ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਪੰਜਾਬੀ ਨੌਜਵਾਨ ਦਾ ਮ੍ਰਿਤਕ ਸਰੀਰ ਇੰਡੀਆ ਭੇਜਣ ਵਾਸਤੇ ਮਾਇਆ ਇਕੱਤਰ

NZ PIC 10 Aug-1 aਔਕਲੈਂਡ-10 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਇਥੇ ਦੇ ਸ਼ਹਿਰ ਪਾਪਾਟੋਏਟੋਏ ਵਿਖੇ ਬੀਤੇ ਦਿਨੀਂ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਦਵਿੰਦਰ ਸਿੰਘ ਦੇ ਮ੍ਰਿਤਕ ਸਰੀਰ ਨੂੰ ਇੰਡੀਆ ਭੇਜਣ ਵਾਸਤੇ ਮਾਇਆ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਵਿਖੇ ਮਾਇਆ ਇਕੱਤਰ ਕੀਤੀ ਗਈ। ਸੰਗਤਾਂ ਨੇ ਖੁੱਲ੍ਹ ਦਿਲੀ ਨਾਲ ਹਿੱਸਾ ਪਾਉਂਦਿਆਂ ਕ੍ਰਮਵਾਰ 2000 ਅਤੇ 500 ਡਾਲਰ ਦੀ ਮਾਇਕ ਸਹਾਇਤਾ ਇਕੱਠੀ ਕਰ ਦਿੱਤੀ। ਸ਼ਹਿਰ ਪਦਮਪੁਰ (ਸ੍ਰੀ ਗੰਗਾਨਗਰ ਰਾਜਸਥਾਨ) ਦੇ ਨਾਲ ਸਬੰਧਿਤ ਇਸ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਸੁਸਾਇਟੀ ਦੇ ਨਾਲ ਤਾਲਮੇਲ ਕਾਇਮ ਕੀਤਾ ਹੋਇਆ ਹੈ। ਮ੍ਰਿਤਕ ਸਰੀਰ ਹੁਣ ਫਿਊਨਰਲ ਸੈਂਟਰ ਵਿਖੇ ਸਾਂਭ-ਸੰਭਾਲ ਵਾਸਤੇ ਰੱਖਿਆ ਗਿਆ ਹੈ। ਸ. ਦਲਜੀਤ ਸਿੰਘ ਨੇ ਅੱਜ ਹਫਤਾਵਾਰੀ ਦੀਵਾਨ ਦੀ ਸਮਾਪਤੀ ਉਤੇ ਬੋਲਦਿਆਂ ਆਖਿਆ ਕਿ ਮ੍ਰਿਤਕ ਦਵਿੰਦਰ ਸਿੰਘ ਦੇ ਸਰੀਰ ਨੂੰ ਕਾਗਜ਼ ਪੱਤਰ ਪੂਰੇ ਹੁੰਦਿਆਂ ਅਗਲੇ ਹਫਤੇ ਹੀ ਭਾਰਤ ਭੇਜਿਆ ਜਾਵੇਗਾ। ਉਨ੍ਹਾਂ ਸਮੂਹ ਸੰਗਤਾਂ ਵੱਲੋਂ ਹਰ ਸਮੇਂ ਦਿੱਤੇ ਜਾ ਰਹੇ ਸਹਿਯੋਗ ਲਈ ਸੁਸਾਇਟੀ ਦੀ ਤਰਫੋਂ ਬਹੁਤ ਬਹੁਤ ਧੰਨਵਾਦ ਕੀਤਾ।