ਪੁਲਿਸ ਨੂੰ ਦਿੱਤੀਆਂ ਗਈਆਂ ਨਵੀਆਂ ਪਾਵਰਾਂ -ਡਰੱਗ ਪੈਡਲਰਾਂ ਦੀਆਂ ਜਾਇਦਾਦਾਂ ਹੋਣਗੀਆਂ ਜ਼ਬਤ

ਨਿਊ ਸਾਊਥ ਵੇਲਜ਼ ਸਰਕਾਰ ਨੇ ਬੀਤੇ ਕੱਲ੍ਹ ਡਰੱਗ ਤਸਕਰਾਂ ਉਪਰ ਨਕੇਲ ਕੱਸਣ ਦੀ ਤਿਆਰੀ ਵਿੱਚ 2020 ਦੇ ਇੱਕ ਪਾਇਲਟ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਤਹਿਤ ਰਾਜ ਦੀ ਪੁਲਿਸ ਨੂੰ ਹੁਣ ਵਾਧੂ ਅਧਿਕਾਰੀ ਦੇ ਕੇ ਨਸ਼ਿਆਂ ਦੇ ਸੌਦਾਗਰਾਂ ਅਤੇ ਇਸ ਨੂੰ ਬਣਾਉਣ ਵਾਲਿਆਂ ਦੀਆਂ ਜਾਇਦਾਦਾਂ ਤੱਕ ਜ਼ਬਤ ਕਰਨ ਦੇ ਹੁਕਮ ਵੀ ਦੇ ਦਿੱਤੇ ਹਨ। ਅਗਲੇ ਦੋ ਸਾਲਾਂ ਲਈ, ਡੀ.ਐਸ.ਪੀ.ਓ. (Drug Supply Prohibition Order) ਦੇ ਉਕਤ ਪਾਇਲਟ ਹੁਕਮ ਨੂੰ ਬੈਂਕਸਟਾਊਨ ਪੁਲਿਸ ਏਰੀਆ ਕਮਾਂਡ ਅਤੇ ਦ ਓਰਾਨਾ ਮਿਡ-ਵੈਸਟ, ਹੰਟਰ ਵੈਲੀ ਅਤੇ ਕੋਫਸ/ਕਲੇਰੈਂਸ ਪੁਲਿਸ ਜਿਲ੍ਹਿਆਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਵਿਭਾਗਾਂ ਦੇ ਮੰਤਰੀ ਡੇਵਿਡ ਏਲੀਅਟ ਨੇ ਇਸ ਬਾਰੇ ਵਿੱਚ ਜਾਣਕਾਰੀ ਜਾਰੀ ਕਰਦਿਆਂ ਕਿਹਾ ਹੈ ਕਿ ਉਕਤ ਬਿਲ ਦੀ ਮਨਜ਼ੂਰੀ ਨਾਲ ਹੁਣ ਪੁਲਿਸ ਉਕਤ ਅਪਰਾਧੀਆਂ ਵਿਰੁੱਧ ਹੋਰ ਵੀ ਡੱਟ ਕੇ ਮੁਕਾਬਲਾ ਕਰੇ ਸਕੇਗੀ ਅਤੇ ਉਨ੍ਹਾਂ ਦੇ ਇਸ ਵੱਡੇ ਪੈਮਾਨੇ ਉਪਰ ਫੈਲਾਏ ਜਾਣ ਵਾਲੇ ਕੋੜ੍ਹ ਉਪਰ ਸਿਰੇ ਤੋਂ ਹੀ ਕਾਬੂ ਪਾ ਸਕੇਗੀ। ਨਵੇਂ ਪ੍ਰਾਵਧਾਨਾਂ ਦੇ ਤਹਿਤ 1,500 ਵਾਧੂ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਪੁਲਿਸ ਨੂੰ ਅਧਿਕਾਰੀ ਦਿੱਤੇ ਜਾ ਰਹੇ ਹਨ ਕਿ ਉਹ ਸ਼ੱਕ ਦੇ ਆਧਾਰ ਪੂਰੇ ਸਬੂਤਾਂ ਦੀ ਹੋਂਦ ਨਾਲ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਅਨਸਾਰਾਂ ਦੇ ਘਰਾਂ, ਵਾਹਨਾਂ ਆਦਿ ਦੀ ਚੈਕਿੰਗ -ਕਦੇ ਵੀ ਅਤੇ ਕਿਤੇ ਵੀ ਦੇ ਆਧਾਰ ਤੇ ਕਰ ਸਕਦੀ ਹੈ ਪਰੰਤੂ ਪੁਲਿਸ ਨੂੰ ਵੀ ਹਦਾਇਤਾਂ ਹਨ ਕਿ ਪੱਕੇ ਸਬੂਤਾਂ ਦੇ ਆਧਾਰ ਤੇ ਹੀ ਕਾਰਵਾਈਆਂ ਕੀਤੀਆਂ ਜਾਣ ਤਾਂ ਜੋ ਮੁਜਰਿਮ ਕਿਸੇ ਵੀ ਕੋਨੇ ਤੋਂ ਬੱਚ ਕੇ ਨਾ ਜਾ ਸਕੇ।

ਰਾਜ ਦੇ ਕ੍ਰਾਇਮ ਕਮਾਂਡਰ ਅਤੇ ਸਹਾਇਕ ਕਮਿਸ਼ਨਰ ਸਟੁਅਰਟ ਸਮਿਥ ਨੇ ਕਿਹਾ ਕਿ ਅਕਸਰ ਪੁਲਿਸ ਨੂੰ ਅਦਾਜ਼ਾ ਹੋ ਹੀ ਜਾਂਦਾ ਹੈ ਕਿ ਫੜਿਆ ਗਿਆ ਕੋਈ ਵੀ ਛੋਟਾ ਮੋਟਾ ਤਸਕਰ, ਮੋਟੀਆਂ ਸਪਲਾਈਆਂ ਕਿੱਥੋਂ ਹਾਸਲ ਕਰਦਾ ਹੈ ਅਤੇ ਨਵੇਂ ਅਧਿਕਾਰਾਂ ਦੇ ਤਹਿਤ ਹੁਣ ਪੁਲਿਸ ਉਸ ਦਾ ਗਿਰੇਬਾਨ ਫੜਨ ਵਿੱਚ ਦੇਰ ਨਹੀਂ ਲਗਾਵੇਗੀ ਅਤੇ ਇਸ ਨਾਲ ਇੱਕਦਮ ਨੈਟਵਰਕ ਤੇ ਹਮਲਾ ਕਰਕੇ ਉਸਨੂੰ ਤੋੜਿਆ ਜਾ ਸਕਦਾ ਹੈ। ਦੋ ਸਾਲਾਂ ਦਾ ਸਮਾਂ ਖ਼ਤਮ ਹੋਣ ਤੇ ਮੁੜ ਤੋਂ ਇਸ ਪਾਇਲਟ ਪ੍ਰਾਜੈਕਟ ਦੀ ਕਾਰਗੁਜ਼ਾਰੀਆਂ ਉਪਰ ਘੋਖ ਪੜਤਾਲ ਕੀਤੀ ਜਾਵੇਗੀ ਅਤੇ ਅਗਲਾ ਕਦਮ ਫੇਰ ਹੀ ਚੁੱਕਿਆ ਜਾਵੇਗਾ।

Install Punjabi Akhbar App

Install
×