਕੋਲਡ ਡਰਿੰਕ, ਵਧੇਰੇ ਫੈਟ ਵਧੇਰੇ ਕੈਲਰੀ ਵਾਲੇ ਪਦਾਰਥ, ਘੱਟ ਫਾਈਬਰ ਅਤੇ ਪ੍ਰੋਸੈਸਡ ਸਨੈਕ ਫੂਡ ਲੈਂਦੇ ਹਨ। ਇਸਤੋਂ ਘੱਟ ਸਮਾਂ ਟੈਲੀਵਿਜ਼ਨ ਵੇਖਣ ਵਾਲੇ ਲੋਕ ਅਜਿਹਾ ਨਹੀਂ ਕਰਦੇ। ਉਨ੍ਹਾਂ ਦਾ ਤੋਰਾ ਫੇਰਾ ਵੱਧ ਹੁੰਦਾ ਹੈ। ਜਦ ਤੋਰਾ ਫੇਰਾ ਵੱਧ ਹੁੰਦਾ ਹੈ ਤਾਂ ਮਾਨਸਿਕ ਹਾਲਤ ਬਿਹਤਰ ਹੁੰਦੀ ਹੈ। ਮਾਨਸਿਕ ਸਿਹਤ ਬਿਹਤਰ ਹੁੰਦੀ ਹੈ। ਅਜਿਹੀ ਹਾਲਤ ਵਿਚ ਸਿਹਤਮੰਦ, ਮਨ ਨੂੰ ਖੁਸ਼ ਰੱਖਣ ਵਾਲੇ ਕੈਮੀਕਲ ਰਿਸਦੇ ਹਨ ਅਤੇ ਮਨ ਸਿਹਤਮੰਦ ਖੁਰਾਕ ਪ੍ਰਤੀ ਪ੍ਰੇਰਿਤ ਹੁੰਦਾ ਹੈ।
ਹਫ਼ਤੇ ਵਿਚ 40 ਘੰਟੇ ਸਕਰੀਨ ʼਤੇ ਬੈਠਣ ਵਾਲੇ ਲੋਕਾਂ ਵਿਚ ਸ਼ੂਗਰ ਜਿਹੀਆਂ ਜੀਵਨ-ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਤਿੰਨ ਗੁਣਾਂ ਵਧ ਜਾਂਦਾ ਹੈ। ਜੇਕਰ ਤੁਸੀਂ ਆਪਣੇ ਸ਼ੌਕ ਛੱਡ ਕੇ, ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਵੱਲ ਆਉਣਾ ਜਾਣਾ ਤਿਆਗ ਕੇ, ਕਸਰਤ ਸੈਰ ਯੋਗਾ ਛੱਡ ਕੇ, ਸਰੀਰ ਨੂੰ ਸਟਰੈਚ ਕਰਨਾ ਭੁੱਲ ਕੇ ਸਕਰੀਨ ʼਤੇ ਬੈਠੇ ਰਹਿੰਦੇ ਹੋ ਤਾਂ ਤੁਹਾਡੀ ਯਾਦ-ਦਾਸ਼ਤ ਘੱਟ ਸਕਦੀ ਹੈ।
