ਮੋਦੀ ਸਰਕਾਰ ਬਣਨ ਤੋਂ ਬਾਅਦ ਫਿਰਕੂ ਹਿੰਸਾ ਵਧੀ-ਸੋਨੀਆ ਗਾਂਧੀ

sonia-gandhi-140812

ਨਰਿੰਦਰ ਮੋਦੀ ਸਰਕਾਰ ਉਪਰ ਸਿੱਧਾ ਹਮਲਾ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਹੈ ਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਦੇਸ਼ ਵਿਚ ਜਾਤੀ ਹਿੰਸਾ ਵਿਚ ਵਾਧਾ ਹੋਇਆ ਹੈ। ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਹੈ ਕਿ ਇਹ ਫਿਰਕੂ ਹਿੰਸਾ ਲੋਕਾਂ ਨੂੰ ਵੰਡਣ ਲਈ ਇਸ ਸਰਕਾਰ ਦੀ ਸੋਚੀ ਸਮਝੀ ਕੋਸ਼ਿਸ਼ ਦਾ ਹਿੱਸਾ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਦਿੱਲੀ ਤੋਂ ਬਾਹਰ ਪਹਿਲੀ ਵਾਰ ਪਾਰਟੀ ਦੀ ਇਕ ਜਨ ਸਭਾ ਨੂੰ ਤੀਰੂਵਨੰਤਪੁਰਮ ਵਿਖੇ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਉਤਰ ਪ੍ਰਦੇਸ਼, ਮਹਾਰਾਸ਼ਟਰ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਮੁੜ ਫਿਰਕੂ ਹਿੰਸਾ ਹੋਣਾ ਗੰਭੀਰ ਚਿੰਤਾ ਦਾ ਮਾਮਲਾ ਹੈ। ਸੋਨੀਆ ਗਾਂਧੀ ਦਾ ਇਹ ਬਿਆਨ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਦੇ ਉਸ ਬਿਆਨ ਤੋਂ ਕੁਝ ਦਿਨ ਬਾਅਦ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉੱਤਰ ਪ੍ਰਦੇਸ਼ ਵਿਚ ਜਾਣਬੁਝਕੇ ਫਿਰਕੂ ਹਿੰਸਾ ਭੜਕਾਈ ਗਈ ਹੈ। ਕੇਰਲਾ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਬਣਿਆਂ 11 ਹਫਤੇ ਲੰਘੇ ਹਨ ਜਿਸ ਦੌਰਾਨ ਜਾਤੀ ਹਿੰਸਾ ਵਿਚ ਵਾਧਾ ਹੋਇਆ ਹੈ। ਇਹ ਹਿੰਸਾ ਦੇਸ਼ ਦੇ ਲੋਕਾਂ ਵਿਚ ਵੰਡੀਆਂ ਪਾਉਣ ਲਈ ਗਿਣਮਿਥਕੇ ਪੈਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਵਿਚ ਫਿਰਕੂ ਹਿੰਸਾ ਦੀਆਂ 600 ਤੋਂ ਵਧ ਘਟਨਾਵਾਂ ਹੋਈਆਂ ਹਨ ਤੇ ਮਹਾਰਾਸ਼ਟਰ ਦਾ ਵੀ ਇਹ ਹੀ ਹਾਲ ਹੈ ਜਦ ਕਿ ਯੂ.ਪੀ.ਏ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਸ਼ਾਇਦ ਹੀ ਅਜਿਹੀ ਕੋਈ ਘਟਨਾ ਵਾਪਰੀ ਹੋਵੇ। ਕਾਂਗਰਸ ਪ੍ਰਧਾਨ ਨੇ ਇਸਰਾਈਲ ਦੇ ਗਾਜ਼ਾ ਪਟੀ ਉਪਰ ਹਮਲੇ ਦੇ ਮੁੱਦੇ ‘ਤੇ ਫਲਸਤੀਨੀਆਂ ਨਾਲ ਲੋੜੀਂਦੀ ਇਕਜੁੱਟਤਾ ਪ੍ਰਗਟਾਉਣ ਵਿਚ ਅਸਫਲ ਰਹਿਣ ਲਈ ਵੀ ਮੋਦੀ ਸਰਕਾਰ ਦੀ ਸਖਤ ਅਲੋਚਨਾ ਕੀਤੀ।

Install Punjabi Akhbar App

Install
×