
ਪਰਵਾਰਕ, ਭਾਈਚਾਰਕ ਅਤੇ ਅਪੰਗਤਾ ਲਈ ਸੇਵਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਗੈਰਥ ਵਾਰਡ ਦਾ ਕਹਿਣਾ ਹੈ ਕਿ ਰਾਜ ਸਰਕਾਰ ਦੇ ਉਪਯੁਕਤ ਯਤਨਾਂ ਸਦਕਾ ਬੀਤੇ ਸਾਲ ਦੀ ਤੁਲਨਾ ਵਿੱਚ ਇਸ ਸਾਲ 14% ਦਾ ਆਂਕੜਾ ਅਜਿਹੇ ਲੋਕਾਂ ਦਾ ਥੱਲੇ ਨੂੰ ਆਇਆ ਹੈ ਜਿਨ੍ਹਾਂ ਕੋਲ ਆਪਣੀ ਛੱਤ ਨਹੀਂ ਹੁੰਦੀ ਅਤੇ ਉਹ ਤਾਅ ਉਮਰ ਗਲੀਆਂ ਵਿੱਚ ਹੀ ਵਿਚਰਦੇ ਰਹਿੰਦੇ ਹਨ ਅਤੇ ਉਪਰੋਕਤ ਆਂਕੜੇ ਇਹ ਦਰਸਾਉਂਦ ਹਨ ਕਿ ਰਾਜ ਅੰਦਰ ਰਹਿ ਰਹੇ ਘਰਾਂ ਤੋਂ ਵਾਂਝੇ ਲੋਕਾਂ ਨੂੰ ਕਾਫੀ ਮਾਤਰਾ ਵਿੱਚ ਘਰ ਮਿਲੇ ਹਨ ਅਤੇ ਇਸ ਦਾ ਸਿਹਰਾ ਰਾਜ ਸਰਕਾਰ ਦੇ ਸਿਰ ਉਪਰ ਹੀ ਬੱਝਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਗਲੀਆਂ ਵਿੱਚ ਸੌਣ ਵਾਲੇ ਲੋਕਾਂ ਦੀ ਤਾਦਾਦ 1,131 ਦਰਜ ਕੀਤੀ ਗਈ ਹੈ ਜਦੋਂ ਕਿ ਬੀਤੇ ਸਾਲ ਇਹ ਆਂਕੜਾ 1,314 ਸੀ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ 150 ਤੋਂ ਵੀ ਜ਼ਿਆਦਾ ਸਥਾਨਕ ਸੰਸਥਾਵਾਂ, ਸਰਕਾਰ ਨਾਲ ਮਿਲ ਕੇ ਰਾਜ ਦੇ 280 ਤੋਂ ਵੀ ਜ਼ਿਆਦਾ ਕਸਬਿਆਂ ਅਤੇ ਸਬਅਰਬਾਂ ਵਿੱਚ ਬੇਘਰਿਆਂ ਨੂੰ ਘਰ ਆਦਿ ਦੇਣ ਦਾ ਕਾਰਜ ਕਰ ਹੀ ਹੈ ਅਤੇ ਇਸ ਨਾਲ ਲੋਕਾਂ ਨੂੰ ਆਪਣੇ ਜੀਵਨ-ਯਾਪਨ ਲਈ ਚਾਰ ਦਿਵਾਰੀ ਅਤੇ ਛੱਤ ਮੁਹੱਈਆ ਕਰਵਾਈਆ ਜਾ ਰਹੀ ਹੈ।
ਇਕੱਲੇ ਸਿਡਨੀ ਸ਼ਹਿਰ ਅੰਦਰ ਹੀ ਬੇਘਰਿਆਂ ਦੀ ਗਿਣਤੀ ਦਾ ਆਂਕੜਾ 19% ਤੱਕ ਲੁੜਕਿਆ ਹੈ ਅਤੇ ਸਰਕਾਰ ਦੀ ਵਧੀਆ ਕਾਰਗੁਜ਼ਾਰੀ ਕਾਰਨ ਹੀ ਇਹ ਸਭ ਸੰਭਵ ਹੋ ਸਕਿਆ ਹੈ। ਇਸ ਵਾਸਤੇ ਸਰਕਾਰ ਨੇ 60 ਅਜਿਹੀਆਂ ਥਾਵਾਂ ਉਪਰ ਘਰ ਉਪਲੱਭਧ ਕਰਵਾਏ ਹਨ ਅਤੇ ਇਸ ਵਾਸਤੇ 65 ਮਿਲੀਅਨ ਡਾਲਰਾਂ ਦੀ ਰਾਸ਼ੀ ਵੀ ਸਰਕਾਰ ਵੱਲੋਂ ਨਿਵੇਸ਼ ਕੀਤੀ ਗਈ ਹੈ। ਸਰਕਾਰ ਵੱਲੋਂ ਇਹ ਟੀਚਾ ਵੀ ਮਿੱਥਿਆ ਗਿਆ ਹੈ ਕਿ ਆਉਣ ਵਾਲੇ 2025 ਤੱਕ ਅਜਿਹੇ ਯਤਨ ਕੀਤੇ ਜਾਣ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਚਾਰ ਦਿਵਾਰੀਆਂ ਅਤੇ ਛੱਤਾਂ ਦੇ ਅੰਦਰ ਹੋਣ ਅਤੇ ਕੋਈ ਵੀ ਗਲੀਆਂ ਆਦਿ ਵਿੱਚ ਨਾ ਰਹੇ। ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ https://www.facs.nsw.gov.au/about/reforms/homelessness/premiers-priority-to-reduce-street-homelessness/street-count ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।