ਇਹ ਗੱਲਾਂ ਉਦੋਂ ਦੀਆਂ ਹਨ ਜਦੋਂ ਇਕੱਲਾ ਟੈਲੀਵਿਜ਼ਨ ਵੇਖਣ ਨੂੰ ਹੀ ਸਕਰੀਨ ਟਾਈਮ ਗਿਣਿਆ ਜਾਂਦਾ ਸੀ। ਹੁਣ ਗੱਲ ਬਹੁਤ ਅੱਗੇ ਨਿਕਲ ਗਈ ਹੈ। ਹੁਣ ਕੰਪਿਊਟਰ ਹੈ, ਲੈਪਟਾਪ ਹੈ, ਆਈ ਪੈਡ ਹੈ, ਸਮਾਰਟ ਫੋਨ ਹੈ, ਸ਼ੋਸ਼ਲ ਮੀਡੀਆ ਹੈ, ਡਿਜ਼ੀਟਲ ਮੀਡੀਆ ਹੈ। ਇਹ ਸਾਰੇ ਸਕਰੀਨ ਟਾਈਮ ਵਿਚ ਵੱਡਾ ਵਾਧਾ ਕਰਨ ਵਾਲੇ ਹਨ। ਜੇ ਟੈਲੀਵਿਜ਼ਨ ਦੌਰ ਵਿਚ ਹੀ ਵੱਧ ਸਕਰੀਨ ਟਾਈਮ ਦੇ ਐਨੇ ਖਤਰੇ ਸਨ ਤਾਂ ਅੱਜ ਦੇ ਸਕਰੀਨ ਟਾਈਮ ਸਬੰਧੀ ਸੋਚ ਕੇ ਭੈਭੀਤ ਹੋਣਾ ਸੁਭਾਵਕ ਹੈ।
ਵੱਧ ਸਕਰੀਨ ਟਾਈਮ ਦੇ ਬੁਰੇ ਪ੍ਰਭਾਵਾਂ ਤੋਂ ਸਕਰੀਨ ਟਾਈਮ ਘਟਾ ਕੇ ਅਤੇ ਐਕਟਿਵ ਟਾਈਮ ਵਧਾ ਕੇ ਬਚਿਆ ਜਾ ਸਕਦਾ ਹੈ। ਤੁਸੀਂ ਵਧੇਰੇ ਸਿਹਤਮੰਦ ਮਹਿਸੂਸ ਕਰੋਗੇ, ਚੰਗੀ ਨੀਂਦ ਸੌਂਵੋਗੇ, ਲੋਕਾਂ ਨਾਲ ਮੇਲਜੋਲ ਵਧੇਗਾ ਅਤੇ ਤੁਹਾਡੇ ਸਵੈ-ਵਿਸ਼ਵਾਸ ਵਿਚ ਵਾਧਾ ਹੋਵੇਗਾ। ਦਿਨ ਵਿਚ ਸਕਰੀਨ ਟਾਈਮ 2 ਘੰਟੇ ਤੋਂ ਘਟਾ ਕੇ ਅਤੇ 30 ਮਿੰਟ ਕਸਰਤ ਕਰਕੇ ਉਪਰੋਕਤ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਕੁਝ ਵੀ ਸਕਰੀਨ ʼਤੇ ਅਜਿਹਾ ਨਾ ਵੇਖੋ ਜੋ ਤੁਸੀਂ ਪਹਿਲਾਂ ਵੇਖ ਚੁੱਕੇ ਹੋ। ਜੇ ਅਜਿਹਾ ਕਰਨ ਲੱਗੇ ਹੋ ਤਾਂ ਤੁਰੰਤ ਸਕਰੀਨ ਬੰਦ ਕਰ ਦਿਓ। ਕੇਵਲ ਉਹੀ ਸ਼ੋਅ ਉਹੀ ਪ੍ਰੋਗਰਾਮ ਵੇਖੋ ਜਿਹੜਾ ਤੁਸੀਂ ਸਚਮੁਚ ਵੇਖਣਾ ਚਾਹੁੰਦੇ ਹੋ। ਮਨੋਰੰਜਨ ਲਈ, ਜਾਣਕਾਰੀ ਲਈ। ਕੇਵਲ ਟੈਲੀਵਿਜ਼ਨ ਵੇਖਣ ਖਾਤਰ ਟੈਲੀਵਿਜ਼ਨ ਨਾ ਵੇਖੋ। ਸਕਰੀਨ ਦੇ ਸਾਹਮਣੇ ਬੈਠ ਕੇ ਕਦੇ ਵੀ ਸਨੈਕਸ ਨਾ ਖਾਓ। ਅਧਿਐਨ ਦੱਸਦੇ ਹਨ ਕਿ ਟੈਲੀਵਿਜ਼ਨ ਵੇਖਦੇ ਸਮੇਂ ਅਕਸਰ ਲੋਕ ਜੋੜ ਤੋਂ ਵੱਧ ਖਾ ਜਾਂਦੇ ਹਨ। ਜਦ ਰੋਜ਼ਾਨਾ ਅਜਿਹਾ ਵਾਪਰਦਾ ਹੈ ਤਾਂ ਉਸਦੇ ਨਤੀਜਿਆਂ ਬਾਰੇ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ।
ਟੈਲੀਵਿਜ਼ਨ ਵੇਖਦੇ ਹੋਏ ਵੀ ਤੁਸੀਂ ਛੋਟੀ ਛੋਟੀ ਕਸਰਤ ਕਰ ਸਕਦੇ ਹੋ। ਕਮਰੇ ਵਿਚ ਤੁਰ ਫਿਰ ਸਕਦੇ ਹੋ। ਇਸ਼ਤਿਹਾਰਾਂ ਸਮੇਂ ਉਠ ਕੇ ਛੋਟੇ ਛੋਟੇ ਕੰਮ ਕਰ ਸਕਦੇ ਹੋ। ਚੀਜ਼ਾਂ ਦੀ, ਫਰਨੀਚਰ ਦੀ ਝਾੜ ਪੂੰਝ ਕਰ ਸਕਦੇ ਹੋ। ਡੱਸਟਬਿਨ ਖਾਲੀ ਕਰ ਸਕਦੇ ਹੋ। ਖਿਲਾਰਾ ਸੰਭਾਲ ਸਕਦੇ ਹੋ। ਉਠ ਕੇ ਸ਼ੀਸ਼ੇ ਸਾਹਮਣੇ ਆਪਣੇ ਵਾਲ ਵਾਹ ਸਕਦੇ ਹੋ। ਜਦ ਤੱਕ ਤੁਹਾਡਾ ਮਨਪਸੰਦ ਟੈਲੀਵਿਜ਼ਨ ਪ੍ਰੋਗਰਾਮ ਪੂਰਾ ਹੋਵੇਗਾ ਕਮਰਾ ਸਾਫ਼ ਸੁਥਰਾ ਹੋ ਚੁੱਕਾ ਹੋਵੇਗਾ। ਤੁਸੀਂ ਬਹੁਤ ਸਾਰੀਆਂ ਕੈਲਰੀਆਂ ਬਾਲ ਚੁੱਕੇ ਹੋਵੋਗੇ ਅਤੇ ਤੁਸੀਂ ਬੇਲੋੜਾ ਗੈਰ-ਸਿਹਤਮੰਦ ਖਾਣ-ਪੀਣ ਤੋਂ ਵੀ ਬਚ ਗਏ ਹੋਵੋਗੇ। ਘਰੋਂ ਬਾਹਰ ਜਾਓ, ਦੋਸਤਾਂ ਮਿੱਤਰਾਂ ਨੂੰ ਮਿਲੋ, ਦਿਲਚਸਪ ਰੁਝੇਵਿਆਂ ਵਿਚ ਰੁੱਝੇ ਰਹੋ, ਸਮਾਜਕ ਮਾਨਵੀ ਸਰੋਕਾਰਾਂ ਨਾਲ ਸਬੰਧਤ ਸਰਗਰਮੀਆਂ ਵਿਚ ਸ਼ਾਮਲ ਹੋਵੋ। ਆਪਣੇ ਮਨ ਨੂੰ ਆਪਣੇ ਸ਼ੌਂਕ, ਆਪਣੀਆਂ ਮਨ-ਪਸੰਦ ਗਤੀਵਿਧੀਆਂ ਪ੍ਰਤੀ ਉਤੇਜਿਤ ਰੱਖੋ।
