”ਮੁਫ਼ਤ ਸਿਹਤ ਸੰਭਾਲ ਸਭ ਦਾ ਹੱਕ” ਰਾਜ ਭਰ ਵਿੱਚ ਖੁੱਲ੍ਹ ਰਹੇ ਹੋਰ 12 ਸੈਂਟਰ: ਡੇਨੀਅਲ ਐਂਡ੍ਰਿਊਜ਼

ਵਿਕਟੌਰੀਆ ਰਾਜ ਦੇ ਪ੍ਰੀਮੀਅਰ -ਡੇਨੀਅਲ ਐਂਡ੍ਰਿਊਜ਼ ਨੇ ਇੱਕ ਤਾਜ਼ਾ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਰਾਜ ਭਰ ਵਿੱਚ 12 ਹੋਰ ਪੀ.ਪੀ.ਸੀ.ਸੀ. (Priority Primary Care Centres) ਸੈਂਟਰ ਖੋਲ੍ਹੇ ਜਾ ਰਹੇ ਹਨ ਤਾਂ ਜੋ ਰਾਜ ਦੇ ਹਰ ਇੱਕ ਨਾਗਰਿਕ ਨੂੰ ਮੁਫ਼ਤ ਵਿੱਚ ਸਿਹਤ ਸੰਭਾਲ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸੇਵਾ ਰਾਜ ਦੇ ਹਰ ਇੱਕ ਨਾਗਰਿਕ ਦਾ ਮੁੱਢਲਾ ਹੱਕ ਹੈ ਅਤੇ ਇਸ ਵਾਸਤੇ ਸਰਕਾਰ ਭਰਪੂਰ ਯੋਜਨਾਵਾਂ ਲਿਆ ਰਹੀ ਹੈ ਅਤੇ ਮਹੱਤਵਪੂਰਨ ਨਵੇਂ ਕਦਮ ਚੁੱਕ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਭਰ ਵਿੱਚ ਇਸ ਸਮੇਂ ਅਜਿਹੇ 10 ਸੈਂਟਰ ਪਹਿਲਾਂ ਤੋਂ ਹੀ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਕਈ ਵਾਰੀ ਲੋਕਾਂ ਨੂੰ ਬਿਮਾਰ ਹੋ ਜਾਣ ਤੇ ਕਾਫੀ ਡਾਲਰ ਖਰਚ ਕਰਨੇ ਪੈਂਦੇ ਹਨ ਅਤੇ ਇਹ ਖਰਚਾ ਉਨ੍ਹਾਂ ਦੀ ਸਮਰੱਥਾ ਤੋਂ ਬਾਹਰ ਹੋ ਜਾਂਦ ਹੈ ਤਾਂ ਇਸੇ ਦੇ ਮੱਦੇਨਜ਼ਰ ਅਜਿਹੇ ਸੈਂਟਰ ਖੋਲ੍ਹੇ ਗਏ ਸਨ ਕਿ ਲੋਕਾਂ ਉਪਰ ਇਸ ਖਰਚੇ ਦਾ ਬੋਝ ਘਟਾਇਆ ਜਾ ਸਕੇ। ਪਹਿਲਾਂ ਤੋਂ ਖੋਲ੍ਹੇ ਗਏ ਸੈਂਟਰਾਂ ਪ੍ਰਤੀ ਲੋਕਾਂ ਦੇ ਹੁੰਗਾਰੇ ਨੂੰ ਦੇਖਦਿਆਂ, ਹੁਣ ਰਾਜ ਭਰ ਵਿੱਚ 12 ਹੋਰ ਅਜਿਹੇ ਹੀ ਕੇਂਦਰ ਖੋਲ੍ਹੇ ਜਾ ਰਹੇ ਹਨ ਤਾਂ ਕਿ ਰਾਜ ਭਰ ਦੇ ਲੋਕਾਂ ਨੂੰ ਮੁਫ਼ਤ ਵਿੱਚ ਸਿਹਤ ਸਹੂਲਤਾਂ ਆਦਿ ਮੁਹੱਈਆ ਕਰਵਾਈਆਂ ਜਾ ਸਕਣ।
ਰਾਜ ਦੇ ਕਾਰਜਕਾਰੀ ਸਿਹਤ ਮੰਤਰੀ -ਕੋਲਿਨ ਬਰੁੱਕਸ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਰਾਜ ਦੇ ਹਰ ਇੱਕ ਨਾਗਰਿਕ ਨੂੰ ਸਿਹਤ ਸਹੂਲਤਾਂ ਅਤੇ ਮੁਫ਼ਤ ਇਲਾਜ ਮਿਲਣਗੇ ਅਤੇ ਜਿੱਥੇ ਪਹਿਲਾਂ ਤੋਂ ਚੱਲ ਰਹੇ ਅਜਿਹੇ ਕੇਂਦਰਾਂ ਅਤੇ ਆਪਾਤਕਾਲੀਨ ਸੇਵਾਵਾਂ ਵਾਲੇ ਕੇਂਦਰਾਂ ਆਦਿ ਵਿਖੇ ਮਰੀਜ਼ਾਂ ਦਾ ਇੰਤਜ਼ਾਰ ਸਮਾਂ (waiting time) ਵੀ ਘਟੇਗਾ ਉਥੇ ਹੀ ਰਾਜ ਭਰ ਵਿੱਚ ਦਿਨ ਰਾਤ ਸੇਵਾਵਾਂ ਨਿਭਾ ਰਹੇ ਡਾਕਟਰਾਂ ਅਤੇ ਨਰਸਾਂ ਉਪਰ ਕੰਮ ਦਾ ਪ੍ਰੈਸ਼ਰ ਵੀ ਘਟੇਗਾ।
ਅਗਲੇ ਕਦਮਾਂ ਦੌਰਾਨ ਅਜਿਹੇ ਸੈਂਟਰ ਮਿਲਡੂਰਾ, ਸਨਬਰੀ ਅਤੇ ਬੈਂਡਿਗੋ ਵਿੱਚ ਵੀ ਖੋਲ੍ਹਣ ਦੀਆਂ ਤਜਵੀਜ਼ਾਂ ਹਨ ਪਰੰਤੂ ਹਾਲ ਦੀ ਘੜੀ ਇਨ੍ਹਾਂ ਦਾ ਸਮਾਂ ਤੈਅ ਨਹੀਂ ਹੈ। ਇਨ੍ਹਾਂ ਸੈਂਟਰਾਂ ਦੇ ਖੁਲ੍ਹਣ ਨਾਲ ਰਾਜ ਭਰ ਵਿੱਚ ਅਜਿਹੇ ਸੈਂਟਰਾਂ ਦੀ ਗਿਣਤੀ 25 ਹੋ ਜਾਵੇਗੀ।