ਗੁਰੂ ਆਸਰਾ ਕਲੱਬ ਕੈਨੇਡਾ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਕੀਤੀ ਗਈ ਮਹੀਨੇਵਾਰ ਰਾਸ਼ਨ ਦੀ ਵੰਡ

ਫਰੀਦਕੋਟ -ਗੁਰੂ ਆਸਰਾ ਕਲੱਬ ਕੈਨੇਡਾ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੀ ਵੰਡ ਲਈ ਇੱਕ ਸਾਦਾ ਸਮਾਰੋਹ ਸੇਵ ਹਿਊਮੈਨਿਟੀ ਕੰਪਿਊਟਰ ਸੈਂਟਰ, ਕੋਟਕਪੂਰਾ ਰੋਡ ਫਰੀਦਕੋਟ ਵਿਖੇ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵ ਹਿਊਮੈਨਿਟੀ ਫਾਊਂਡੇਸ਼ਨ (ਰਜਿ:) ਫਰੀਦਕੋਟ ਦੇ ਸੇਵਾਦਾਰਾਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਵਿਕਾਸਦੀਪ ਸਿੰਘ ਗਰੋਵਰ ਨੇ ਦੱਸਿਆ ਕਿ ਗੁਰੂ ਆਸਰਾ ਕਲੱਬ ਕੈਨੇਡਾ ਦੇ ਸਹਿਯੋਗ ਨਾਲ ਫਰੀਦਕੋਟ ਦੇ 13 ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਦੀ ਸੇਵਾ ਕੀਤੀ ਜਾ ਰਹੀ ਹੈ। ਇਹਨਾਂ ਪਰਿਵਾਰਾਂ ਵਿੱਚ ਬੇਸਹਾਰਾ ਬਜ਼ੁਰਗ, ਅੰਗਹੀਣ ਅਤੇ ਵਿਧਵਾਵਾਂ ਸ਼ਾਮਲ ਹਨ। ਉਹਨਾਂ ਦੱਸਿਆ ਕਿ ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬ ਨਾਲ ਸਬੰਧਤ ਨੌਜਵਾਨ ਵੀਰਾਂ-ਭੈਣਾਂ ਵੱਲੋਂ ਸੰਗਤੀ ਰੂਪ ਵਿੱਚ ਹਰ ਮਹੀਨੇ ਆਪਣੀ ਕਿਰਤ ਕਮਾਈ ਦਾ ਦਸਵੰਧ ਇਕੱਠਾ ਕਰਦੇ ਹਨ ਅਤੇ ਪੰਜਾਬ ਦੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ, ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਆਰਥਿਕ ਮੱਦਦ, ਲੋੜਵੰਦ ਮਰੀਜਾਂ ਦੇ ਇਲਾਜ ਆਦਿ ਦੀ ਸੇਵਾ ਵਿੱਚ ਸਹਿਯੋਗ ਕਰਦੇ ਹਨ। ਅੱਜ ਦੇ ਇਸ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਡਾ. ਸੰਜੇ ਕਪੂਰ ਸਿਵਲ ਸਰਜਨ, ਫਰੀਦਕੋਟ ਅਤੇ ਡਾ. ਚੰਦਰ ਸ਼ੇਖਰ ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਫਰੀਦਕੋਟ ਸ਼ਾਮਲ ਹੋਏ ਅਤੇ ਉਹਨਾਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕੰਪਿਊਟਰ ਸੈਂਟਰ ‘ਤੇ ਹਾਜਰ ਸਿੱਖਿਆਰਥੀਆਂ, ਪਤਵੰਤਿਆਂ ਅਤੇ ਲੋੜਵੰਦ ਪਰਿਵਾਰਾਂ ਨੂੰ ਸਾਦਾ ਅਤੇ ਸਿਹਤਮੰਦ ਜੀਵਨ ਜਿਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ 45 ਤੋਂ 60 ਸਾਲ ਅਤੇ 60 ਤੋਂ ਉੱਪਰ ਉਮਰ ਵਾਲੇ ਪਰਿਵਾਰਕ ਮੈਂਬਰਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਨ। ਇਸ ਮੌਕੇ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਭਿੰਡਰ ਨੇ ਗੁਰੂ ਆਸਰਾ ਕਲੱਬ ਕੈਨੇਡਾ ਦੇ ਸਮੂਹ ਸੇਵਾਦਾਰ ਵੀਰ ਭੈਣਾਂ ਦਾ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ ਦੇ ਵਿਦੇਸ਼ਾਂ ਵਿੱਚ ਵਸੇ ਧੀਆਂ ਪੁੱਤਰ ਵਿਦੇਸ਼ਾਂ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, ਉੱਥੇ ਹੀ ਪੰਜਾਬ ਦੇ ਲੋੜਵੰਦਾਂ ਦੀ ਮੱਦਦ ਕਰਨਾ ਵੀ ਆਪਣਾ ਫਰਜ਼ ਸਮਝਦੇ ਹਨ।
ਫੋਟੋ- ਮਹੀਨਾਵਾਰ ਰਾਸ਼ਨ ਦੀ ਵੰਡ ਸਮੇਂ ਹਾਜਰ ਸੇਵਾਦਾਰ ਅਤੇ ਪਤਵੰਤੇ।

Install Punjabi Akhbar App

Install
×