ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਸਿੰਘੂ ਬਾਰਡਰ ’ਤੇ ਪੱਕੇ ਮੋਰਚੇ ਦੇ 145ਵੇਂ ਦਿਨ ਇਕੱਠ ਕਰਕੇ ਕੀਤਾ ਐਲਾਨ

21 ਅਪ੍ਰੈਲ ਨੂੰ ਹਜਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਦਾ ਜੱਥਾ ਪੰਜਾਬ ਤੋਂ ਪੱਕੇ ਮੋਰਚੇ ਵਿੱਚ ਹੋਵੇਗਾ ਸ਼ਾਮਲ

ਕਿਸਾਨ ਆਗੂਆਂ ਨੇ ਦਿੱਲੀ ਸਰਕਾਰ ਵੱਲੋਂ 6 ਦਿਨ ਦੇ ਲਾਏ ਲੌਕਡਾਊਨ ਨਿਖੇਧੀ ਕੀਤੀਲੌਕਡਾਊਨ ਕਿਸਾਨਾਂ-ਮਜ਼ਦੂਰਾਂ ਅਤੇ ਆਮ ਲੋਕਾਂ ਲਈ ਪ੍ਰੇਸ਼ਾਨੀ ਖੜ੍ਹੀ ਕਰਨ ਵਾਲਾਭੁਲੱਥ, 20 ਅਪ੍ਰੈਲ (ਅਜੈ ਗੋਗਨਾ )—ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਖਜਾਨਚੀ ਗੁਰਲਾਲ ਸਿੰਘ ਅਤੇ ਰਣਬੀਰ ਸਿੰਘ ਰਾਣਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੰਘੂ ਬਾਰਡਰ ਉੱਤੇ ਲੱਗੇ ਮੋਰਚੇ ਨੂੰ ਅੱਜ 145 ਦਿਨ ਹੋ ਗਏ ਹਨ। ਮੋਰਚਾ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ। ਅੱਜ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ, ਹੁਸ਼ਿਆਰਪੁਰ ਤੇ ਕਪੂਰਥਲਾ ਤੋਂ ਹਜਾਰਾਂ ਕਿਸਾਨਾਂ, ਮਜ਼ਦੂਰਾਂ ਬੀਬੀਆਂ ਦਾ ਜੱਥਾ ਕੂਚ ਕਰ ਚੁੱਕਾ ਹੈ ਤੇ ਇਹ ਕੱਲ੍ਹ 21 ਅਪਰੈਲ ਨੂੰ ਸਿੰਘੂ ਬਾਰਡਰ ਉੱਤੇ ਪਹੁੰਚ ਕੇ ਆਪਣੀਆਂ ਡਿਊਟੀਆਂ ਸੰਭਾਲ ਲਵੇਗਾ। ਕਿਸਾਨ ਆਗੂਆਂ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਬਿਨਾ ਵਜਾਹ 6 ਦਿਨ ਦੇ ਲਾਏ ਲੌਕਡਾਊਨ ਦੀ ਸਖਤ ਨਿਖੇਧੀ ਕੀਤੀ ਗਈ ਤੇ ਕਿਹਾ ਗਿਆ ਕਿ ਲੌਕਡਾਊਨ ਕੋਰੋਨਾ ਦੀ ਬਿਮਾਰੀ ਦਾ ਕੋਈ ਹੱਲ ਨਹੀਂ ਹੈ। ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਅਤੇ ਡਾਕਟਰਾਂ ਦੀ ਕਮੀ ਦੂਰ ਕਰਨ ਦੀ ਲੋੜ ਹੈ। ਕੋਰੋਨਾ ਕੋਈ ਬਹੁਤ ਖਤਰਨਾਕ ਬਿਮਾਰੀ ਨਹੀਂ ਹੈ। ਇਸ ਦਾ ਇਲਾਜ ਸੰਭਵ ਹੈ। ਲੌਕਡਾਊਨ ਨਾਲ ਆਮ ਨਾਗਰਿਕਾਂ, ਵਪਾਰੀਆਂ, ਕਾਮਿਆਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਪਿਛਲੇ ਸਾਲ ਤਾਲਾਬੰਦੀ ਨਾਲ ਕਰੋੜਾਂ ਲੋਕ ਬੇਰੁਜ਼ਗਾਰ ਹੋਏ ਹਨ, ਜਿਹਨਾਂ ਨੂੰ ਅੱਜ ਤੱਕ ਰੁਜ਼ਗਾਰ ਨਹੀਂ ਮਿਲਿਆਂ। ਸਰਕਾਰਾਂ ਵੱਲੋਂ ਬੇਰੁਜ਼ਗਾਰ ਹੋਏ ਲੋਕਾਂ ਦੀ ਕੋਈ ਆਰਥਿਕ ਮੱਦਦ ਨਹੀਂ ਕੀਤੀ ਗਈ। ਹੁਣ ਵੀ ਲੋਕਾਂ ਵਿੱਚ ਵੱਡਾ ਡਰ ਪਾਇਆ ਜਾ ਰਿਹਾ ਹੈ। ਲੋਕ ਆਪਣੇ ਘਰਾਂ ਨੂੰ ਮੁੜਨ ਲਈ ਵਹੀਰਾਂ ਘੱਤ ਚੁੱਕੇ ਹਨ। ਕਿਸਾਨ ਆਗੂਆਂ ਨੇ ਅੱਗੇ ਕਿਹਾ ਹੈ ਕਿ ਲੌਕਡਾਊਨ ਨੂੰ ਵਰਤ ਕੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਰਹੇ, ਕਿਸਾਨਾਂ-ਮਜ਼ਦੂਰਾਂ ਨੂੰ ਮਾਨਸਿਕ ਤੌਰ ’ਤੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਮੋਦੀ ਸਰਕਾਰ, ਕੈਪਟਨ ਅਤੇ ਕੇਜਰੀਵਾਲ ਸਰਕਾਰ ਕਿਸੇ ਵੀ ਕੀਮਤ ਉੱਤੇ ਸਫਲ ਨਹੀਂ ਹੋ ਸਕਦੀ। ਕਿਸਾਨ ਸਰਕਾਰ ਦੀਆਂ ਚਾਲਾਂ ਦਾ ਮੂੰਹ ਤੋੜਵਾਂ ਜੁਆਬ ਜਥੇਬੰਦਕ ਸ਼ਕਤੀ ਨਾਲ ਦੇਣਗੇ ਤੇ ਜਿੱਤ ਤੱਕ ਮੋਰਚਾ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਲੌਕਡਾਊਨ ਤੁਰੰਤ ਹਟਾਇਆ ਜਾਵੇ, ਤਿੰਨੇ ਖੇਤੀ ਕਾਨੂੰਨ ਰੱਦ ਕਰਨ ਸਮੇਤ ਸਾਰੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਇਸ ਮੌਕੇ ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜੁਤਾਲਾ, ਮੰਗਲ ਸਿੰਘ ਸਵਾਈਕੇ, ਸੁਰਜੀਤ ਸਿੰਘ ਬਸਤੀ ਰਾਮਲਾਲ, ਗੁਰਬਖਸ਼ ਸਿੰਘ ਪੰਜਗਰਾਈਂ, ਰਣਜੀਤ ਸਿੰਘ ਖੱਚਰਵਾਲਾ, ਬਲਵਿੰਦਰ ਸਿੰਘ ਲਹੁਕਾ, ਸੁਖਪ੍ਰੀਤ ਸਿੰਘ ਪਸਣਕਦੀਮ, ਦਿਲਪ੍ਰੀਤ ਸਿੰਘ ਉੱਚਾ, ਸਰਵਣ ਸਿੰਘ ਬਾਊਪੁਰ ਸਲਵਿੰਦਰ ਸਿੰਘ ਜਾਣੀਆਂ, ਗੁਰਮੇਲ ਸਿੰਘ ਰੇੜਵਾਂ, ਹਾਕਮ ਸਿੰਘ ਸ਼ਾਹਜਹਾਨਪੁਰ ਆਦਿ ਨੇ ਸੰਬੋਧਨ ਕੀਤਾ।

Install Punjabi Akhbar App

Install
×