ਪੈਸੇ ਵਿੱਚ ਬੜੀ ਤਾਕਤ ਹੁੰਦੀ ਹੈ। ਕਹਿੰਦੇ ਹਨ ਕਿ ਪੈਸਾ ਹਰ ਦੇਸ਼ ਦੀ ਜ਼ੁਬਾਨ ਬੋਲਦਾ ਹੈ ਤੇ ਹਰ ਤਾਲੇ ਦੀ ਚਾਬੀ ਹੈ। ਪੈਸੇ ਵਾਲੇ ਬੰਦੇ ਦੀਆਂ ਗੱਲਾਂ ਹੀ ਅਲੱਗ ਹੁੰਦੀਆਂ ਹਨ। ਕਿਸੇ ਇਕੱਠ ਵਿੱਚ ਬੈਠੇ ਮਾਇਆਧਾਰੀ ਦੀ ਪਛਾਣ ਦੂਰੋਂ ਹੀ ਆ ਜਾਂਦੀ ਹੈ। ਉਹ ਬਾਕੀਆਂ ਨੂੰ ਟਿੱਚਰਾਂ ਮਖੌਲ ਕਰੇਗਾ ਤੇ ਉਸ ਦੇ ਮੂੰਹੋਂ ਹਾਸਾ ਆਪਣੇ ਆਪ ਫੁੱਟ ਫੁੱਟ ਕੇ ਨਿਕਲਦਾ ਹੈ। ਗਰੀਬ ਆਦਮੀ ਵਿਚਾਰਾ ਐਵੇਂ ਸਿਰ ਸੁੱਟ ਕੇ ਬੈਠਾ ਹੁੰਦਾ ਹੈ, ਮੂੰਹ ਤੇ ਸਿੱਕਰੀ ਜੰਮੀ ਹੁੰਦੀ ਹੈ। ਮਾਇਆਧਾਰੀ ਬੰਦੇ ਦੀ ਦਸਤਾਰ, ਰਫਤਾਰ ਅਤੇ ਗੁਫਤਾਰ ਬਾਕੀ ਲੋਕਾਂ ਤੋਂ ਵੱਖਰੀ ਹੀ ਨਜ਼ਰ ਆਉਂਦੀ ਹੈ। ਸਰਕਾਰੀ ਮੁਲਾਜ਼ਮਾਂ ਵਿੱਚ ਵੀ ਇਹ ਵੇਖਿਆ ਗਿਆ ਹੈ ਕਿ ਜੇ ਕੋਈ ਕਰਮਚਾਰੀ ਘਰੋਂ ਗਰੀਬ ਹੈ ਤਾਂ ਉਹ ਬਹੁਤ ਡਰ ਕੇ ਨੌਕਰੀ ਕਰਦਾ ਹੈ। ਪਰ ਜੇ ਕੋਈ ਘਰੋਂ ਅਮੀਰ ਹੈ ਤਾਂ ਉਹ ਬੇਪ੍ਰਵਾਹੀ ਤੇ ਆਕੜ ਨਾਲ ਨੌਕਰੀ ਕਰਦਾ ਹੈ। ਅਫਸਰਾਂ ਨਾਲ ਵੀ ਪੰਗੇ ਲੈ ਲੈਂਦਾ ਹੈ, ਭਾਵੇਂ ਬਾਅਦ ਵਿੱਚ ਨੁਕਸਾਨ ਹੀ ਉਠਾਵੇ।
ਮੇਰੇ ਨਾਨੇ ਦੀ ਭੈਣ ਅਜ਼ਾਦੀ ਤੋਂ ਪਹਿਲਾਂ ਸਰਗੋਧੇ ਜਿਲ੍ਹੇ ਦੇ ਇੱਕ ਪਿੰਡ ਵਿੱਚ ਬਹੁਤ ਜਿਆਦਾ ਜ਼ਮੀਨ ਜਾਇਦਾਦ ਵਾਲੇ ਖਾਨਦਾਨ ਵਿੱਚ ਵਿਆਹੀ ਹੋਈ ਸੀ। ਉਸ ਦਾ ਪਤੀ ਜ਼ੈਲਦਾਰ ਸੀ, ਜਿਸ ਕਾਰਨ ਉਸ ਦਾ ਵੱਡਾ ਲੜਕਾ ਅਨੂਪ ਸਿੰਘ ਅੰਗਰੇਜ਼ਾਂ ਨੇ ਸਿੱਧਾ ਥਾਣੇਦਾਰ ਭਰਤੀ ਕਰ ਲਿਆ ਸੀ। ਬਾਪ ਦੀ ਅਮੀਰੀ ਕਾਰਨ ਥਾਣੇਦਾਰ ਦੇ ਦਿਮਾਗ ਵਿੱਚ ਆਕੜ ਕੁੱਟ ਕੁੱਟ ਕੇ ਭਰੀ ਹੋਈ ਸੀ। ਉਸ ਵੇਲੇ ਭਾਰਤ ਵਿੱਚ ਵੀ ਇੰਗਲੈਂਡ ਵਾਂਗ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰਵਾਈ ਜਾਂਦੀ ਸੀ। ਇਥੋਂ ਤੱਕ ਕਿ ਬੱਸਾਂ ਵਿੱਚ ਉਵਰਲੋਡਿੰਗ ਤੱਕ ਦੀ ਵੀ ਮਨਾਹੀ ਸੀ। ਇੱਕ ਦਿਨ ਅਨੂਪ ਸਿੰਘ ਬੱਸ ਵਿੱਚ ਬੈਠਾ ਸਰਗੋਧੇ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ। ਜਦੋਂ ਸਵਾਰੀਆਂ ਵਧ ਗਈਆਂ ਤਾਂ ਕੰਡਕਟਰ ਜੋ ਉਸ ਦਾ ਵਾਕਿਫ ਸੀ, ਨੇ ਅਨੂਪ ਸਿੰਘ ਨੂੰ ਪੁੱਛਿਆ ਕਿ ਸਰਦਾਰ ਜੀ ਛੱਤ ‘ਤੇ ਸਵਾਰੀਆਂ ਬਿਠਾ ਲਈਏ? ਅਨੂਪ ਸਿੰਘ ਨੇ ਅੱਗੋਂ ਮੁੱਛ ਨੂੰ ਵੱਟ ਦੇ ਕੇ ਕਿਹਾ ਕਿ ਜਦੋਂ ਮੈਂ ਬੱਸ ਵਿੱਚ ਬੈਠਾ ਹਾਂ ਤਾਂ ਕਿਸੇ ਦੀ ਕੀ ਜ਼ੁੱਰਅਤ ਆ ਤੈਨੂੰ ਟੋਕ ਜਾਵੇ, ਜਾ ਨਜ਼ਾਰੇ ਲੈ। ਕੰਡਕਟਰ ਨੇ ਅੰਦਰ ਨਾਲੋਂ ਬਹੁਤੀਆਂ ਸਵਾਰੀਆਂ ਉੱਪਰ ਚਾੜ੍ਹ ਲਈਆਂ।
ਜਦੋਂ ਬੱਸ ਡਿੱਕੋਡੋਲੇ ਖਾਂਦੀ ਹੋਈ ਜਾ ਰਹੀ ਸੀ ਤਾਂ ਰਸਤੇ ਵਿੱਚ ਕਿਸੇ ਅੰਗਰੇਜ਼ ਡੀ.ਐਸ.ਪੀ. ਦੀ ਨਜ਼ਰੀਂ ਚੜ੍ਹ ਗਈ। ਉਸ ਨੇ ਬੱਸ ਰੋਕ ਕੇ ਉਵਰਲੋਡਿੰਗ ਦਾ ਕਾਰਨ ਪੁੱਛਿਆ ਤਾਂ ਤਿੜੇ ਹੋਏ ਕੰਡਕਟਰ ਨੇ ਦੱਸਿਆ ਕਿ ਅੰਦਰ ਸਰਦਾਰ ਅਨੂਪ ਸਿੰਘ ਥਾਣੇਦਾਰ ਬੈਠਾ ਹੈ। ਉਸ ਦੇ ਹੁਕਮ ਨਾਲ ਹੀ ਸਵਾਰੀਆਂ ਛੱਤ ‘ਤੇ ਬਿਠਾਈਆਂ ਹਨ। ਡੀ.