ਨਿਊ ਸਾਊਥ ਵੇਲਜ਼ ਵਿੱਚ ਹੜ੍ਹਾਂ ਨੇ ਤੋੜੇ ਸਭ ਹੱਦ-ਬੰਨ੍ਹੇ; ਰਿਹਾਇਸ਼ੀ ਥਾਵਾਂ ਖਾਲੀ ਕਰਨਾ ਅਤੇ ਕਰਾਉਣਾ ਲਗਾਤਾਰ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰਾਜ ਵਿਚਲੇ ਮੌਸਮ ਵਿਭਾਗ ਅਤੇ ਡਿਜ਼ਾਸਟਰ ਮੈਨੇਜਮੈਂਟ ਦੇ ਉਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਅੰਦਰ ਇਸ ਸਮੇਂ ਜੋ ਹੜ੍ਹਾਂ ਨਾਲ ਤਬਾਹੀ ਹੋ ਰਹੀ ਹੈ ਉਹ ਪਹਿਲਾਂ ਕਦੀ ਵੀ ਨਹੀਂ ਦੇਖੀ ਅਤੇ ਹਾਲੇ ਤਾਂ ਵਰਖਾ ਹੋਰ ਵੀ ਹੋਣੀ ਹੈ ਅਤੇ ਦਿਨ-ਪਰ-ਦਿਨ ਹਾਲਾਤ ਬਦਤਰ ਹੋ ਰਹੇ ਹਨ।
ਰਾਜ ਦੇ ਮਿਡ-ਨਾਰਥ ਕੋਸਟਲ ਖੇਤਰ ਵਿੱਚੋਂ ਹੜ੍ਹਾਂ ਕਾਰਨ ਲੋਕਾਂ ਨੂੰ ਉਨ੍ਹਾਂ ਦੀਆਂ ਥਾਵਾਂ ਉਪਰੋਂ ਹਟਾ ਕੇ ਸੁਰੱਖਿਅਤ ਥਾਵਾਂ ਉਪਰ ਪਹੁੰਚਾਉਣ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਖੇਤਰ ਦੀਆਂ ਨਦੀਆਂ, ਖਾਸ ਕਰਕੇ ਕੋਲੋ ਨਦੀ ਵਿੱਚ ਤਾਂ ਬਹੁਤ ਜ਼ਿਆਦਾ ਪਾਣੀ ਦਾ ਭਰਾਉ ਅਤੇ ਰਫ਼ਤਾਰ ਲਗਾਤਾਰ ਜਾਰੀ ਹੈ ਅਤੇ ਇਸ ਦੇ ਨਾਲ ਲਗਦੇ ਨਿਚਲੇ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦਾ ਕੰਮ ਬੀਤੀ ਦੇਰ ਰਾਤ ਤੱਕ ਵੀ ਜਾਰੀ ਰਿਹਾ ਅਤੇ ਹੁਣ ਵੀ ਜਾਰੀ ਹੈ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਹਾਕਸਬੈਰੀ ਨਦੀ ਦੁਆਲੇ ਵੀ ਸਥਿਤੀਆਂ ਬਹੁਤ ਹੀ ਨਾਜ਼ੁਕ ਹਨ ਅਤੇ ਸਾਲ 1988-1990 ਦੀ ਯਾਦ ਤਾਜ਼ਾ ਕਰਵਾ ਰਹੀਆਂ ਹਨ ਜਦੋਂ ਹਾਕਸਬੈਰੀ ਨਦੀ ਵਿੱਚ ਆਏ ਹੜ੍ਹਾਂ ਕਾਰਨ, ਇਸ ਖੇਤਰ ਵਿੱਚ ਭਾਰੀ ਤਬਾਹੀ ਹੋਈ ਸੀ ਅਤੇ ਮੌਸਮ ਵਿਭਾਗ ਅਨੁਸਾਰ ਅੱਜ ਵੀ ਵਰਖਾ ਦਾ ਜੋਰ ਕਾਫੀ ਵਧ ਹੀ ਰਿਹਾ ਹੈ ਅਤੇ ਭਾਰੀ ਵਰਖਾ ਦੀਆਂ ਵੀ ਚਿਤਾਵਨੀਆਂ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਹਨ।
ਆਪਾਤਕਾਲੀਨ ਵਿਭਾਗ ਦੇ ਕਰਮਚਾਰੀਆਂ ਵੱਲੋਂ, ਸਮੇਤ ਸਿਡਨੀ ਦੇ ਉਤਰ-ਪੱਛਮੀ ਖੇਤਰ, ਹੋਰਨਾਂ ਜੋਖਮ ਵਾਲੇ ਖੇਤਰਾਂ ਵਿੱਚੋਂ ਹੁਣ ਤੱਕ 18,000 ਤੋਂ ਵੀ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਪਰ ਪਹੁੰਚਾਇਆ ਜਾ ਚੁਕਿਆ ਹੈ ਅਤੇ ਅਜਿਹੇ ਹੋਰ ਹੁਕਮ ਅਤੇ ਚਿਤਾਵਨੀਆਂ ਵੀ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਹਨ।
ਵਿਭਾਗ ਵੱਲੋਂ ਨਾਰਥ ਰਿਚਮੰਡ ਅਤੇ ਐਗਨੀਜ਼ ਬੈਂਕਸ ਖੇਤਰ ਵਿੱਚ ਵੀ ਹੜ੍ਹਾਂ ਦਾ ਪਾਣੀ ਵੱਧਣ ਕਾਰਨ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਅਤੇ ਅਜਿਹੀਆਂ ਹੀ ਚਿਤਾਵਨੀਆਂ ਨੇਪੀਅਨ ਨਦੀ (ਪੈਨਰਿਥ) ਵਿਖੇ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਮੇਨਾਂਗਲ ਬ੍ਰਿਜ ਵਿਖੇ ਅਪਰ ਨੇਪੀਅਨ ਨਦੀ ਉਪਰ ਵੀ ਨਦੀ ਵਿੱਚ ਵੱਧ ਰਹੇ ਪਾਣੀ ਦਾ ਅਸਰ ਪੈਣਾ ਵਾਜਿਬ ਹੈ।
ਦੂਸਰੇ ਪਾਸੇ ਇੱਕ ਚੰਗੀ ਖ਼ਬਰ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਜੈਮਿਸਨਟਾਊਨ ਦੇ ਪੱਛਮੀ ਭਾਗਾਂ ਅਤੇ ਪੈਨਰਿਥ ਦੇ ਪੱਛਮੀ ਭਾਗਾਂ, ਮਲਗੂਆ ਦੇ ਉਤਰੀ ਖੇਤਰ ਆਦਿ ਵਿੱਚੋਂ ਪਹਿਲਾਂ ਸੁਰੱਖਿਅਤ ਥਾਵਾਂ ਉਪਰ ਪਹੁੰਚਾਇਆ ਗਿਆ ਸੀ, ਨੂੰ ਪ੍ਰਸ਼ਾਸਨ ਵੱਲੋਂ ਘਰਾਂ ਨੂੰ ਪਰਤਣ ਲਈ ਹਰੀ ਝੰਡੀ ਦਿਖਾ ਦਿੱਤੀ ਗਈ ਹੈ ਅਤੇ ਲੋਕ ਆਪਣੇ ਘਰਾਂ ਨੂੰ ਪਰਤਣੇ ਸ਼ੁਰੂ ਹੋ ਚੁਕੇ ਹਨ।

Install Punjabi Akhbar App

Install
×