ਚੰਗਾ ਮਹਿਸੂਸ ਕਰਨ ਲਈ ਸਾਨੂੰ ਸਰਗਰਮ ਰਹਿਣਾ ਪਵੇਗਾ। ਕੁਝ ਸਾਲ ਪਹਿਲਾਂ ਸਿਹਤ ਸਬੰਧੀ ਇਕ ਤਜ਼ਰਬਾ ਕੀਤਾ ਗਿਆ। 20 ਸਾਲ ਦੇ ਪੰਜ ਸਿਹਤਮੰਦ ਲੜਕਿਆਂ ਨੂੰ 21 ਦਿਨ ਲਈ ਬੈਡ ਰੈਸਟ ਲਈ ਬੈਡ ʼਤੇ ਭੇਜ ਦਿੱਤਾ ਗਿਆ। ਇਹ ਵੇਖਣ ਲਈ ਕਿ ਮੁਕੰਮਲ ਆਰਾਮ ਅਤੇ ਕਸਰਤ ਦਾ ਸਾਡੇ ਸਰੀਰ ʼਤੇ ਕੀ ਅਤੇ ਕਿੰਨਾ ਅਸਰ ਹੁੰਦਾ ਹੈ। ਤਿੰਨ ਹਫ਼ਤਿਆਂ ਬਾਅਦ ਨੋਟ ਕੀਤਾ ਗਿਆ ਕਿ ਉਨ੍ਹਾਂ ਦੀਆਂ ਹੱਢੀਆਂ ਦੀ ਹਾਲਤ, ਉਨ੍ਹਾਂ ਦੀ ਸਿਹਤ 30 ਸਾਲ ਦੀ ਉਮਰ ਵਾਲਿਆਂ ਨਾਲੋਂ ਵੀ ਮਾੜੀ ਸੀ। ਅਧਿਐਨ ਲਈ ਕਾਰਵਾਈ ਗਈ 21 ਦਿਨ ਦੀ ਬੈਡ ਰੈਸਟ ਬਾਅਦ ਉਨ੍ਹਾਂ ਨੂੰ 8 ਹਫ਼ਤਿਆਂ ਦੀ ਕਸਰਤ ਦੀ ਸਿਖਲਾਈ ਲਈ ਭੇਜ ਦਿੱਤਾ ਗਿਆ। ਜਿਸ ਵਿਚ ਤੁਰਨਾ, ਦੌੜਨਾ ਅਤੇ ਹੋਰ ਕਸਰਤ ਸ਼ਾਮਲ ਸੀ। ਨਤੀਜੇ ਹੈਰਾਨ ਕਰਨ ਵਾਲੇ ਸਨ। ਬੈਡ ਰੈਸਟ ਦੌਰਾਨ ਹੋਏ ਨੁਕਸਾਨ ਦੀ ਪੂਰਤੀ ਹੋ ਚੁੱਕੀ ਸੀ ਅਤੇ ਉਹ ਹੁਣ ਚੁਸਤ ਦਰੁਸਤ ਤੇ ਵਧੇਰੇ ਸਿਹਤਮੰਦ ਮਹਿਸੂਸ ਕਰ ਰਹੇ ਸਨ।
ਦੁਨੀਆਂ ਭਰ ਵਿਚ ਹੋਏ ਅਨੇਕਾਂ ਅਧਿਐਨ ਅਤੇ ਤਜ਼ਰਬੇ ਦੱਸਦੇ ਹਨ ਕਿ ਕਿਸੇ ਵੀ ਕਾਰਨ ਸਿਹਤ ਦੇ ਹੋਏ ਨੁਕਸਾਨ ਦੀ ਪੂਰਤੀ ਖੁਰਾਕ ਅਤੇ ਕਸਰਤ ਨਾਲ ਕੀਤੀ ਜਾ ਸਕਦੀ ਹੈ।
(ਪ੍ਰੋ. ਕੁਲਬੀਰ ਸਿੰਘ)
+91 9417153513