ਐਸ.ਪੀ. ਨੇ ਅਨੂਪ ਸਿੰਘ ਨੂੰ ਬੁਲਾਉਣ ਦਾ ਹੁਕਮ ਦਿੱਤਾ। ਅੱਗੋਂ ਅਨੂਪ ਸਿੰਘ ਸਰਦਾਰੀ ਦੀ ਆਕੜ ਵਿੱਚ ਡੀ.ਐਸ.ਪੀ. ਨਾਲ ਖਹਿਬੜ ਪਿਆ। ਜਦੋਂ ਡੀ.ਐਸ.ਪੀ. ਨੇ ਦਬਕੇ ਮਾਰੇ ਤਾਂ ਉਹ ਬਜਾਏ ਕੋਈ ਸੌਰੀ ਆਦਿ ਕਹਿਣ ਦੇ ਬੋਲਿਆ, ”ਅਗਾਂਹ ਜਾ, ਤੇਰੇ ਵਰਗੇ ਮੇਰੇ ਪਿਉ ਦੇ ਬੂਟਾਂ ਦੇ ਤਸਮੇਂ ਬੰਨ੍ਹਦੇ ਫਿਰਦੇ ਆ।” ਦੋ ਘੰਟਿਆਂ ਬਾਅਦ ਹੀ ਥਾਣੇਦਾਰ ਸਾਹਿਬ ਦੇ ਡਿਸਮਿਸ ਦੇ ਆਰਡਰ ਘਰ ਪਹੁੰਚ ਗਏ।
ਕਹਿੰਦੇ ਹਨ ਕਿ ਬੰਦਾ ਪੈਸੇ ਦੇ ਜ਼ੋਰ ਤੇ ਹੀ ਛਾਲਾਂ ਮਾਰਦਾ ਹੈ ਤੇ ਪੈਸਾ ਖਤਮ ਹੁੰਦੇ ਸਾਰ ਸਾਰੀ ਆਕੜ ਫਾਕੜ ਖਤਮ ਹੋ ਜਾਂਦੀ ਹੈ। ਕਿਸੇ ਨੂੰ ਪੁੱਛਿਆ ਗਿਆ, ”ਤੇਰੇ ਗਰੀਬ ਰਿਸ਼ਤੇਦਾਰ ਕਿਹੜੇ ਕਿਹੜੇ ਹਨ?” ਉਸ ਨੇ ਕਿਰਲੇ ਵਾਂਗ ਧੌਣ ਅਕੜਾ ਕੇ ਜਵਾਬ ਦਿੱਤਾ, ”ਮੈਂ ਨਹੀ ਜਾਣਦਾ ਕਿਸੇ ਨੰਗ ਨੂੰ।” ਉਸ ਨੂੰ ਦੁਬਾਰਾ ਪੁੱਛਿਆ ਗਿਆ, ”ਤੇ ਤੇਰੇ ਅਮੀਰ ਰਿਸ਼ਤੇਦਾਰ ਕਿਹੜੇ ਹਨ?” ਉਸ ਨੇ ਮਰੀ ਜਿਹੀ ਅਵਾਜ਼ ਵਿੱਚ ਜਵਾਬ ਦਿੱਤਾ, ”ਉਹ ਮੈਨੂੰ ਨਹੀਂ ਜਾਣਦੇ।”
ਸਮਾਣੇ ਮੇਰਾ ਇੱਕ ਦੋਸਤ ਕਈ ਸ਼ੈਲਰਾਂ ਦਾ ਮਾਲਕ ਹੈ ਜਿਸ ਦਾ ਨਾਮ ਡੀ.ਕੇ. ਹੈ। ਮੈਂ ਉਸ ਨੂੰ ਪੁੱਛਿਆ ਕਿ ਡੀ.ਕੇ. ਦਾ ਕੀ ਮਤਲਬ ਹੋਇਆ। ਉਸ ਨੇ ਦੱਸਿਆ ਕਿ ਉਸ ਦਾ ਪੂਰਾ ਨਾਮ ਦਰਸ਼ਨ ਕੁਮਾਰ ਗੋਇਲ ਹੈ ਤੇ ਉਹ ਬਹੁਤ ਗਰੀਬ ਘਰ ਵਿੱਚ ਪੈਦਾ ਹੋਇਆ ਸੀ। ਘਰ ਦੀ ਕਬੀਲਦਾਰੀ ਕਾਰਨ ਉਹ ਦਸਵੀਂ ਦੀ ਪੜ੍ਹਾਈ ਵਿੱਚੇ ਛੱਡ ਕੇ ਸਬਜ਼ੀ ਮੰਡੀ ਵਿੱਚ ਦਲਾਲੀ ਕਰਨ ਲੱਗ ਪਿਆ ਤੇ ਲੋਕਾਂ ਨੇ ਉਸ ਦਾ ਨਾਮ ਦਰਸ਼ੂ ਪਾ ਦਿੱਤਾ। ਕੁਝ ਸਾਲਾਂ ਬਾਅਦ ਜਦੋਂ ਉਸ ਨੇ ਸਬਜ਼ੀ ਮੰਡੀ ਵਿੱਚ ਆਪਣੀ ਆੜ੍ਹਤ ਪਾ ਲਈ ਤਾਂ ਲੋਕ ਉਸ ਨੂੰ ਦਰਸ਼ਨ ਕਹਿਣ ਲੱਗ ਪਏ। ਰੱਬ ਦੀ ਕ੍ਰਿਪਾ ਐਸੀ ਹੋਈ ਉਸ ਨੇ ਇੱਕ ਸ਼ੈਲਰ ਖਰੀਦ ਲਿਆ ਤੇ ਫਿਰ ਸ਼ੈਲਰ ਇੱਕ ਤੋਂ ਦੋ ਅਤੇ ਦੋ ਤੋਂ ਚਾਰ ਹੋ ਗਏ। ਹੁਣ ਉਸ ਦਾ ਨਾਮ ਵੱਡੇ ਲੋਕਾਂ ਵਾਲਾ ਡੀ.ਕੇ. ਗੋਇਲ ਹੋ ਗਿਆ ਹੈ।
ਇੱਕ ਬਦਤਮੀਜ਼ ਜਿਹੀ ਕਿਸਮ ਦਾ ਬੰਦਾ ਕਿਸੇ ਬੈਂਕ ਵਿੱਚ ਗਿਆ ਤੇ ਇੱਕ ਕਲਰਕ ਨੂੰ ਬੋਲਿਆ, ”ਉਏ ਬਾਊ, ਇਥੇ ਅਕਾਊਂਟ ਕੌਣ ਖੋਲ੍ਹਦਾ ਹੈ?” ਬੰਦੇ ਦੇ ਭੈੜੇ ਜਿਹੇ ਕੱਪੜੇ ਤੇ ਬੋਲਣ ਦਾ ਲਹਿਜ਼ਾ ਵੇਖ ਕੇ ਕਲਰਕ ਉਸ ਨੂੰ ਟੁੱਟ ਕੇ ਪਿਆ, ”ਉਏ ਤੈਨੂੰ ਬੋਲਣ ਦੀ ਤਮੀਜ਼ ਨਹੀਂ? ਪਹਿਲਾਂ ਬੋਲਣਾ ਸਿੱਖ ਕੇ ਆ, ਫਿਰ ਅਕਾਊਂਟ ਖੁਲਵਾਈਂ।” ਬੰਦਾ ਫਿਰ ਗਰਜ਼ਿਆ, ”ਤਮੀਜ਼ ਨੂੰ ਮਾਰ ਗੋਲੀ। ਤੂੰ ਇਹ ਦੱਸ ਕਿ ਅਕਾਊਂਟ ਕੌਣ ਖੋਲ੍ਹਦਾ ਇਥੇ?” ਕਲਰਕ ਕੇ ਮੈਨੇਜਰ ਨੂੰ ਸ਼ਿਕਾਇਤ ਕਰ ਦਿੱਤੀ। ਮੈਨੇਜਰ ਆਪਣੀ ਟਾਈ ਠੀਕ ਕਰਦਾ ਹੋਇਆ ਬੰਦੇ ‘ਤੇ ਪਿਲ ਪਿਆ, ”ਇਹ ਕੀ ਬਦਤਮੀਜ਼ੀ ਕਰ ਰਿਹਾ ਹੈਂ? ਸਵੇਰੇ ਸਵੇਰ ਦੇਸੀ ਤਾਂ ਨਹੀਂ ਪੀ ਲਈ ਕਿਤੋਂ?” ”ਉਏ ਮੈਂਜਰਾ, ਬਦਤਮੀਜ਼ੀ ਦੀ ਐਸੀ ਦੀ ਤੈਸੀ। ਮੇਰੀ ਸੌ ਕਰੋੜ ਦੀ ਲਾਟਰੀ ਨਿਕਲੀ ਆ। ਦੱਸ ਅਕਾਊਂਟ ਖੋਲ੍ਹਣਾ ਕਿ ਮੈਂ ਕਿਸੇ ਹੋਰ ਬੈਂਕ ਵਿੱਚ ਜਾਵਾਂ?” ਬੰਦਾ ਸੌ ਕਰੋੜ ਦਾ ਚੈੱਕ ਮੈਨੇਜਰ ਦੀਆਂ ਅੱਖਾਂ ਅੱਗੇ ਲਹਿਰਾਉਂਦਾ ਹੋਇਆ ਬੋਲਿਆ।
ਐਨੀ ਮੋਟੀ ਅਸਾਮੀ ਹੱਥੋਂ ਨਿਕਲਦੀ ਵੇਖ ਕੇ ਮੈਨੇਜਰ ਨੂੰ ਗਸ਼ ਪੈਣ ਵਾਲੀ ਹੋ ਗਈ। ਬੰਦੇ ਦੀ ਕਿਸੇ ਹੋਰ ਬੈਂਕ ਵਿੱਚ ਜਾਣ ਦੀ ਗੱਲ ਸੁਣ ਕੇ ਉਸ ਨੂੰ ਆਪਣੀ ਕੁਰਸੀ ਖਿਸਕਦੀ ਹੋਈ ਜਾਪੀ ਤੇ ਸਰਦੀਆਂ ਵਿੱਚ ਵੀ ਪਸੀਨਾ ਆ ਗਿਆ, ”ਸਰ ਜੀ ਤੁਸੀਂ ਵੀ ਕਿਸ ਬੇਵਕੂਫ ਕਲਰਕ ਦੇ ਮੂੰਹ ਲੱਗ ਰਹੇ ਉ। ਮੈਂ ਇਥੇ ਕੀ ਝਾੜੂ ਮਾਰਨ ਨੂੰ ਬੈਠਾ ਆਂ? ਤੁਸੀਂ ਮਾਲਕੋ ਮੇਰੇ ਦਫਤਰ ਵਿੱਚ ਬੈਠੋ। ਹੁਣੇ ਦੋ ਮਿੰਟ ਵਿੱਚ ਸਾਰਾ ਕੰਮ ਕਰ ਦਿੰਦੇ ਹਾਂ।” ਫਿਰ ਕਲਰਕ ਵੱਲ ਡੇਲੇ ਕੱਢਦਾ ਹੋਇਆ ਬੋਲਿਆ, ”ਬੇਵਕੂਫ ਆਦਮੀ, ਤੈਨੂੰ ਬੰਦੇ ਕੁਬੰਦੇ ਦੀ ਪਹਿਚਾਣ ਨਹੀਂ ਆਂ? ਚੱਲ ਸਰ ਵਾਸਤੇ ਪਹਿਲਾਂ ਪਾਣੀ ਭੇਜ ਤੇ ਫਿਰ ਚਾਹ ਦਾ ਕੱਪ ਲੈ ਕੇ ਆ, ਨਾਲੇ ਦੋ ਸਮੋਸੇ ਸਿੰਧੀ ਸਵੀਟਸ ਤੋਂ ਮਿੱਠੀ ਚਟਨੀ ਤੇ ਛੋਲਿਆਂ ਨਾਲ।”